Punjab News: ਸਾਬਕਾ ਡਿਪਟੀ ਸੀਐਮ ਸੁਖਬੀਰ ਬਾਦਲ 'ਤੇ ਹਮਲੇ ਦੀਆਂ ਪਰਤਾਂ ਸਾਹਮਣੇ ਆਉਣ ਲੱਗੀਆਂ ਹਨ। ਬੇਸ਼ੱਕ ਅਸਲ ਸੱਚਾਈ ਜਾਂਚ ਮੁਕੰਮਲ ਹੋਣ ਹੀ ਪਤਾ ਲੱਗੇਗੀ ਪਰ ਮੁੱਢਲੀ ਜਾਣਕਾਰੀ ਵਿੱਚ ਕਈ ਖੁਲਾਸੇ ਹੋਏ ਹਨ। ਸੁਖਬੀਰ ਬਾਦਲ ਉਪਰ ਗੋਲੀ ਚਲਾਉਣ ਵਾਲੇ ਖਾਲਿਸਤਾਨੀ ਨਰਾਇਣ ਸਿੰਘ ਚੌੜਾ ਨੇ ਪੂਰੀ ਯੋਜਨਾਬੰਦੀ ਨਾਲ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ। ਉਹ ਪਿਛਲੇ 3 ਦਿਨਾਂ ਤੋਂ ਹਰਿਮੰਦਰ ਸਾਹਿਬ ਆ ਰਿਹਾ ਸੀ। ਹਮਲੇ ਤੋਂ ਬਾਅਦ ਪੁਲਿਸ ਨੇ ਹਰਿਮੰਦਰ ਸਾਹਿਬ ਵਿੱਚ ਲੱਗੇ ਸੀਸੀਟੀਵੀ ਦੀ ਜਾਂਚ ਕੀਤੀ ਤੇ ਉੱਥੇ ਤਾਇਨਾਤ ਸੇਵਾਦਾਰਾਂ ਨਾਲ ਵੀ ਗੱਲਬਾਤ ਕੀਤੀ।
ਘਟਨਾ ਮਗਰੋਂ ਸਾਹਮਣੇ ਆਈ ਸੀਸੀਟੀਵੀ ਫੁਟੇਜ਼ ਵਿੱਚ ਖਾਲਿਸਤਾਨੀ ਨਰਾਇਣ ਸਿੰਘ ਚੌੜਾ ਨੂੰ ਹਰਿਮੰਦਰ ਸਾਹਿਬ ਕੰਪਲੈਕਸ 'ਚ ਘੁੰਮਦੇ ਦੇਖਿਆ ਗਿਆ। ਹਾਲਾਂਕਿ ਇਹ ਪਤਾ ਨਹੀਂ ਲੱਗ ਸਕਿਆ ਕਿ ਉਸ ਸਮੇਂ ਉਸ ਕੋਲ ਹਥਿਆਰ ਸੀ ਜਾਂ ਨਹੀਂ। ਚੌੜਾ ਦੀ ਗ੍ਰਿਫਤਾਰੀ ਤੋਂ ਬਾਅਦ ਵੀ ਕੁਝ ਵੀਡੀਓ ਸਾਹਮਣੇ ਆਏ ਹਨ, ਜਿਸ 'ਚ ਉਹ ਫਾਇਰਿੰਗ ਮਗਰੋਂ ਮੁਸਕਰਾਉਂਦਾ ਨਜ਼ਰ ਆ ਰਿਹਾ ਹੈ। ਇਸ ਤੋਂ ਸਾਫ਼ ਹੈ ਕਿ ਉਸ ਨੂੰ ਨਾ ਤਾਂ ਫੜੇ ਜਾਣ ਦਾ ਡਰ ਸੀ ਤੇ ਨਾ ਹੀ ਇਸ ਘਟਨਾ ਦਾ ਉਸ ਨੂੰ ਕੋਈ ਪਛਤਾਵਾ ਸੀ।
ਖਾਸ ਗੱਲ ਇਹ ਹੈ ਕਿ ਚੌੜਾ ਨੇ ਪਾਕਿਸਤਾਨ 'ਚ ਹਥਿਆਰਾਂ ਦੀ ਸਿਖਲਾਈ ਲਈ ਸੀ। ਉਸ ਨੇ ਬੰਬ ਬਣਾਉਣ ਤੋਂ ਲੈ ਕੇ ਵਿਦੇਸ਼ੀ ਹਥਿਆਰ ਚਲਾਉਣ ਤੱਕ ਹਰ ਚੀਜ਼ ਦੀ ਸਿਖਲਾਈ ਲਈ ਹੈ। ਇਸ ਦੇ ਬਾਵਜੂਦ ਹਰਿਮੰਦਰ ਸਾਹਿਬ ਵਿਖੇ ਉਸ ਨੇ ਬੜੇ ਅਨਾੜੀ ਢੰਗ ਨਾਲ ਫਾਇਰਿੰਗ ਕੀਤੀ। ਇਸ ਕਾਰਨ ਹੀ ਸੁਖਬੀਰ ਬਾਦਲ ਨੂੰ ਮਾਰਨ ਦੀ ਉਸ ਦੀ ਯੋਜਨਾ ਅਸਫਲ ਹੋ ਗਈ।
ਦੱਸ ਦਈਏ ਕਿ ਬੁੱਧਵਾਰ ਨੂੰ ਚੌੜਾ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਗੇਟ 'ਤੇ ਅਕਾਲ ਤਖ਼ਤ ਵੱਲੋਂ ਦਿੱਤੀ ਸੇਵਾਦਾਰ ਦੀ ਸਜ਼ਾ ਭੁਗਤ ਰਹੇ ਸੁਖਬੀਰ ਬਾਦਲ ਦਾ ਕਤਲ ਕਰਨ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਸੁਖਬੀਰ ਦੀ ਸੁਰੱਖਿਆ ਲਈ ਤਾਇਨਾਤ ਏਐਸਆਈ ਜਸਬੀਰ ਸਿੰਘ ਨੇ ਉਸ ਨੂੰ ਦੇਖ ਲਿਆ ਤੇ ਪਿਸਤੌਲ ਉੱਪਰ ਵੱਲ ਮੋੜ ਦਿੱਤੀ ਜਿਸ ਨਾਲ ਸੁਖਬੀਰ ਦੀ ਜਾਨ ਬਚ ਗਈ।
ਮੁੱਢਲੀ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਨਰਾਇਣ ਚੌੜਾ ਸਵੇਰੇ 9.11 ਵਜੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਇਆ। ਉਹ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਤੋਂ ਸ਼੍ਰੀ ਹਰਿਮੰਦਰ ਸਾਹਿਬ ਵਿੱਚ ਦਾਖ਼ਲ ਹੋਇਆ। ਪਹਿਲਾਂ ਉਹ ਸੁਖਬੀਰ ਬਾਦਲ ਕੋਲ ਨਹੀਂ ਗਿਆ ਜੋ ਸੇਵਾਦਾਰ ਦੀ ਡਿਉਟੀ ਕਰ ਰਹੇ ਸੀ। ਚੌੜਾ ਨੇ ਪਹਿਲਾਂ ਹਰਿਮੰਦਰ ਸਾਹਿਬ ਦੇ ਅੰਦਰ ਜਾ ਕੇ ਰੇਕੀ ਕੀਤੀ ਤੇ ਸਹੀ ਜਗ੍ਹਾ ਲੱਭੀ ਜਿੱਥੋਂ ਉਹ ਘਟਨਾ ਨੂੰ ਅੰਜਾਮ ਦੇ ਸਕੇ। ਸਵੇਰੇ 9.13 ਵਜੇ ਚੌੜਾ ਪਰਿਕਰਮਾ ਵਿੱਚ ਬਾਬਾ ਬੁੱਢਾ ਬੇਰ ਨੇੜੇ ਨਜ਼ਰ ਆਇਆ। ਇਸ ਤੋਂ ਬਾਅਦ ਉਹ ਦਰਸ਼ਨੀ ਡਿਉਢੀ ਤੋਂ ਹੇਠਾਂ ਪੌੜੀਆਂ ਚੜ੍ਹਦੇ ਹੋਏ ਸੀਸੀਟੀਵੀ ਵਿੱਚ ਕੈਦ ਹੋਇਆ। ਸਵੇਰੇ 9.26 ਵਜੇ ਉਸ ਨੇ ਸੁਖਬੀਰ ਬਾਦਲ 'ਤੇ ਫਾਇਰਿੰਗ ਕਰ ਦਿੱਤੀ।
ਦੱਸ ਦਈਏ ਕਿ ਨਰਾਇਣ ਸਿੰਘ ਚੌੜਾ ਦਾ ਫੋਨ ਫਿਲਹਾਲ ਪੁਲਿਸ ਦੇ ਕਬਜ਼ੇ 'ਚ ਹੈ ਪਰ ਜਦੋਂ ਉਹ ਸਵੇਰੇ 9.11 ਵਜੇ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ 'ਚ ਆਇਆ ਤਾਂ ਉਹ ਲਗਾਤਾਰ ਕਿਸੇ ਨਾਲ ਫ਼ੋਨ 'ਤੇ ਗੱਲ ਕਰ ਰਿਹਾ ਸੀ। ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਉਸ ਨੂੰ ਦੇਸ਼-ਵਿਦੇਸ਼ 'ਚ ਬੈਠੇ ਖਾਲਿਸਤਾਨ ਪੱਖੀ ਲੀਡਰਾਂ ਤੋਂ ਨਿਰਦੇਸ਼ ਮਿਲ ਰਹੇ ਸਨ। ਫਿਲਹਾਲ ਉਸ ਦੇ ਫੋਨ ਦੀ ਫੋਰੈਂਸਿਕ ਜਾਂਚ ਚੱਲ ਰਹੀ ਹੈ।
ਇਹ ਵੀ ਪਤਾ ਲੱਗਾ ਹੈ ਕਿ ਸੁਖਬੀਰ ਬਾਦਲ ਨੂੰ 2 ਦਸੰਬਰ ਨੂੰ ਸਜ਼ਾ ਸੁਣਾਈ ਗਈ ਸੀ ਤੇ ਅਗਲੇ ਹੀ ਦਿਨ 3 ਦਸੰਬਰ ਨੂੰ ਚੌੜਾ ਸ਼੍ਰੀ ਹਰਿਮੰਦਰ ਸਾਹਿਬ ਆਇਆ ਸੀ। ਪੁਲਿਸ ਅਧਿਕਾਰੀਆਂ ਨੇ ਇਹ ਵੀ ਮੰਨਿਆ ਹੈ ਕਿ ਚੌੜਾ ਦੇ ਇਨ੍ਹੀਂ ਦਿਨੀਂ ਰੋਜ਼ਾਨਾ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਦੀ ਸੂਚਨਾ ਮਿਲੀ ਸੀ। ਇਸ ਕਾਰਨ ਉਹ ਚੌਕਸ ਸਨ ਤੇ ਇਸ ਤੱਥ ਦੀ ਵੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।
ਉਧਰ, ਪਤਾ ਲੱਗਾ ਹੈ ਕਿ ਨਰਾਇਣ ਸਿੰਘ ਚੌੜਾ ਸ਼ਾਮ ਕਰੀਬ 6.15 ਵਜੇ ਘਰੋਂ ਨਿਕਲਿਆ ਸੀ। ਇਹ ਜਾਣਕਾਰੀ ਉਸ ਦੀ ਪਤਨੀ ਜਸਮੀਤ ਕੌਰ ਨੇ ਸਾਂਝੀ ਕੀਤੀ ਹੈ। ਡੇਰਾ ਬਾਬਾ ਨਾਨਕ ਤੋਂ ਅੰਮ੍ਰਿਤਸਰ ਪਹੁੰਚਣ ਲਈ ਇੱਕ ਤੋਂ ਡੇਢ ਘੰਟੇ ਦਾ ਸਮਾਂ ਲੱਗਦਾ ਹੈ। ਉਹ 9.11 ਵਜੇ ਹਰਿਮੰਦਰ ਸਾਹਿਬ ਵਿੱਚ ਦਾਖਲ ਹੋਇਆ। ਜਾਂਚ ਦਾ ਵਿਸ਼ਾ ਇਹ ਹੈ ਕਿ ਉਹ ਡੇਢ ਘੰਟਾ ਕਿੱਥੇ ਰਿਹਾ ਤੇ ਕਿਸ ਨੂੰ ਮਿਲਿਆ।
ਅਜਿਹੇ 'ਚ ਇਹ ਵੀ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਉਹ ਕਿਸੇ ਤੋਂ ਜਾਂ ਆਪਣੇ ਟਿਕਾਣੇ ਤੋਂ ਹਥਿਆਰ ਲੈਣ ਗਿਆ ਸੀ। ਚੌੜਾ ਨੇ ਅਮਰੀਕਾ ਦੀ ਬਣੀ 9mm ਸਟਾਰ ਪਿਸਤੌਲ ਨਾਲ ਸੁਖਬੀਰ ਬਾਦਲ 'ਤੇ ਫਾਇਰਿੰਗ ਕੀਤੀ। ਇਹ ਇੱਕ ਗੈਰ-ਲਾਇਸੈਂਸੀ ਪਿਸਤੌਲ ਹੈ। ਸ਼ੁਰੂਆਤੀ ਜਾਂਚ ਤੋਂ ਪਤਾ ਚੱਲ ਰਿਹਾ ਹੈ ਕਿ ਇਹ ਪਿਸਤੌਲ ਸਰਹੱਦ ਪਾਰ ਤੋਂ ਚੌੜਾ ਤੱਕ ਆਇਆ ਸੀ। ਪੁਲਿਸ ਨੇ ਇਸ ਨੂੰ ਕਬਜ਼ੇ ਵਿੱਚ ਲੈ ਲਿਆ ਹੈ।
ਹਾਸਲ ਜਾਣਕਾਰੀ ਮੁਤਾਬਕ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਦੇ ਪਿੰਡ ਚੌੜਾ ਦਾ ਰਹਿਣ ਵਾਲਾ ਨਰਾਇਣ ਸਿੰਘ ਚੌੜਾ ਖਾਲਿਸਤਾਨੀ ਐਕਟੀਵਿਸਟ ਰਿਹਾ ਹੈ। ਇਸ ਸਮੇਂ ਵੀ ਉਹ ਖਾਲਿਸਤਾਨ ਦੀ ਮੰਗ ਦਾ ਸਮਰਥਕ ਹੈ, ਭਾਵ ਭਾਰਤ ਤੋਂ ਸਿੱਖਾਂ ਲਈ ਵੱਖਰੇ ਦੇਸ਼ ਦੀ ਲੜਾਈ ਵਿੱਚ ਸਰਗਰਮ ਹੈ। ਅਜਿਹੇ 'ਚ ਜਾਂਚ ਕੀਤੀ ਜਾ ਰਹੀ ਹੈ ਕਿ ਉਸ ਨੇ ਇਹ ਕਦਮ ਕਿਉਂ ਚੁੱਕਿਆ? ਕੀ ਇਸ ਪਿੱਛੇ ਕੋਈ ਵਿਦੇਸ਼ੀ ਏਜੰਸੀ ਜਾਂ ਖਾਲਿਸਤਾਨੀ ਸੰਗਠਨ ਹੈ?
ਇਸ ਤੋਂ ਇਲਾਵਾ ਸੁਖਬੀਰ ਬਾਦਲ ਅਕਾਲੀ ਦਲ ਦਾ ਮੁਖੀ ਰਹੇ ਹਨ। ਹਾਲਾਂਕਿ ਉਨ੍ਹਾਂ ਨੇ ਅਸਤੀਫਾ ਦੇ ਦਿੱਤਾ ਹੈ ਪਰ ਅਜੇ ਸਵੀਕਾਰ ਨਹੀਂ ਹੋਇਆ। ਦੋ ਦਿਨ ਪਹਿਲਾਂ ਹੀ ਉਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਆਪਣੀਆਂ ਗਲਤੀਆਂ ਦਾ ਇਕਬਾਲ ਵੀ ਕੀਤਾ ਸੀ। ਇਸ ਲਈ ਜਾਂਚ ਦਾ ਇਹ ਵੀ ਵਿਸ਼ਾ ਹੈ ਕਿ ਕੀ ਉਨ੍ਹਾਂ ਨੂੰ ਕਿਸੇ ਸਿਆਸੀ ਦੁਸ਼ਮਣੀ ਕਾਰਨ ਨਿਸ਼ਾਨਾ ਬਣਾਇਆ ਗਿਆ? ਇਸ ਤੋਂ ਇਲਾਵਾ ਪੁਲਿਸ ਹਮਦਰਦੀ ਦੇ ਕੋਣ ਤੋਂ ਵੀ ਜਾਂਚ ਕਰ ਰਹੀ ਹੈ। ਹਮਦਰਦੀ ਦਾ ਇਹ ਕੋਣ ਨਰਾਇਣ ਚੌੜਾ ਤੇ ਸੁਖਬੀਰ ਬਾਦਲ ਦੋਵਾਂ ਵੱਲ ਹੀ ਘੁੰਮਦਾ ਹੈ। ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਨਰਾਇਣ ਚੌੜਾ ਨੇ ਵਿਦੇਸ਼ੀ ਫੰਡਿੰਗ ਲਈ ਅਜਿਹਾ ਕੀਤਾ ਜਾਂ ਫਿਰ ਸਿਆਸੀ ਤੌਰ 'ਤੇ ਹਾਸ਼ੀਏ 'ਤੇ ਸੁਖਬੀਰ ਬਾਦਲ ਲਈ ਹਮਦਰਦੀ ਦਾ ਕੋਈ ਕੁਨੈਕਸ਼ਨ ਹੈ।