Bikram Singh Majithia News: ਪੰਜਾਬ ਵਿਜੀਲੈਂਸ ਬਿਊਰੋ ਨੇ ਆਮਦਨ ਤੋਂ ਵੱਧ ਜਾਇਦਾਦ ਮਾਮਲੇ 'ਚ ਗ੍ਰਿਫ਼ਤਾਰ ਕੀਤੇ ਗਏ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ 'ਤੇ ਸ਼ਿਕੰਜਾ ਕੱਸ ਦਿੱਤਾ ਹੈ। ਹੁਣ ਤੱਕ ਉਨ੍ਹਾਂ ਦੇ ਖਿਲਾਫ ਪੰਜਾਬ ਦੇ ਸਾਬਕਾ ਡੀਜੀਪੀ ਸਿੱਧਾਰਥ ਚਟੋਪਾਧਿਆਏ ਤੋਂ ਲੈ ਕੇ ਸਾਬਕਾ ਪੀਏ ਤਲਬੀਰ ਸਿੰਘ ਗਿਲ ਤੱਕ ਆਪਣੇ ਬਿਆਨ ਵਿਜੀਲੈਂਸ ਅੱਗੇ ਦਰਜ ਕਰਵਾ ਚੁੱਕੇ ਹਨ।
ਅੱਜ ਵਿਜੀਲੈਂਸ ਮਜੀਠੀਆ ਨੂੰ ਪੰਜਾਬ ਅਤੇ ਹਿਮਾਚਲ ਦੇ ਕਈ ਟਿਕਾਣਿਆਂ 'ਤੇ ਲੈ ਕੇ ਜਾਵੇਗੀ। ਇਸ ਲਈ ਟੀਮ ਕਈ ਗੱਡੀਆਂ ਦੇ ਕਾਫਲੇ 'ਚ ਰਵਾਨਾ ਹੋ ਚੁੱਕਿਆ ਹੈ। ਵਿਜੀਲੈਂਸ ਦਾ ਦਾਅਵਾ ਹੈ ਕਿ ਗਵਾਹਾਂ ਦੇ ਬਿਆਨਾਂ ਰਾਹੀਂ ਕਈ ਅਹਿਮ ਜਾਣਕਾਰੀਆਂ ਮਿਲੀਆਂ ਹਨ, ਜੋ ਕਿ ਇਸ ਕੇਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਸਕਦੀਆਂ ਹਨ। ਅੱਜ ਉਨ੍ਹਾਂ ਨੂੰ ਵੱਖ-ਵੱਖ ਥਾਵਾਂ 'ਤੇ ਲੈ ਜਾ ਕੇ ਤਸਦੀਕ ਕਰਵਾਈ ਜਾਵੇਗੀ। ਜ਼ਿਕਰਯੋਗ ਹੈ ਕਿ ਰਿਮਾਂਡ ਖਤਮ ਹੋਣ ਤੋਂ ਪਹਿਲਾਂ ਵਿਜੀਲੈਂਸ ਵੱਧ ਤੋਂ ਵੱਧ ਸਬੂਤ ਇਕੱਠਾ ਕਰਨਾ ਚਾਹੁੰਦੀ ਹੈ। ਮਾਮਲੇ ਦੀ ਅਗਲੀ ਸੁਣਵਾਈ 2 ਜੁਲਾਈ ਨੂੰ ਹੋਵੇਗੀ।
ਵਿਜੀਲੈਂਸ ਵੱਲੋਂ ਹੁਣ ਤੱਕ ਜੋ ਚਾਰ ਲੋਕਾਂ ਦੇ ਬਿਆਨ ਦਰਜ ਕੀਤੇ ਗਏ ਹਨ
ਸਾਬਕਾ ਡੀਜੀਪੀ ਸਿੱਧਾਰਥ ਚੱਟੋਪਾਧਿਆਏ ਉਹ ਅਧਿਕਾਰੀ ਹਨ, ਜਿਨ੍ਹਾਂ ਦੇ ਕਾਰਜਕਾਲ ਦੌਰਾਨ 2021 ਵਿੱਚ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਕਾਂਗਰਸ ਸਰਕਾਰ ਦੇ ਸਮੇਂ ਮਜੀਠੀਆ ਖ਼ਿਲਾਫ਼ ਐਨ.ਡੀ.ਪੀ.ਐਸ. ਕੇਸ ਦਰਜ ਕੀਤਾ ਗਿਆ ਸੀ। ਇਹ ਕੇਸ ਉਨ੍ਹਾਂ ਦੀ ਸਿੱਧੀ ਨਿਗਰਾਨੀ ਹੇਠ ਦਰਜ ਹੋਇਆ ਸੀ।
ਉਨ੍ਹਾਂ ਨੇ ਸਾਫ਼ ਕਿਹਾ ਕਿ ਜੋ ਕੇਸ ਉਨ੍ਹਾਂ ਨੇ ਉਸ ਵੇਲੇ ਦਰਜ ਕੀਤਾ ਸੀ, ਉਹ ਇਨਫੋਰਸਮੈਂਟ ਡਾਇਰੈਕਟੋਰੇਟ (ED) ਦੀ ਜਾਂਚ ਦੇ ਆਧਾਰ 'ਤੇ ਸੀ। ਹੁਣ ਜੋ ਕੇਸ ਵਿਜੀਲੈਂਸ ਵੱਲੋਂ 2024 ਵਿੱਚ ਦਰਜ ਕੀਤਾ ਗਿਆ ਹੈ, ਉਹ ਵੀ ਤੱਤਾਂ ਤੇ ਆਧਾਰਤ ਹੈ। ਉਸ ਵੇਲੇ ਵੀ ਸਬੂਤ ਸਨ, ਤੇ ਇਸ ਵਾਰੀ ਵੀ ਸਬੂਤ ਹਨ।
ਨਿਰੰਜਨ ਸਿੰਘ, ਜੋ ਕਿ ਈ.ਡੀ. ਦੇ ਸਾਬਕਾ ਡਿਪਟੀ ਡਾਇਰੈਕਟਰ ਰਹੇ ਹਨ, ਉਨ੍ਹਾਂ ਨੇ ਪੰਜਾਬ ਪੁਲਿਸ ਵੱਲੋਂ 6000 ਕਰੋੜ ਦੀ ਡਰੱਗ ਤਸਕਰੀ ਮਾਮਲੇ ਤੋਂ ਬਾਅਦ ਮਨੀ ਲਾਂਡਰਿੰਗ ਦਾ ਕੇਸ ਦਰਜ ਕੀਤਾ ਸੀ। ਉਨ੍ਹਾਂ ਨੇ 2013 'ਚ ਜਾਂਚ ਸ਼ੁਰੂ ਕੀਤੀ ਸੀ ਅਤੇ ਭੋਲਾ ਸਮੇਤ 41 ਲੋਕਾਂ ਦੀ ਪੁੱਛਗਿੱਛ ਕੀਤੀ। ਉਨ੍ਹਾਂ ਦੱਸਿਆ ਕਿ ਭੋਲਾ ਨੇ ਉਨ੍ਹਾਂ ਦੇ ਸਾਹਮਣੇ ਮਜੀਠੀਆ ਦਾ ਨਾਮ ਲਿਆ ਸੀ। ਹਾਲਾਂਕਿ ਮਜੀਠੀਆ ਪੁੱਛਗਿੱਛ ਲਈ ਪੇਸ਼ ਨਹੀਂ ਹੋਏ ਸਨ। 2021 ਵਿੱਚ ਇਹੀ ਜਾਂਚ ਆਧਾਰ ਬਣੀ, ਜਿਸ ਤੋਂ ਬਾਅਦ ਮਜੀਠੀਆ 'ਤੇ NDPS ਐਕਟ ਅਧੀਨ ਕੇਸ ਦਰਜ ਹੋਇਆ। ਇਸ ਕੇਸ ਵਿੱਚ 17 ਲੋਕਾਂ ਨੂੰ ਸਜ਼ਾ ਹੋ ਚੁੱਕੀ ਹੈ।
ਬੋਨੀ ਅਜਨਾਲਾ ਵੀ ਮਜੀਠੀਆ ਦੇ ਨਜ਼ਦੀਕੀ ਰਹੇ ਹਨ, ਪਰ ਸਭ ਤੋਂ ਪਹਿਲਾਂ ਉਨ੍ਹਾਂ ਨੇ ਹੀ ਮਜੀਠੀਆ ਦੇ ਖ਼ਿਲਾਫ ਬਗਾਵਤ ਕੀਤੀ ਸੀ। ਅਜਨਾਲਾ ਨੇ ਕਿਹਾ, ਮੈਂ 2013 ’ਚ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਜੋ ਪੱਤਰ ਲਿਖਿਆ ਸੀ, ਉਸੇ ਬਾਰੇ ਅੱਜ ਵਿਜੀਲੈਂਸ ਨੂੰ ਦੱਸਿਆ ਹੈ। ਮੈਂ ਅਜੇ ਵੀ ਆਪਣੇ ਉਸ ਸਟੈਂਡ ਤੇ ਕਾਇਮ ਹਾਂ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਮਜੀਠੀਆ ਨੇ ਉਨ੍ਹਾਂ ਨੂੰ ਆਪਣੇ ਘਰ ਇਕ ਨਸ਼ਾ ਤਸਕਰ ਨਾਲ ਮਿਲਵਾਇਆ ਸੀ ਅਤੇ ਉਸ ਨੂੰ ਆਪਣਾ ਜਿਗਰੀ ਯਾਰ ਕਿਹਾ ਸੀ। ਬੋਨੀ ਅਜਨਾਲਾ 2013 ਤੋਂ ਲਗਾਤਾਰ ਇਸ ਮਾਮਲੇ 'ਚ ਆਵਾਜ਼ ਚੁੱਕ ਰਹੇ ਹਨ।
ਮਜੀਠੀਆ ਦੇ ਸਾਬਕਾ ਪੀਏ ਤਲਬੀਰ ਸਿੰਘ ਨੂੰ ਵੀ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ, ਕਿਉਂਕਿ ਉਹ ਮਜੀਠੀਆ ਦੇ ਦਫ਼ਤਰ ਨਾਲ ਜੁੜੀ ਹਰ ਚੀਜ਼ ਨੂੰ ਚੰਗੀ ਤਰ੍ਹਾਂ ਜਾਣਦਾ ਸੀ। ਤਲਬੀਰ ਨੇ ਵੀ ਆਪਣਾ ਬਿਆਨ ਦਰਜ ਕਰਵਾ ਦਿੱਤਾ ਹੈ। ਹੁਣ ਉਹ ਵੀ ਮਜੀਠੀਆ ਤੋਂ ਵੱਖ ਹੋ ਚੁੱਕਾ ਹੈ।
ਇਹ ਮਾਮਲਾ ਮਜੀਠੀਆ ਦੀ 540 ਕਰੋੜ ਦੀ ਜਾਇਦਾਦ ਨਾਲ ਜੁੜਿਆ ਹੋਇਆ ਹੈ। ਜਦੋਂ ਵਿਜੀਲੈਂਸ ਨੇ ਮਜੀਠੀਆ ਨੂੰ ਗ੍ਰਿਫ਼ਤਾਰ ਕੀਤਾ ਸੀ, ਤਾਂ ਉਸ ਵੇਲੇ ਉਨ੍ਹਾਂ ਨਾਲ ਜੁੜੀਆਂ 26 ਥਾਵਾਂ 'ਤੇ ਛਾਪੇਮਾਰੀ ਕੀਤੀਆਂ ਗਈਆਂ। ਇਸ ਦੌਰਾਨ ਮਜੀਠੀਆ ਦੇ ਘਰੋਂ 29 ਮੋਬਾਈਲ ਫੋਨ, 5 ਲੈਪਟਾਪ, 3 ਆਈਪੈਡ, 2 ਡੈਸਕਟਾਪ, 8 ਡਾਇਰੀਆਂ ਅਤੇ ਹੋਰ ਦਸਤਾਵੇਜ਼ ਜ਼ਬਤ ਕੀਤੇ ਗਏ।
ਵਿਜੀਲੈਂਸ ਅਨੁਸਾਰ, ਮਜੀਠੀਆ ਨੇ ਗੈਰਕਾਨੂੰਨੀ ਢੰਗ ਨਾਲ 540 ਕਰੋੜ ਦੀ ਜਾਇਦਾਦ ਬਣਾਈ। ਉਨ੍ਹਾਂ ਦੀ ਨਿਗਰਾਨੀ ਹੇਠ ਕੰਪਨੀਆਂ ਦੇ ਬੈਂਕ ਖਾਤਿਆਂ 'ਚ 161 ਕਰੋੜ ਰੁਪਏ ਦੀ ਬੇਹਿਸਾਬ ਨਕਦੀ ਜਮ੍ਹਾਂ ਹੋਈ। ਉੱਥੇ ਹੀ ਵਿਦੇਸ਼ੀ ਸੰਸਥਾਵਾਂ ਰਾਹੀਂ 141 ਕਰੋੜ ਰੁਪਏ ਦੀ ਲੈਣ-ਦੇਣ ਹੋਇਆ। ਕੰਪਨੀ ਦੇ ਵਿੱਤੀ ਵੇਰਵਿਆਂ ਵਿੱਚ 236 ਕਰੋੜ ਰੁਪਏ ਦੀ ਰਕਮ ਬਿਨਾਂ ਕਿਸੇ ਜਾਣਕਾਰੀ ਜਾਂ ਵਜਾਹ ਦੇ ਦਰਜ ਕੀਤੀ ਗਈ।