Punjab News: ਲੁਧਿਆਣਾ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ, ਦੇਰ ਰਾਤ ਕਰੀਬ 11:45 'ਤੇ ਇੱਥੇ ਪੁਲਿਸ ਅਤੇ ਬਦਮਾਸ਼ਾਂ ਵਿਚਕਾਰ ਮੁਕਾਬਲਾ ਹੋਇਆ। ਇਸ ਦੌਰਾਨ ਕਿਡਨੈਂਪਰ ਦੇ ਪੱਟ ਵਿੱਚ ਗੋਲੀ ਲੱਗੀ। ਅਪਰਾਧੀ ਧਨਾਸੂ ਸਾਈਕਲ ਵੈਲੀ ਤੋਂ ਬਾਈਕ 'ਤੇ ਜਾ ਰਿਹਾ ਸੀ। ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਉਹ ਸ਼ਾਹਕੋਟ ਵਿੱਚ ਇੱਕ ਨੌਜਵਾਨ ਨੂੰ ਅਗਵਾ ਕਰਨ ਦੇ ਮਾਮਲੇ ਵਿੱਚ ਫਰਾਰ ਹੈ। ਜਦੋਂ ਪੁਲਿਸ ਨੇ ਸੜਕ ’ਤੇ ਨਾਕਾਬੰਦੀ ਕਰਕੇ ਅਪਰਾਧੀ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਸ ਨੇ ਪੁਲਿਸ ਟੀਮ ’ਤੇ ਗੋਲੀਆਂ ਚਲਾ ਦਿੱਤੀਆਂ।


ਪੁਲਿਸ ਨੇ ਆਤਮ ਰੱਖਿਆ ਵਿੱਚ ਚਲਾਈਆਂ ਗੋਲੀਆਂ


ਚੰਗੀ ਗੱਲ ਇਹ ਹੈ ਕਿ ਗੋਲੀ ਕਿਸੇ ਪੁਲਿਸ ਵਾਲੇ ਨੂੰ ਨਹੀਂ ਲੱਗੀ। ਪੁਲਿਸ ਮੁਲਾਜ਼ਮਾਂ ਨੇ ਜਵਾਬੀ ਕਾਰਵਾਈ ਕੀਤੀ, ਜਿਸ ਨਾਲ ਗੋਲੀ ਬਦਮਾਸ਼ ਦੇ ਪੱਟ 'ਤੇ ਜਾ ਲੱਗੀ। ਬਦਮਾਸ਼ ਬਾਈਕ ਸਮੇਤ ਜ਼ਮੀਨ 'ਤੇ ਡਿੱਗ ਗਿਆ। ਪੁਲਿਸ ਨੇ ਉਸ ਕੋਲੋਂ 32 ਬੋਰ ਦਾ ਪਿਸਤੌਲ ਵੀ ਬਰਾਮਦ ਕੀਤਾ ਹੈ। ਬਦਮਾਸ਼ ਦੀ ਪਛਾਣ ਗੁਲਾਬ ਸਿੰਘ ਵਜੋਂ ਹੋਈ ਹੈ। ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਵੀ 4 ਤੋਂ 5 ਕੇਸ ਦਰਜ ਹਨ।


ਏਡੀਸੀਪੀ ਅਮਨਦੀਪ ਸਿੰਘ ਬਰਾੜ ਅਤੇ ਸੀਆਈਏ-1 ਦੇ ਇੰਸਪੈਕਟਰ ਰਾਜੇਸ਼ ਤੁਰੰਤ ਮੌਕੇ ’ਤੇ ਪੁੱਜੇ। ਉਨ੍ਹਾਂ ਨੇ ਐਂਬੂਲੈਂਸ ਦੀ ਮਦਦ ਨਾਲ ਜ਼ਖਮੀ ਅਗਵਾਕਾਰ ਨੂੰ ਹਸਪਤਾਲ ਪਹੁੰਚਾਇਆ।


ਸ਼ਾਹਕੋਟ 'ਚ ਗੈਂਗਸਟਰ ਨੇ ਇੱਕ ਨੌਜਵਾਨ ਨੂੰ ਅਗਵਾ ਕੀਤਾ ਸੀ


ਜਾਣਕਾਰੀ ਮੁਤਾਬਕ ਗੈਂਗਸਟਰ ਗੁਲਾਬ ਨੇ ਕੁਝ ਦਿਨ ਪਹਿਲਾਂ ਸ਼ਾਹਕੋਟ ਇਲਾਕੇ ਤੋਂ ਇੱਕ ਨੌਜਵਾਨ ਨੂੰ ਅਗਵਾ ਕੀਤਾ ਸੀ। ਜਿਸ ਤੋਂ ਬਾਅਦ ਉਹ ਲੋੜੀਂਦਾ ਸੀ। ਮੁਲਜ਼ਮ ਲੁਧਿਆਣਾ ਵਿੱਚ ਕਈ ਕੇਸਾਂ ਵਿੱਚ ਭਗੌੜਾ ਵੀ ਐਲਾਨਿਆ ਹੋਇਆ ਹੈ। ਪੁਲਿਸ ਵੱਲੋਂ ਉਸ ਦੀ ਲਗਾਤਾਰ ਭਾਲ ਕੀਤੀ ਜਾ ਰਹੀ ਸੀ। ਅਪਰਾਧੀ ਦਾ ਇਲਾਜ ਕਰਵਾਉਣ ਤੋਂ ਬਾਅਦ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਪੁਲਿਸ ਨੇ ਉਸ ਦੇ ਹੋਰ ਸਾਥੀਆਂ ਦੇ ਰਿਕਾਰਡ ਦੀ ਵੀ ਜਾਂਚ ਸ਼ੁਰੂ ਕਰ ਦਿੱਤੀ ਹੈ।