AAP Sarpanch Shot Himself: ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਫੌਜਾ ਸਿੰਘ ਸਰਾਰੀ ਮੁੜ ਸੁਰਖੀਆਂ ਵਿੱਚ ਹਨ। ਆਮ ਆਦਮੀ ਪਾਰਟੀ ਦੇ ਹੀ ਸਰਪੰਚ ਵੱਲੋਂ ਖੁਦਕੁਸ਼ੀ ਕਰਨ ਮਗਰੋਂ ਪਿੰਡ ਤਰਿੱਡਾ ਵਿੱਚ ਵਿਧਾਇਕ ਤੇ ਉਸ ਦੇ ਪੀਏ ਖਿਲਾਫ ਨਾਅਰੇਬਾਜ਼ੀ ਹੋਈ। ਸਰਪੰਚ ਦੇ ਰਿਸ਼ਤੇਦਾਰਾਂ ਨੇ ਵਿਧਾਇਕ ਦੇ ਪੀਏ ਬਚਿੱਤਰ ਸਿੰਘ ਲਾਡੀ ਨਾਲ ਖਿੱਚ-ਧੂਹ ਵੀ ਕੀਤੀ। ਵਿਧਾਇਕ ਖੁਦ ਪੁਲਿਸ ਫੋਰਸ ਲੈ ਕੇ ਮੌਕੇ ਉਪਰ ਪਹੁੰਚਿਆ ਤੇ ਮਾਮਲਾ ਸ਼ਾਂਤ ਕਰਵਾਇਆ।

ਦਰਅਸਲ ਪੰਜਾਬ ਦੇ ਫਿਰੋਜ਼ਪੁਰ ਦੇ ਗੁਰੂਹਰਸਹਾਏ ਵਿੱਚ ਆਮ ਆਦਮੀ ਪਾਰਟੀ (ਆਪ) ਦੇ ਇੱਕ ਸਰਪੰਚ ਨੇ ਲਾਇਸੈਂਸੀ ਪਿਸਤੌਲ ਨਾਲ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਪਿੰਡ ਤਰਿੱਡਾ ਦੇ ਸਰਪੰਚ ਜਸ਼ਨਪ੍ਰੀਤ ਬਾਵਾ ਵਜੋਂ ਹੋਈ ਹੈ। 25 ਸਾਲਾ ਜਸ਼ਨਪ੍ਰੀਤ ਪਹਿਲਵਾਨ ਸੀ। ਰਿਸ਼ਤੇਦਾਰਾਂ ਦਾ ਇਲਜ਼ਾਮ ਹੈ ਕਿ ਜਸ਼ਨਪ੍ਰੀਤ ਨੇ ਰਾਜਨੀਤਕ ਤੌਰ 'ਤੇ ਅੱਖੋਂ ਓਹਲੇ ਤੇ ਵਿਕਾਸ ਕਾਰਜਾਂ ਵਿੱਚ ਰੁਕਾਵਟ ਪਾਉਣ ਕਾਰਨ ਇਹ ਕਦਮ ਚੁੱਕਿਆ। ਇਸ ਲਈ ਸਥਾਨਕ ਵਿਧਾਇਕ ਜ਼ਿੰਮੇਵਾਰ ਹੈ।

ਇਸ ਦੇ ਵਿਰੋਧ ਵਿੱਚ ਪਿੰਡ ਵਿੱਚ ਦੁੱਖ ਪ੍ਰਗਟ ਕਰਨ ਆਏ ਵਿਧਾਇਕ ਦੇ ਪੀਏ ਨਾਲ ਖਿੱਚ-ਧੂਹ ਕੀਤੀ ਗਈ। ਇਸ ਤੋਂ ਬਾਅਦ ਵਿਧਾਇਕ ਨੂੰ ਖੁਦ ਪੁਲਿਸ ਫੋਰਸ ਨਾਲ ਪਹੁੰਚਣਾ ਪਿਆ। ਜਦੋਂ ਕਿ ਸਰਪੰਚ ਦੀ ਮਾਂ ਦਾ ਕਹਿਣਾ ਹੈ ਕਿ ਉਸ ਦੇ ਪੁੱਤਰ ਨੇ ਉਸ ਦੇ ਸਾਹਮਣੇ ਗੋਲੀ ਮਾਰੀ। ਉਸ ਨੇ ਪਿਸਤੌਲ ਕੰਨਪਟੀ 'ਤੇ ਰੱਖ ਦਿੱਤਾ ਤੇ ਕਿਹਾ ਕਿ ਬਾਏ, ਮੈਂ ਜਾ ਰਿਹਾ ਹਾਂ। ਜਸ਼ਨਪ੍ਰੀਤ ਦੀ ਮਾਂ ਦਾ ਕਹਿਣਾ ਹੈ ਕਿ ਉਸ ਦਾ ਪੁੱਤਰ ਰਾਜਨੀਤਕ ਦਬਾਅ ਤੇ ਵਿਧਾਇਕ ਦੇ ਨਿੱਜੀ ਸਹਾਇਕ (ਪੀਏ) ਤੋਂ ਬਹੁਤ ਪ੍ਰੇਸ਼ਾਨ ਸੀ। 

ਉਸ ਨੇ ਦੱਸਿਆ ਕਿ ਕੱਲ੍ਹ ਜਸ਼ਨਪ੍ਰੀਤ ਬੁੱਢਾ ਸਾਹਿਬ ਗਿਆ ਸੀ। ਕੱਲ੍ਹ (ਸ਼ਨੀਵਾਰ) ਪਿੰਡ ਵਿੱਚ ਗੁਰਦੀਪ ਸਿੰਘ ਨੇ ਵਿਧਾਇਕ ਫੌਜਾ ਸਿੰਘ ਸਰਾਰੀ ਨੂੰ ਆਪਣੇ ਘਰ ਬੁਲਾਇਆ ਸੀ। ਵਿਧਾਇਕ ਦੇ ਪੀਏ ਨੇ ਜਸ਼ਨਪ੍ਰੀਤ ਨੂੰ ਫੋਨ ਕਰਕੇ ਮੌਕੇ 'ਤੇ ਆਉਣ ਲਈ ਕਿਹਾ। ਜਸ਼ਨਪ੍ਰੀਤ ਬਾਹਰ ਸੀ ਤੇ ਇਸ ਲਈ ਉਹ ਉੱਥੇ ਨਹੀਂ ਪਹੁੰਚਿਆ। ਮਾਂ ਨੇ ਅੱਗੇ ਕਿਹਾ ਕੇ ਜਦੋਂ ਜਸ਼ਨਪ੍ਰੀਤ ਸ਼ਾਮ ਨੂੰ ਘਰ ਆਇਆ ਤਾਂ ਉਹ ਪ੍ਰੇਸ਼ਾਨ ਦਿਖਾਈ ਦੇ ਰਿਹਾ ਸੀ ਤੇ ਉਹ ਬਿਸਤਰੇ 'ਤੇ ਲੇਟ ਗਿਆ। ਅਸੀਂ ਸੋਚਿਆ ਕਿ ਸ਼ਾਇਦ ਉਹ ਥੱਕ ਗਿਆ ਹੈ। ਉਹ ਕਾਫ਼ੀ ਦੇਰ ਤੱਕ ਘਰ ਦੇ ਹੋਰ ਕੰਮ ਕਰਦਾ ਰਿਹਾ। ਫਿਰ ਉਸ ਨੇ ਆਪਣੀ ਪਿਸਤੌਲ ਆਪਣੇ ਸਿਰ 'ਤੇ ਰੱਖ ਕੇ ਕਿਹਾ, 'ਬਾਏ, ਮੈਂ ਜਾ ਰਿਹਾ ਹਾਂ।'

ਜਸ਼ਨਪ੍ਰੀਤ ਦੇ ਪਿਤਾ ਤਰਸੇਮ ਲਾਲ ਨੇ ਆਪਣੇ ਬਿਆਨ ਵਿੱਚ ਪੁਲਿਸ ਨੂੰ ਦੱਸਿਆ ਹੈ ਕਿ ਉਸ ਨੇ ਸ਼ਨੀਵਾਰ ਦੇਰ ਰਾਤ ਜਸ਼ਨਪ੍ਰੀਤ ਨਾਲ ਖਾਣਾ ਖਾਧਾ। ਇਸ ਤੋਂ ਬਾਅਦ ਉਹ ਸੌਣ ਚਲਾ ਗਿਆ। ਰਾਤ ਲਗਭਗ 11:15 ਵਜੇ ਜਸ਼ਨਪ੍ਰੀਤ ਬਾਥਰੂਮ ਵਿੱਚੋਂ ਬਾਹਰ ਆਇਆ ਤੇ ਆਪਣੇ ਲਾਇਸੈਂਸੀ ਪਿਸਤੌਲ ਨਾਲ ਆਪਣੇ ਆਪ ਨੂੰ ਗੋਲੀ ਮਾਰ ਲਈ। ਤਰਸੇਮ ਲਾਲ ਦਾ ਕਹਿਣਾ ਹੈ ਕਿ ਘਰ ਵਿੱਚ ਕੋਈ ਝਗੜਾ ਨਹੀਂ ਹੋਇਆ। ਜਸ਼ਨਪ੍ਰੀਤ ਦਾ ਕਿਸੇ ਨਾਲ ਕੋਈ ਝਗੜਾ ਨਹੀਂ ਸੀ। ਇਸ ਬਾਰੇ ਕੋਈ ਜਾਣਕਾਰੀ ਨਹੀਂ ਕਿ ਉਸ ਨੇ ਇਹ ਕਦਮ ਕਿਉਂ ਚੁੱਕਿਆ।

ਇਸ ਦੇ ਨਾਲ ਹੀ ਜਸ਼ਨਪ੍ਰੀਤ ਦੀ ਮੌਤ ਤੋਂ ਬਾਅਦ ਪਿੰਡ ਵਿੱਚ ਤਣਾਅ ਦਾ ਮਾਹੌਲ ਹੈ। ਜਸ਼ਨਪ੍ਰੀਤ ਦੇ ਦੋਸਤਾਂ ਤੇ ਰਿਸ਼ਤੇਦਾਰਾਂ ਨੇ ਕਿਹਾ ਕਿ ਜਸ਼ਨਪ੍ਰੀਤ ਰਾਜਨੀਤੀ ਦਾ ਸ਼ਿਕਾਰ ਹੋਇਆ ਹੈ। ਮੌਕੇ 'ਤੇ ਮੌਜੂਦ ਜਸ਼ਨਪ੍ਰੀਤ ਦੇ ਦੋਸਤਾਂ ਨੇ ਕਿਹਾ ਕਿ ਸਰਪੰਚ ਬਣਨ ਤੋਂ ਬਾਅਦ ਪਿੰਡ ਵਿੱਚ ਵਿਕਾਸ ਕਾਰਜ ਨਾ ਹੋਣ ਕਾਰਨ ਜਸ਼ਨਪ੍ਰੀਤ ਬਹੁਤ ਪ੍ਰੇਸ਼ਾਨ ਸੀ। 'ਆਪ' ਵਿਧਾਇਕ ਫੌਜਾ ਸਿੰਘ ਸਰਾਰੀ ਤੇ ਉਸ ਦੇ ਸਾਥੀ ਬਚਿੱਤਰ ਸਿੰਘ ਲਾਡੀ ਉਸ ਨੂੰ ਲਗਾਤਾਰ ਨਜ਼ਰਅੰਦਾਜ਼ ਕਰ ਰਹੇ ਸਨ। ਉਹ ਵਿਰੋਧੀ ਪਾਰਟੀ ਦੇ ਲੋਕਾਂ ਦਾ ਪੱਖ ਲੈ ਰਹੇ ਸਨ ਜਿਸ ਕਾਰਨ ਜਸ਼ਨਪ੍ਰੀਤ ਮਾਨਸਿਕ ਤਣਾਅ ਵਿੱਚ ਸੀ।

ਇਨ੍ਹਾਂ ਦੋਸ਼ਾਂ ਵਿਚਕਾਰ ਜਦੋਂ ਵਿਧਾਇਕ ਦੇ ਪੀਏ ਬਚਿੱਤਰ ਸਿੰਘ ਲਾਡੀ ਜਸ਼ਨਪ੍ਰੀਤ ਦੇ ਘਰ ਦੁੱਖ ਪ੍ਰਗਟ ਕਰਨ ਪਹੁੰਚੇ ਤਾਂ ਰਿਸ਼ਤੇਦਾਰਾਂ ਨੇ ਉਸ ਨਾਲ ਧੱਕਾ-ਮੁੱਕੀ ਕੀਤੀ। ਇਸ ਤੋਂ ਬਾਅਦ ਵਿਧਾਇਕ ਸਰਾਰੀ ਨੂੰ ਪੁਲਿਸ ਫੋਰਸ ਨਾਲ ਮੌਕੇ 'ਤੇ ਆਉਣਾ ਪਿਆ। ਬਾਅਦ ਵਿੱਚ ਸਥਿਤੀ ਸ਼ਾਂਤ ਹੋ ਗਈ। ਅੰਤਿਮ ਸੰਸਕਾਰ ਦੌਰਾਨ ਕੁਝ ਲੋਕਾਂ ਨੇ ਉਨ੍ਹਾਂ ਦੀ ਮੌਜੂਦਗੀ ਵਿੱਚ ਵਿਧਾਇਕ ਫੌਜਾ ਸਿੰਘ ਸਰਾਰੀ ਵਿਰੁੱਧ ਨਾਅਰੇਬਾਜ਼ੀ ਵੀ ਕੀਤੀ। ਹਾਲਾਂਕਿ ਵਿਧਾਇਕ ਨੇ ਇਸ ਮੌਕੇ ਕੋਈ ਬਿਆਨ ਨਹੀਂ ਦਿੱਤਾ। 

ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਫਿਰੋਜ਼ਪੁਰ ਦਿਹਾਤੀ ਦੇ ਐਸਪੀ ਮਨਜੀਤ ਸਿੰਘ ਨੇ ਕਿਹਾ ਕਿ ਜਸ਼ਨਪ੍ਰੀਤ ਜਾਂ ਉਨ੍ਹਾਂ ਦੇ ਕਿਸੇ ਵੀ ਪਰਿਵਾਰਕ ਮੈਂਬਰ ਨੇ ਇਸ ਘਟਨਾ ਲਈ ਕਿਸੇ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ। ਉਨ੍ਹਾਂ ਅੱਗੇ ਕਿਹਾ ਕਿ ਜਸ਼ਨਪ੍ਰੀਤ ਦੇ ਪਿਤਾ ਤਰਸੇਮ ਲਾਲ ਦੇ ਬਿਆਨ ਦਰਜ ਕਰਨ ਤੋਂ ਬਾਅਦ ਉਨ੍ਹਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ।