Punjab News: ਹਲਕਾ ਭੁਲੱਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੇ ਮੁੜ ਮੁੱਖ ਮੰਤਰੀ ਭਗਵੰਤ ਮਾਨ ਉੱਪਰ ਤਿੱਖਾ ਹਮਲਾ ਬੋਲਿਆ ਹੈ। ਅਜੀਤ ਅਖਬਾਰ ਦੇ ਸੰਪਾਦਕ ਬਰਜਿੰਦਰ ਸਿੰਘ ਹਮਦਰਦ ਨੂੰ ਵਿਜੀਲੈਂਸ ਵੱਲੋਂ ਮੁੜ ਤਲਬ ਕਰਨ ਦਾ ਵਿਰੋਧ ਕਰਦਿਆਂ ਸੁਖਪਾਲ ਖਹਿਰਾ ਨੇ ਕਿਹਾ ਹੈ ਕਿ ਸੈਕਸ ਸਕੈਂਡਲ ਵਿੱਚ ਘਿਰੇ ਦਾਗੀ ਮੰਤਰੀ ਲਾਲ ਚੰਦ ਕਟਾਰੂਚੱਕ ਤੇ ਐਨਆਰਆਈ ਦੀ ਜਾਇਦਾਦ 'ਤੇ ਕਬਜ਼ੇ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੀ 'ਆਪ' ਵਿਧਾਇਕ ਸਰਬਜੀਤ ਕੌਰ ਮਾਣੂੰਕੇ ਨੂੰ ਕਦੋਂ ਤਲਬ ਕੀਤਾ ਜਾਏਗਾ।


ਸੁਖਪਾਲ ਖਹਿਰਾ ਨੇ ਟਵੀਟ ਕਰਦਿਆਂ ਕਿਹਾ ਕਿ ਨੌਜਵਾਨ ਲੜਕੇ ਦਾ ਸ਼ੋਸ਼ਣ ਕਰਨ ਵਾਲੇ ਸੈਕਸ ਸਕੈਂਡਲ ਵਿੱਚ ਘਿਰੇ ਦਾਗੀ ਮੰਤਰੀ ਕਟਾਰੂਚੱਕ ਨੂੰ ਭਗਵੰਤ ਮਾਨ ਵੱਲੋਂ ਬਣਾਈ ਗਈ SIT ਕਦੋਂ ਤਲਬ ਕਰੇਗੀ? ਜਗਰਾਓਂ ਵਿੱਚ ਐਨਆਰਆਈ ਦੀ ਜਾਇਦਾਦ 'ਤੇ ਨਜਾਇਜ਼ ਕਬਜ਼ੇ ਕਰਨ ਦੇ ਦੋਸ਼ਾਂ ਵਿੱਚ ਘਿਰੀ ਵਿਧਾਇਕ ਸਰਬਜੀਤ ਕੌਰ ਮਾਣੂੰਕੇ ਵਿਰੁੱਧ ਕਾਰਵਾਈ ਬਾਰੇ ਕੀ? ਜਾਂ 'ਆਪ' ਵਿਧਾਇਕ ਹਰ ਰੋਜ਼ ਕਾਨੂੰਨ ਦੀਆਂ ਧੱਜੀਆਂ ਉਡਾ ਰਹੇ ਹਨ? ਅਜੀਤ ਬਰਜਿੰਦਰ ਸਿੰਘ ਹਮਦਰਦ ਵਰਗੇ ਵਿਰੋਧੀ ਜਾਂ ਆਜ਼ਾਦ ਮੀਡੀਆ ਵਿਰੁੱਧ ਹੀ ਜਾਂਚ ਕਿਉਂ? ਬੱਸ ਅਜੀਤ ਇੱਕ ਵਿਕਾਊ ਅਖਬਾਰ ਨਹੀਂ ਹੈ ਤੇ ਕੀ ਸਰਕਾਰ ਦੀ ਲਾਈਨ 'ਤੇ ਨਹੀਂ ਚੱਲ ਰਿਹਾ?



ਦੱਸ ਦਈਏ ਕਿ ਮੰਤਰੀ ਕਟਾਰੂਚੱਕ ਵੀਡੀਓ ਵਾਇਰਲ ਹੋਣ ਮਗਰੋਂ ਵਿਵਾਦਾਂ ਵਿੱਚ ਘਿਰੇ ਹੋਏ ਹਨ। ਪੰਜਾਬ ਦੇ ਰਾਜਪਾਲ ਨੇ ਵੀ ਉਨ੍ਹਾਂ ਖਿਲਾਫ ਕਾਰਵਾਈ ਲਈ ਲਿਖਿਆ ਹੈ। ਇਸੇ ਤਰ੍ਹਾਂ ਇੱਕ ਐਨਆਰਆਈ ਔਰਤ ਨੇ ਹਲਕਾ ਜਗਰਾਉਂ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ’ਤੇ ਸਥਾਨਕ ਹੀਰਾ ਬਾਗ ਸਥਿਤ ਉਸ ਦੀ ਕੋਠੀ ’ਤੇ ਕਬਜ਼ਾ ਕਰਨ ਦੇ ਦੋਸ਼ ਲਾਏ ਹਨ। ਉਸ ਨੇ ਜ਼ਿਲ੍ਹਾ ਪੁਲਿਸ ਮੁਖੀ ਨੂੰ ਸ਼ਿਕਾਇਤ ਦੇ ਕੇ ਵਿਧਾਇਕਾ ਖ਼ਿਲਾਫ਼ ਕਾਰਵਾਈ ਮੰਗੀ ਹੈ। 



ਦੂਜੇ ਪਾਸੇ ਵਿਧਾਇਕਾ ਮਾਣੂੰਕੇ ਨੇ ਦੋਸ਼ ਨਕਾਰਦਿਆਂ ਕਿਹਾ ਕਿ ਉਨ੍ਹਾਂ ਦੀ ਸਿਆਸੀ ਸਾਖ਼ ਨੂੰ ਸੱਟ ਮਾਰਨ ਲਈ ਅਜਿਹਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਕਿਰਾਏ ਵਾਲੀ ਪੁਰਾਣੀ ਕੋਠੀ ਛੱਡ ਕੇ ਉਹ ਨਵੀਂ ਕੋਠੀ ’ਚ ਵੀ ਕਿਰਾਏ ’ਤੇ ਹੀ ਆਏ ਹਨ। ਇਸ ਦਾ ਬਾਕਾਇਦਾ ਕਿਰਾਏ ਸਬੰਧੀ ‘ਇਕਰਾਰ’ ਹੋਣ ਦਾ ਦਾਅਵਾ ਕਰਦਿਆਂ ਉਨ੍ਹਾਂ ਕਿਹਾ ਕਿ ਜੇ ਹੁਣ ਕੋਠੀ ਦੇ ਦੋ ਮਾਲਕ ਸਾਹਮਣੇ ਆ ਗਏ ਹਨ ਤਾਂ ਇਸ ਦੀ ਜਾਂਚ ਕਰਵਾਈ ਜਾਵੇ ਤੇ ਜਿਹੜਾ ਅਸਲ ਮਾਲਕ ਹੋਵੇਗਾ ਉਹ ਉਸ ਨੂੰ ਕੋਠੀ ਦੀਆਂ ਚਾਬੀਆਂ ਦੇਣ ਲਈ ਤਿਆਰ ਹਨ।