ਸਮਰਾਲਾ: ਨਿਹੰਗ ਸਿੰਘਾਂ ਵੱਲੋਂ ਸੋਮਵਾਰ ਨੂੰ ਕੁੱਟ-ਕੁੱਟ ਕੇ ਨੌਜਵਾਨ ਦੀ ਹੱਤਿਆ ਕਰ ਦਿੱਤੀ ਗਈ। ਇਸ ਘਟਨਾ ਤੋਂ ਬਾਅਦ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਤੇ ਪਿੰਡ ਵਾਸੀਆਂ ਨੇ ਥਾਣਾ ਸਮਰਾਲਾ ਨੂੰ ਘੇਰ ਲਿਆ ਤੇ ਲੁਧਿਆਣਾ-ਚੰਡੀਗੜ੍ਹ ਹਾਈਵੇਅ ’ਤੇ ਆਵਾਜਾਈ ਠੱਪ ਕਰ ਦਿੱਤੀ। ਇਸ ਮਗਰੋਂ ਪੁਲਿਸ ਨੇ ਕਤਲ ਦੇ ਦੋਸ਼ ਹੇਠ 9 ਨਿਹੰਗ ਸਿੰਘਾਂ ਖ਼ਿਲਾਫ਼ ਕੇਸ ਦਰਜ ਕਰ ਕੇ ਕੁਝ ਨੂੰ ਗ੍ਰਿਫ਼ਤਾਰ ਕੀਤਾ ਹੈ, ਜਦਕਿ ਹੋਰਨਾਂ ਦੀ ਭਾਲ ਕੀਤੀ ਜਾ ਰਹੀ ਹੈ।



ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਹੈ ਕਿ ਪਿੰਡ ਮੰਜਾਲੀ ਕਲਾਂ ਦੀ ਇੱਕ ਲੜਕੀ ਕੁਝ ਦਿਨਾਂ ਤੋਂ ਲਾਪਤਾ ਸੀ ਤੇ ਇਸ ਸਬੰਧੀ ਪੁਲਿਸ ਵੱਲੋਂ ਕੱਲ੍ਹ ਉਨ੍ਹਾਂ ਦੇ ਲੜਕੇ ਅਵਤਾਰ ਸਿੰਘ (22) ਵਾਸੀ ਪਿੰਡ ਕੂਹਲੀ ਕਲਾਂ ਨੂੰ ਸ਼ੱਕ ਦੇ ਆਧਾਰ ’ਤੇ ਸਮਰਾਲਾ ਥਾਣੇ ਬੁਲਾਇਆ ਗਿਆ ਸੀ। ਲੜਕੀ ਦੇ ਪਿੰਡ ਮੰਜਾਲੀ ਕਲਾਂ ਤੋਂ ਕੁਝ ਨਿਹੰਗ ਵੀ ਇੱਥੇ ਆਪਣੇ ਸਾਥੀਆਂ ਨਾਲ ਮੌਜੂਦ ਸਨ।

ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ 15-20 ਨਿਹੰਗ ਨੌਜਵਾਨ ਸਮਝੌਤਾ ਕਰਨ ਦੀ ਗੱਲ ਕਹਿ ਕੇ ਉਨ੍ਹਾਂ ਨੂੰ ਆਪਣੇ ਡੇਰੇ ਲੈ ਗਏ ਜਿੱਥੇ ਉਨ੍ਹਾਂ ਅਵਤਾਰ ਸਿੰਘ ਦੀ ਕੁੱਟ-ਮਾਰ ਕੀਤੀ। ਉਸ ਨੇ ਦੋਸ਼ ਲਾਇਆ ਕਿ ਨਿਹੰਗਾਂ ਨੇ ਅਵਤਾਰ ਨੂੰ ਪੁੱਛਗਿੱਛ ਕਰਨ ਲਈ ਜਬਰੀ ਆਪਣੇ ਕੋਲ ਰੱਖ ਲਿਆ ਤੇ ਪਰਿਵਾਰਕ ਮੈਂਬਰਾਂ ਨੂੰ ਵਾਪਸ ਭੇਜ ਦਿੱਤਾ।

ਪਰਿਵਾਰ ਨੂੰ ਇਹ ਖ਼ਬਰ ਮਿਲੀ ਕਿ ਡੇਰੇ ’ਤੇ ਅਵਤਾਰ ਸਿੰਘ ਦੀ ਮੌਤ ਹੋ ਗਈ ਹੈ। ਉਹ ਜਦੋਂ ਡੇਰੇ ’ਤੇ ਪਹੁੰਚੇ ਤਾਂ ਨੌਜਵਾਨ ਦੀ ਲਾਸ਼ ਪਈ ਸੀ, ਜਿਸ ਨਾਲ ਬੁਰੀ ਤਰ੍ਹਾਂ ਕੁੱਟ ਮਾਰ ਕੀਤੀ ਗਈ ਸੀ। ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ ਪੁਲਿਸ ਨੇ ਨਿਹੰਗ ਸਿੰਘਾਂ ਖ਼ਿਲਾਫ਼ ਕਤਲ ਦੇ ਦੋਸ਼ ਹੇਠ ਕੇਸ ਦਰਜ ਕਰ ਲਿਆ ਹੈ ਤੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ।