ਚੰਡੀਗੜ੍ਹ: ਕਿਸਾਨ ਅੰਦੋਲਨ ਨੇ ਪੰਜਾਬ ਦਾ ਮਾਹੌਲ ਹੀ ਬਦਲ ਦਿੱਤਾ ਹੈ। ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਸਭ ਉੱਪਰ ਨਵੀਂ ਕ੍ਰਾਂਤੀ ਦਾ ਰੰਗ ਨਜ਼ਰ ਆ ਰਿਹਾ ਹੈ। ਮਰਦ ਦਿੱਲੀ ਮੋਰਚੇ 'ਤੇ ਡਟੇ ਹਨ ਤੇ ਔਰਤਾਂ ਨੇ ਪਿੱਛੇ ਖੇਤਾਂ ਦਾ ਕੰਮ ਸੰਭਾਲ ਲਿਆ ਹੈ। ਜਿਹੜੇ ਦਿੱਲੀ ਨਹੀਂ ਗਏ, ਉਹ ਪੰਜਾਬ ਵਿੱਚ ਧਰਨਾ ਲਾਈ ਬੈਟੇ ਹਨ।


ਪੰਜਾਬ ਦੇ ਨੌਜਵਾਨ ਮੁੰਡੇ-ਕੁੜੀਆਂ ਵੀ ਹੁਣ ਕਿਸਾਨ ਅੰਦੋਲਨ ਵਿੱਚ ਆਪਣਾ ਹਿੱਸਾ ਪਾਉਣ ਲਈ ਇਨਕਲਾਬ ਦਾ ਬਿਗਲ ਫੂਕਣ ਜਾ ਰਹੇ ਹਨ। ਪਹਿਲਾਂ ਉਨ੍ਹਾਂ ਵਿਆਹ ਟਾਲ਼ੇ ਤੇ ਫਿਰ ਆਪਣੇ ਮਾਪਿਆਂ ਦੀ ਗ਼ੈਰ-ਮੌਜੂਦਗੀ ਵਿੱਚ ਖੇਤੀਬਾੜੀ ਦਾ ਕੰਮ ਸੰਭਾਲਿਆ। ਫ਼ਸਲਾਂ ਦੀ ਸਿੰਜਾਈ ਕਰਕੇ ਹੁਣ ਉਹ ਦਿੱਲੀ ਦੇ ਸਿੰਘੂ ਬਾਰਡਰ ਵੱਲ ਰਵਾਨਗੀਆਂ ਪਾ ਰਹੇ ਹਨ। ਤਿੱਖੇ ਰੋਹ ਨਾਲ ਭਰਪੂਰ ਇਨ੍ਹਾਂ ਨੌਜਵਾਨਾਂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਨਵੇਂ ਖੇਤੀ ਕਾਨੂੰਨ ਰੱਦ ਕਰਵਾਉਣ ਤੇ ਘੱਟੋ-ਘੱਟ ਸਮਰਥਨ ਮੁੱਲ ਭਾਵ ਐਮਐਸਪੀ ਦੀ ਗਰੰਟੀ ਤੋਂ ਬਾਅਦ ਹੀ ਉਹ ਦਮ ਲੈਣਗੇ।

ਪੰਜਾਬ ਦੇ ਕਿਸਾਨ ਸਿੰਘੂ ਬਾਰਡਰ ਉੱਤੇ ਅੱਜ 12ਵੇਂ ਦਿਨ ਵੀ ਪੂਰੀ ਤਰ੍ਹਾਂ ਡਟੇ ਹੋਏ ਹਨ। ਛੇ ਮਹੀਨਿਆਂ ਦਾ ਰਸਦ-ਪਾਣੀ ਲੈ ਕੇ ਦਿੱਲੀ ਪੁੱਜੇ ਕਿਸਾਨਾਂ ਦਾ ਧਿਆਨ ਇਸ ਵੇਲੇ ਭਲਕੇ ਅੱਠ ਦਸੰਬਰ ਨੂੰ ਹੋਣ ਵਾਲੇ ‘ਭਾਰਤ ਬੰਦ’ ਉੱਤੇ ਕੇਂਦ੍ਰਿਤ ਹੈ। ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਦੇ ਬੱਚੇ ਵੀ ਅੰਦੋਲਨ ’ਚ ਸ਼ਾਮਲ ਹੋਣ ਲੱਗੇ ਹਨ।

ਕਿਸਾਨ ਕਰਤਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਰਿਤੂ ਦਾ ਵਿਆਹ 4 ਜਨਵਰੀ ਨੂੰ ਹੋਣਾ ਤੈਅ ਸੀ ਪਰ ਅੰਦੋਲਨ ਕਾਰਣ ਹੁਣ ਉਸ ਨੂੰ ਅੱਗੇ ਟਾਲ਼ ਦਿੱਤਾ ਗਿਆ ਹੈ। ਜਦੋਂ ਉਹ ਪੰਜਾਬ ਤੋਂ ਚੱਲੇ, ਤਾਂ ਉਨ੍ਹਾਂ ਆਪਣੀਆਂ ਦੋਵੇਂ ਧੀਆਂ ਰਿਤੂ ਤੇ ਪੱਪਨ ਨੂੰ ਖੇਤੀ ਦੀ ਵਾਗਡੋਰ ਸੌਂਪ ਦਿੱਤੀ ਸੀ, ਤਾਂ ਉਹ ਕਣਕ ਤੇ ਹੋਰ ਮੌਸਮੀ ਫ਼ਸਲਾਂ ਦੀ ਸਿੰਜਾਈ ਕਰ ਸਕਣ।

ਕਿਸਾਨ ਸੁਰਿੰਦਰ ਸਿੰਘ ਦੀ ਧੀ ਨੈਨਾ ਦਾ ਵਿਆਹ ਵੀ ਅੱਜ 7 ਦਸੰਬਰ ਨੂੰ ਹੋਣਾ ਸੀ ਪਰ ਉਹ ਵੀ ਅੰਦੋਲਨ ਕਾਰਣ ਟਾਲਣਾ ਪਿਆ। ਉਨ੍ਹਾਂ ਦੱਸਿਆ ਕਿ ਨੈਨਾ ਵੀ ਆਪਣੀਆਂ ਸਹੇਲੀਆਂ ਨਾਲ ਭਲਕੇ ਮੰਗਲਵਾਰ ਤੱਕ ਸਿੰਘੂ ਬਾਰਡਰ ਪੁੱਜ ਜਾਵੇਗੀ।

ਇੰਝ ਹੀ ਇੱਕ ਹੋਰ ਕਿਸਾਨ ਹਰਭਜਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਪਰਵਿੰਦਰ ਕੌਰ ਤੇ ਪੁੱਤਰ ਰਵਿੰਦਰ ਸਿੰਘ ਦਾ ਵਿਆਹ 16 ਦਸੰਬਰ ਨੂੰ ਹੋਣਾ ਸੀ ਪਰ ਇਹ ਵਿਆਹ ਅੱਗੇ ਟਾਲ਼ ਦਿੱਤੇ ਗਏ ਹਨ। ਹੋਂਦ ਦੀ ਦੀ ਇਸ ਜੰਗ ਵਿੱਚ ਉਨ੍ਹਾਂ ਦੇ ਬੱਚੇ ਫ਼ਿਲਹਾਲ ਖੇਤੀਬਾੜੀ ਦੀ ਦੇਖਭਾਲ ਕਰ ਰਹੇ ਹਨ। ਛੇਤੀ ਹੀ ਉਹ ਵੀ ਆਪਣੀਆਂ ਟੀਮਾਂ ਨਾਲ ਪ੍ਰਦਰਸ਼ਨ ਵਿੱਚ ਭਾਗ ਲੈਣਗੇ।