ਚੰਡੀਗੜ੍ਹ : ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਕਾਰਵਾਈ ਕਰਦੇ ਹੋਏ ਇੱਕ ਹੋਰ ਭ੍ਰਿਸ਼ਟ ਪੁਲਿਸ ਅਫਸਰ ਨੂੰ ਗ੍ਰਿਫਤਾਰ ਕੀਤਾ ਹੈ। ਤਰਨਤਾਰਨ ਪੁਲਿਸ ਨੇ ਫਰੀਦਕੋਟ ਦੇ ਡੀਐਸਪੀ ਲਖਵੀਰ ਸਿੰਘ ਨੂੰ ਨਸ਼ਾ ਤਸਕਰ ਤੋਂ 10 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਕਾਬੂ ਕੀਤਾ ਹੈ। ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁਲਜ਼ਮ ਡੀਐਸਪੀ ਖ਼ਿਲਾਫ਼ ਤਰਨਤਾਰਨ ਵਿੱਚ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਐਫਆਈਆਰ ਦਰਜ ਕੀਤੀ ਗਈ ਹੈ।


ਡੀਜੀਪੀ ਅਨੁਸਾਰ ਤਰਨਤਾਰਨ ਜ਼ਿਲ੍ਹੇ ਦੀ ਪੁਲੀਸ ਨੇ ਐਤਵਾਰ ਨੂੰ ਪੱਟੀ ਮੋੜ ਨੇੜੇ ਇੱਕ ਪੈਟਰੋਲ ਪੰਪ ਤੋਂ ਪਿਸ਼ੌਰਾ ਸਿੰਘ ਨਾਮਕ ਤਸਕਰ ਨੂੰ ਕਾਬੂ ਕੀਤਾ ਸੀ। ਡਰੱਗ ਤਸਕਰ ਕੋਲੋਂ 250 ਗ੍ਰਾਮ ਅਫੀਮ ਅਤੇ 1 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਹੋਈ ਹੈ। ਇਸ ਤੋਂ ਪਹਿਲਾਂ ਤਰਨਤਾਰਨ ਪੁਲੀਸ ਨੇ ਉਸ ਦੇ ਸਾਥੀ ਸੁਰਜੀਤ ਸਿੰਘ ਨੂੰ ਪਿੰਡ ਮਾੜੀ ਮੇਘਾ ਤੋਂ 900 ਗ੍ਰਾਮ ਅਫੀਮ ਸਮੇਤ ਕਾਬੂ ਕੀਤਾ ਸੀ।


ਡੀਜੀਪੀ ਨੇ ਦੱਸਿਆ ਕਿ ਤਰਨਤਾਰਨ ਪੁਲੀਸ ਵੱਲੋਂ ਕੀਤੀ ਪੜਤਾਲ ਦੌਰਾਨ ਸੁਰਜੀਤ ਨੇ ਖੁਲਾਸਾ ਕੀਤਾ ਕਿ ਉਸ ਨੇ ਪਿਸ਼ੌਰਾ ਤੋਂ ਅਫੀਮ ਖਰੀਦੀ ਸੀ ਜੋ ਕਿ ਮੁੱਖ ਤਸਕਰ ਹੈ। ਜਦੋਂ ਪੁਲੀਸ ਨੇ ਉਸ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕੀਤੀ ਤਾਂ ਪਿਸ਼ੌਰਾ ਨੇ ਸੀਆਈਏ ਵਿੱਚ ਤਾਇਨਾਤ ਏਐਸਆਈ ਰਸ਼ਪਾਲ ਸਿੰਘ ਨੂੰ 7-8 ਲੱਖ ਰੁਪਏ ਦੀ ਪੇਸ਼ਕਸ਼ ਕੀਤੀ ਪਰ ਰਸ਼ਪਾਲ ਨੇ ਰਿਸ਼ਵਤ ਲੈਣ ਤੋਂ ਇਨਕਾਰ ਕਰ ਦਿੱਤਾ।

ਡੀਐਸਪੀ ਲਖਵੀਰ ਨੇ ਕਰਵਾ ਦਿੱਤੀ ਡੀਲ  


ਉਸ ਨੇ ਦੱਸਿਆ ਕਿ ਪਿਸ਼ੌਰਾ ਦੀ ਮੁਲਾਕਾਤ ਤਰਨਤਾਰਨ ਦੇ ਪਿੰਡ ਸੀਤੋ ਦੇ ਰਹਿਣ ਵਾਲੇ ਆਪਣੇ ਜਾਣਕਾਰ ਨਿਸ਼ਾਨ ਸਿੰਘ ਰਾਹੀਂ ਰਸ਼ਪਾਲ ਸਿੰਘ ਦੇ ਭਰਾ ਹੀਰਾ ਸਿੰਘ ਨਾਲ ਹੋਈ। ਇਸ ਦੇ ਨਾਲ ਹੀ ਡੀਐਸਪੀ ਲਖਵੀਰ ਨਾਲ ਸੰਪਰਕ ਕੀਤਾ। ਲਖਵੀਰ ਸਿੰਘ ਵੀ ਹੀਰਾ ਸਿੰਘ ਦਾ ਚਚੇਰਾ ਭਰਾ ਹੈ। ਡੀਐਸਪੀ ਨੇ ਐਫਆਈਆਰ ਵਿੱਚੋਂ ਨਾਮ ਹਟਾਉਣ ਲਈ 10 ਲੱਖ ਰੁਪਏ ਵਿੱਚ ਸਮਝੌਤਾ  ਕਰਵਾਇਆ। ਡੀਐਸਪੀ ਨੇ ਹੀਰਾ ਨੂੰ ਪੈਸੇ ਆਪਣੇ ਕੋਲ ਰੱਖਣ ਲਈ ਕਿਹਾ।

ਹੀਰਾ ਸਿੰਘ ਦੇ ਘਰੋਂ 9.97 ਲੱਖ ਰੁਪਏ ਬਰਾਮਦ

ਪਿਸ਼ੋਰਾ ਸਿੰਘ ਦੇ ਖੁਲਾਸੇ 'ਤੇ ਪੁਲਿਸ ਨੇ ਹੀਰਾ ਸਿੰਘ ਦੇ ਘਰੋਂ 9.97 ਲੱਖ ਰੁਪਏ ਬਰਾਮਦ ਕੀਤੇ ਹਨ। ਐਸਐਸਪੀ ਤਰਨਤਾਰਨ ਰਣਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਪੁਲੀਸ ਨੇ ਐਫਆਈਆਰ ਵਿੱਚ ਏਐਸਆਈ ਰਸ਼ਪਾਲ ਸਿੰਘ, ਨਿਸ਼ਾਨ ਸਿੰਘ ਅਤੇ ਹੀਰਾ ਸਿੰਘ ਨੂੰ ਵੀ ਨਾਮਜ਼ਦ ਕੀਤਾ ਹੈ। ਉਨ੍ਹਾਂ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।