ਚੰਡੀਗੜ੍ਹ: ਜ਼ਿਲ੍ਹਾ ਬਠਿੰਡਾ ਵਿੱਚ ਪੰਜਾਬ ਪੁਲਿਸ ਦੇ ਜਵਾਨਾਂ ਨੇ ਬਜ਼ੁਰਗ ਮਹਿਲਾ ਨਾਲ ਜਾਨਵਰਾਂ ਵਾਲਾ ਸਲੂਕ ਕੀਤਾ। ਇੱਟਾਂ ਦੇ ਭੱਠੇ ’ਤੇ ਮਜ਼ਦੂਰੀ ਕਰਨ ਵਾਲੀ ਮਹਿਲਾ ਨੂੰ ਪੁਲਿਸ ਨੇ ਇੰਨੀ ਬੇਰਹਿਮੀ ਨਾਲ ਸਿਰਫ ਇਸ ਲਈ ਮਾਰਿਆ ਕਿਉਂਕਿ ਉਹ ਆਪਣੇ ਮੁੰਡੇ ਨੂੰ ਪੁਲਿਸ ਤੋਂ ਬਚਾਉਣ ਦੀ ਕੋਸ਼ਿਸ਼ ਕਰ ਰਹੀ ਸੀ। ਇਸ ਘਟਨਾ ਦੀ ਵੀਡੀਓ ਹਰ ਪਲੇਟਫਾਰਮ ’ਤੇ ਵਾਇਰਲ ਹੋ ਰਹੀ ਹੈ। ਦਰਅਸਲ ਬਠਿੰਡਾ ਵਿੱਚ ਇੱਟਾਂ ਦੇ ਭੱਠੇ ਦੀ ਮਜ਼ਦੂਰ ਯੂਨੀਅਨ ਦੇ ਮਜ਼ਦੂਰ ਸਰਕਾਰੀ ਨਿਯਮਾਂ ਮੁਤਾਬਕ ਮਜ਼ਦੂਰੀ ਨਾ ਮਿਲਣ ਦੇ ਵਿਰੋਧ ’ਚ ਧਰਨਾ ਦੇ ਰਹੇ ਸੀ। ਇਸੇ ਧਰਨੇ ਨੂੰ ਖਦੇੜਨ ਲਈ ਪੁਲਿਸ ਆਈ ਤੇ ਮਜ਼ਦੂਰਾਂ ਨੂੰ ਉਠਾ ਕੇ ਗੱਡੀਆਂ ਵਿੱਚ ਬਿਠਾ ਲਿਆ। ਇਨ੍ਹਾਂ ਮਜ਼ਦੂਰਾਂ ਵਿੱਚ ਇੱਕ ਬਜ਼ੁਰਗ ਮਹਿਲਾ ਜਗਵੀਰ ਕੌਰ ਵੀ ਸ਼ਮਲ ਸੀ। ਜਦੋਂ ਉਹ ਪੁਲਿਸ ਵਾਲਿਆਂ ਕੋਲੋਂ ਆਪਣੇ ਮੁੰਡੇ ਨੂੰ ਬਚਾਉਣ ਲੱਗੀ ਤਾਂ ASI ਕੁਲਦੀਪ ਸਿੰਘ ਨੇ ਉਸ ਨੂੰ ਮਾਰਨਾ ਸ਼ੁਰੂ ਕਰ ਦਿੱਤਾ। ਏਐਸਆਈ ਨੇ ਬਜ਼ੁਰਗ ਮਹਿਲਾ ਦੇ ਚਪੇੜਾਂ ਮਾਰੀਆਂ ਤੇ ਡੰਡੇ ਵਰ੍ਹਾਏ ਤੇ ਉਸ ਨੂੰ ਜ਼ਮੀਨ ’ਤੇ ਪਟਕ ਦਿੱਤਾ। ਬਿਨ੍ਹਾ ਮਹਿਲਾ ਪੁਲਿਸ ਦੀ ਕੀਤੀ ਇਸ ਕਾਰਵਾਈ ਦੌਰਾਨ ASI ਕੁਲਦੀਪ ਸਿੰਘ ਨੇ ਨਾ ਸਿਰਫ ਬਜ਼ੁਰਗ ਮਹਿਲਾ ਦੀ ਕੁੱਟਮਾਰ ਕੀਤੀ ਬਲਕਿ ਉਸ ਨੂੰ ਗੁੱਤ ਤੋਂ ਫੜ੍ਹ ਕੇ ਘਸੀਟਿਆ। ਪੁਲਿਸ ਦੀ ਇਸ ਸ਼ਰਮਨਾਕ ਘਟਨਾ ਦੀ ਵੀਡੀਓ ਤੇਜ਼ੀ ਨਾਲ ਵਾਇਰਲ ਹੋਈ ਜਿਸ ਨੂੰ ਲੱਖਾਂ ਲੋਕਾਂ ਨੇ ਸ਼ੇਅਰ ਕੀਤਾ ਹੈ। ਲੋਕ ਰੱਜ ਕੇ ਪੁਲਿਸ ਦੀ ਆਲੋਚਨਾ ਕਰ ਰਹੇ ਹਨ। ਇਸ ਕਾਰਵਾਈ ਪਿੱਛੋਂ ਦੋ ਮਜ਼ਦੂਰ ਤੇ ਪੀੜਤ ਬੀਬੀ ਨੂੰ ਹਸਪਤਾਲ ਦਾਖਲ ਕਰਾਇਆ ਗਿਆ ਹੈ। ਵੀਡੀਓ ਵਾਇਰਲ ਹੋਣ ਬਾਅਦ ਦੋ ਪੁਲਿਸ ਮੁਲਾਜ਼ਮਾਂ ਨੂੰ ਸਸਪੈਂਡ ਕੀਤਾ ਗਿਆ ਹੈ। SHO ਨੇ ਉਨ੍ਹਾਂ ਖ਼ਿਲਾਫ ਵਿਭਾਗੀ ਕਾਰਵਾਈ ਦੇ ਵੀ ਹੁਕਮ ਦਿੱਤੇ ਹਨ।