Punjab Police encounter: ਹੁਸ਼ਿਆਰਪੁਰ ਦੇ ਮੁਕੇਰੀਆਂ ਵਿੱਚ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਗਈ ਪੁਲਿਸ ਪਾਰਟੀ 'ਤੇ ਹੋਏ ਹਮਲੇ ਵਿੱਚ ਹੈੱਡ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਸੀ। ਇਸ ਮਾਮਲੇ ਨੂੰ ਦੇਖਦੇ ਹੋਏ ਹੁਣ ਪੰਜਾਬ ਪੁਲਿਸ ਵਿੱਚ ਰੂਲ ਬਦਲ ਦਿੱਤੇ ਗਏ ਹਨ। 


ਦਰਅਸਲ ਹੈੱਡ ਕਾਂਸਟੇਬਲ ਅੰਮ੍ਰਿਤਪਾਲ ਦੀ ਪਿੰਡ ਮਨਸੂਰਪੁਰ ਵਿੱਚ ਮੌਤ ਹੋ ਗਈ ਕਿਉਂਕਿ ਉਸ ਨੇ ਮਿਸ਼ਨ 'ਤੇ ਬੁਲੇਟ ਪਰੂਫ ਜੈਕੇਟ ਨਹੀਂ ਪਾਈ ਹੋਈ ਸੀ। ਹੁਣ ਪੰਜਾਬ ਪੁਲਿਸ ਦੇ ਡੀਜੀਪੀ ਨੇ ਸਾਰੇ ਜ਼ਿਲ੍ਹਿਆਂ ਦੇ ਉੱਚ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਜਦੋਂ ਵੀ ਜ਼ਿਲ੍ਹਾ ਪੁਲੀਸ, ਸੀਆਈਏ ਸਟਾਫ਼, ਏਜੀਟੀਐਫ, ਐਸਟੀਐਫ ਸਟਾਫ਼ ਦੇ ਅਧਿਕਾਰੀ ਕਿਸੇ ਗੈਂਗਸਟਰ ਜਾਂ ਬਦਮਾਸ਼ ਨੂੰ ਗ੍ਰਿਫ਼ਤਾਰ ਕਰਨ ਜਾਂ ਛਾਪੇਮਾਰੀ ਕਰਨ ਲਈ ਜਾਂਦੇ ਹਨ ਤਾਂ ਉਹਨਾਂ ਨੂੰ ਬੁਲੇਟ ਪਰੂਫ ਜੈਕੇਟ ਪਹਿਨਣਾ ਯਕੀਨੀ ਬਣਾਓ।



ਰੇਡ, ਗ੍ਰਿਫ਼ਤਾਰ ਜਾਂ ਸਰਚ ਆਪ੍ਰੇਸ਼ਨ ਦੌਰਾਨ ਹੁਣ ਬੁਲੇਟ ਪਰੂਫ ਜੈਕੇਟ ਪਹਿਨਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਤਾਂ ਜੋ ਕਿਸੇ ਵੀ ਕਰਮਚਾਰੀ ਨੂੰ ਹੋਣ ਵਾਲੇ ਨੁਕਸਾਨ ਤੋਂ ਬਚਿਆ ਜਾ ਸਕੇ। ਪੰਜਾਬ ਸਰਕਾਰ ਨੇ ਡੀਜੀਪੀ ਨੂੰ ਇਹ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ ਕਿ ਕਿਸੇ ਵੀ ਫੋਰਸ ਦੇ ਮੁਲਾਜ਼ਮ ਬੁਲੇਟ ਪਰੂਫ ਜੈਕਟਾਂ ਤੋਂ ਬਿਨਾਂ ਛਾਪੇਮਾਰੀ, ਗ੍ਰਿਫਤਾਰ ਕਰਨ ਆਦਿ ਲਈ ਨਾ ਜਾਣ। 



ਜਾਣਕਾਰੀ ਅਨੁਸਾਰ ਇਸ ਸਬੰਧੀ ਹੋਣ ਵਾਲੀ ਮਾਸਿਕ ਮੀਟਿੰਗ ਵਿੱਚ ਇਸ ਸਬੰਧੀ ਹਦਾਇਤਾਂ ਦਿੱਤੀਆਂ ਜਾਣਗੀਆਂ। ਹਾਲ ਹੀ ਵਿੱਚ ਪੰਜਾਬ ਸਰਕਾਰ ਨੇ 500 ਬੁਲੇਟ ਪਰੂਫ ਜੈਕਟਾਂ ਖਰੀਦ ਕੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਵੰਡੀਆਂ ਹਨ।



ਮੁਕੇਰੀਆਂ ਨੇੜੇ ਮਨਸੂਰਪੁਰ 'ਚ ਐਤਵਾਰ ਨੂੰ ਹੈੱਡ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦਾ ਕਤਲ ਕਰਨ ਵਾਲਾ ਦੋਸ਼ੀ ਸੁਖਵਿੰਦਰ  ਸਿੰਘ ਉਰਫ਼ ਰਾਣਾ ਮਨਸੂਰਪੁਰੀਆ ਸੋਮਵਾਰ ਸ਼ਾਮ ਕਰੀਬ 6.30 ਵਜੇ ਪੁਲਿਸ ਵੱਲੋਂ ਮੁਕਾਬਲੇ ਵਿੱਚ ਮਾਰਿਆ ਗਿਆ। ਮਨਸੂਰਪੁਰ 'ਚ ਘਟਨਾ ਦੇ 30 ਘੰਟਿਆਂ ਦੇ ਅੰਦਰ ਹੀ ਨੈਸ਼ਨਲ ਹਾਈਵੇ 'ਤੇ ਮੁਕੇਰੀਆਂ ਦੇ ਪਿੰਡ ਪੁਰਾਣਾ ਭੰਗਾਲਾ ਨੇੜੇ ਇਹ ਮੁਕਾਬਲਾ ਹੋਇਆ।



ਹੁਸ਼ਿਆਰਪੁਰ ਪੁਲਿਸ ਸੋਮਵਾਰ ਸਵੇਰ ਤੋਂ ਹੀ ਵਾਰ-ਵਾਰ ਕਾਤਲ ਰਾਣਾ ਦੇ ਮੋਬਾਇਲ ਦੀ ਲੋਕੇਸ਼ਨ ਟ੍ਰੇਸ ਕਰ  ਰਹੀ ਸੀ। ਐਸ.ਐਸ.ਪੀ ਸੁਰਿੰਦਰ ਲਾਂਬਾ ਨੇ ਦੱਸਿਆ ਕਿ ਰਾਣਾ ਨੂੰ ਕਾਬੂ ਕਰਨ ਲਈ 3 ਐਸਪੀ, 7 ਡੀਐਸਪੀ, 7 ਐਸਐਚਓ ਸਮੇਤ 200 ਕਰਮਚਾਰੀਆਂ ਦੀ ਟੀਮ ਤਲਾਸ਼ੀ ਮੁਹਿੰਮ ਵਿੱਚ ਲੱਗੀ ਹੋਈ ਹੈ। ਸੋਮਵਾਰ ਸ਼ਾਮ 5 ਵਜੇ ਹਿਮਾਚਲ ਸਰਹੱਦ ਤੋਂ ਕਰੀਬ 3-4 ਕਿਲੋਮੀਟਰ ਪਹਿਲਾਂ ਹੀ ਪੁਲਿਸ ਨੇ ਰਾਣੇ ਨੂੰ ਘੇਰ ਲਿਆ ਸੀ। ਜਦੋਂ ਉਸ ਨੇ ਪੁਲਿਸ ਨੂੰ ਦੇਖਿਆ ਤਾਂ ਰਾਣੇ ਨੇ ਫਾਇਰ ਕਰਕੇ ਭੱਜਣਾ ਸ਼ੁਰੂ ਕਰ ਦਿੱਤਾ ਸੀ। ਜਵਾਬੀ ਕਾਰਵਾਈ ਵਿੱਚ ਫਿਰ ਰਾਣਾ ਢੇਰ ਹੋ ਗਿਆ।