ਅੰਮ੍ਰਿਤਸਰ: ਪੰਜਾਬ ਪੁਲਿਸ ਵੱਲੋਂ ਸਬ ਇੰਸਪੈਕਟਰ ਦਿਲਬਾਗ ਸਿੰਘ ਦੀ ਕਾਰ ਹੇਠ ਬੰਬ ਲਾਉਣ ਦੀ ਘਟਨਾ ਨੂੰ ਅੱਤਵਾਦੀ ਕਾਰਵਾਈ ਕਰਾਰ ਦਿੱਤਾ ਗਿਆ ਹੈ। ਅੱਜ ਏਡੀਜੀਪੀ ਕਾਊਂਟਰ ਇੰਟੈਲੀਜੈਂਸ ਆਰਐਨ ਢੋਕੇ ਘਟਨਾ ਸਥਾਨ ਦਾ ਨਿਰੀਖਣ ਕਰਨ ਲਈ ਸਬ ਇੰਸਪੈਕਟਰ ਦਿਲਬਾਗ ਸਿੰਘ ਦੇ ਘਰ ਪਹੁੰਚੇ। ਉਨ੍ਹਾਂ ਕਿਹਾ ਕਿ ਇਹ ਇੱਕ ਅੱਤਵਾਦੀ ਘਟਨਾ ਹੀ ਹੈ। ਪੰਜਾਬ 'ਚ ਜਿੰਨੇ ਵੀ ਆਈਈਡੀ ਮਿਲੇ ਸਨ, ਉਹ ਪਾਕਿਸਤਾਨ ਤੋਂ ਹੀ ਆਏ ਸਨ।
ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਦੇ ਸਬ ਇੰਸਪੈਕਟਰ ਦਿਲਬਾਗ ਸਿੰਘ ਨੂੰ ਹੀ ਨਿਸ਼ਾਨਾ ਬਣਾ ਕੇ ਆਈਈਡੀ ਲਾਇਆ ਗਿਆ ਸੀ। ਗੱਡੀ ਹੇਠ 2.700 ਵਜਨੀ ਆਈਈਡੀ ਲਾਇਆ ਗਿਆ ਸੀ। ਦਿਲਬਾਗ ਸਿੰਘ ਦੀ ਬੋਲੈਰੋ ਗੱਡੀ ਨੂੰ ਦੋ ਕਿਲੋ ਆਰਡੀਐਕਸ ਨਾਲ ਉਡਾਉਣ ਦੀ ਸਾਜਿਸ਼ ਰਚੀ ਗਈ ਸੀ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਅਗਲੇ ਕੁਝ ਘੰਟਿਆਂ 'ਚ ਸਾਰੇ ਮਾਮਲੇ ਦਾ ਖੁਲਾਸਾ ਕਰੇਗੀ। ਉਨ੍ਹਾਂ ਕਿਹਾ ਕਿ ਪੁਲਿਸ ਕੋਲ ਇਸ ਮਾਮਲੇ 'ਚ ਕਈ ਤਰਾਂ ਦੇ ਸੁਰਾਗ ਹਨ।
ਪੁਲਿਸ ਵੱਲੋਂ ਇਸ ਘਟਨਾ ਨੂੰ ਅੱਤਵਾਦ ਨਾਲ ਜੋੜਿਆ ਜਾ ਰਿਹਾ ਹੈ। ਪੁਲਿਸ ਦਾ ਮੰਨਣਾ ਹੈ ਕਿ ਅੱਤਵਾਦ ਵੇਲੇ ਸਬ-ਇੰਸਪੈਕਟਰ ਦਿਲਬਾਗ ਸਿੰਘ ਸਰਗਰਮ ਸਨ, ਜਿਸ ਕਾਰਨ ਉਨ੍ਹਾਂ ਨੂੰ ਲਗਾਤਾਰ ਧਮਕੀਆਂ ਵੀ ਮਿਲ ਰਹੀਆਂ ਸਨ। ਸੁਰੱਖਿਆ ਏਜੰਸੀਆਂ ਵੱਲੋਂ ਦਾਅਵਾ ਕੀਤਾ ਜਾ ਰਿਹਾ ਪੁਲਿਸ ਅਧਿਕਾਰੀ ਦੀ ਗੱਡੀ ਵਿੱਚ ਬੰਬ ਫਿੱਟ ਕਰਨਾ ਕਿਸੇ ਵੱਡੀ ਘਟਨਾ ਵੱਲ ਇਸ਼ਾਰਾ ਕਰਦਾ ਹੈ। ਭਾਵੇ ਕਿ ਇਸਦਾ ਸਮੇਂ ਸਿਰ ਪਤਾ ਲੱਗਣ ਤੇ ਬਚਾਅ ਹੋ ਗਿਆ ਪਰ ਫਿਰ ਵੀ ਸੁਰੱਖਿਆਂ ਨੂੰ ਲੈ ਕੇ ਸਵਾਲ ਖੜ੍ਹੇ ਹੁੰਦੇ ਹਨ।
ਇਹ ਬੰਬ ਸਬ -ਇੰਸਪੈਕਟਰ ਦਿਲਬਾਗ ਸਿੰਘ ਜੋ CIA 'ਚ ਤਾਇਨਾਤ ਹਨ ਦੀ ਗੱਡੀ ਹੇਠ ਲਗਾਇਆ ਗਿਆ ਹੈ। ਘਟਨਾ ਬੀਤੀ ਰਾਤ ਦੀ ਹੈ।ਸੀਸੀਟੀਵੀ ਕੈਮਰੇ 'ਚ ਦੇਖਿਆ ਜਾ ਸਕਦਾ ਹੈ ਕਿ ਦੋ ਨੌਜਵਾਨ ਮੋਟਰਸਾਇਕਲ ਤੇ ਆਉਂਦੇ ਹਨ ਅਤੇ ਘਰ ਬਾਹਰ ਖੜੀ ਗੱਡੀ ਦੇ ਹੇਠ ਬੰਬ ਲਗਾ ਕਿ ਫਰਾਰ ਹੋ ਜਾਂਦੇ ਹਨ। ਦਿਲਬਾਗ ਸਿੰਘ ਨੂੰ ਆਖਰ ਕਿਉਂ ਨਿਸ਼ਾਨਾ ਬਣਾਇਆ ਗਿਆ ਇਹ ਜਾਂਚ ਦਾ ਵਿਸ਼ਾ ਹੈ। ਦੱਸ ਦੇਈਏ ਕਿ ਦਿਲਬਾਗ ਸਿੰਘ ਅੱਤਵਾਦ ਦੇ ਦੌਰ 'ਚ ਕਾਫੀ ਐਕਟਿਵ ਰਹੇ ਹਨ।