Punjab Police encounter in Batala - ਪੰਜਾਬ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਅੱਜ ਸਵੇਰੇ ਮੁਕਾਬਲਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਦੀ ਜਾਣਕਾਰੀ ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਨੇ ਦਿੱਤੀ ਹੈ। ਡੀਜੀਪੀ ਮੁਤਾਬਕ ਗੁਰਦਾਸਪੁਰ ਅਧੀਨ ਪੈਂਦੇ ਬਟਾਲਾ ਵਿੱਚ ਪੰਜਾਬ ਪੁਲਿਸ ਦਾ ਗੈਂਗਸਟਰਾਂ ਨਾਲ ਮੁਕਾਬਲਾ ਹੋਇਆ ਹੈ। ਪੰਜਾਬ ਪੁਲਿਸ ਨੂੰ ਗੈਂਗਸਟਰਾਂ ਦੇ ਇੱਥੇ ਲੁਕੇ ਹੋਣ ਦੀ ਸੂਚਨਾ ਮਿਲੀ ਸੀ।
ਜਿਸ ਤੋਂ ਬਾਅਦ ਪੁਲਿਸ ਪਾਰਟੀ ਇਹਨਾਂ ਨੂੰ ਗ੍ਰਿਫ਼ਤਾਰ ਕਰਨ ਦੇ ਲਈ ਬਟਾਲਾ ਪਹੁੰਚੀ ਤਾਂ ਗੈਂਗਸਟਰਾਂ ਨੇ ਪੁਲਿਸ 'ਤੇ ਫਾਇਰਿੰਗ ਕਰ ਦਿੱਤੀ। ਜਿਸ ਤੋਂ ਬਾਅਦ ਕਰਾਸ ਫਾਇਰਿੰਗ ਵਿੱਚ ਪੁਲਿਸ ਨੇ ਇੱਕ ਗੈਂਗਸਟਰ ਨੂੰ ਉਸਦੀ ਲੱਤ ਵਿੱਚ ਗੋਲੀ ਮਾਰ ਕੇ ਗ੍ਰਿਫਤਾਰ ਕਰ ਲਿਆ। ਉਸ ਦੇ ਛੇ ਹੋਰ ਸਾਥੀਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਗਿਰੋਹ ਦਾ ਸਬੰਧ ਗੈਂਗਸਟਰ ਹੈਰੀ ਚੱਠਾ ਨਾਲ ਹੈ ਜੋ ਵਿਦੇਸ਼ ਵਿਚ ਬੈਠ ਕੇ ਉਸ ਦੇ ਕਹਿਣ 'ਤੇ ਫਿਰੌਤੀ ਵਸੂਲਦਾ ਸੀ।
ਡੀਜੀਪੀ ਗੌਰਵ ਯਾਦਵ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਪੰਜਾਬ ਪੁਲਿਸ ਪਹਿਲਾਂ ਹੀ ਹੈਰੀ ਚੱਠਾ ਦੇ ਗੈਂਗ 'ਤੇ ਨਜ਼ਰ ਰੱਖ ਰਹੀ ਸੀ। ਇਸ ਦੌਰਾਨ ਉਸ ਨੂੰ ਗੁਪਤ ਸੂਚਨਾ ਮਿਲੀ। ਪੁਲਿਸ ਨੇ ਸੂਚਨਾ 'ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਦੋਂ ਪੁਲਿਸ ਮੁਲਜ਼ਮਾਂ ਤੱਕ ਪਹੁੰਚੀ ਤਾਂ ਗੈਂਗਸਟਰਾਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ। ਪੁਲਿਸ ਨੂੰ ਸਵੈ-ਰੱਖਿਆ ਲਈ ਗੋਲੀਬਾਰੀ ਕਰਨੀ ਪਈ। ਇਸ ਦੌਰਾਨ ਗੋਲੀ ਮੁਲਜ਼ਮ ਦੀ ਲੱਤ ਵਿੱਚ ਲੱਗੀ।
ਪੁਲਿਸ ਨੇ ਹੈਰੀ ਚੱਠਾ ਗੈਂਗ ਨੂੰ ਹਥਿਆਰ ਅਤੇ ਪੈਸੇ ਮੁਹੱਈਆ ਕਰਵਾਉਣ ਵਾਲੇ ਗਿਰੋਹ ਦੇ 6 ਹੋਰ ਵਿਅਕਤੀਆਂ ਨੂੰ ਵੀ ਹਿਰਾਸਤ ਵਿੱਚ ਲਿਆ ਹੈ। ਹੈਰੀ ਚੱਠਾ ਵਿਦੇਸ਼ 'ਚ ਬੈਠ ਕੇ ਇਸ ਗਿਰੋਹ ਨੂੰ ਫਿਰੌਤੀ ਦੇ ਆਰਡਰ ਦਿੰਦਾ ਸੀ। ਮੁਲਜ਼ਮਾਂ ਖ਼ਿਲਾਫ਼ ਥਾਣਾ ਬਟਾਲਾ ਵਿੱਚ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਦੌਰਾਨ ਜ਼ਖ਼ਮੀ ਮੁਲਜ਼ਮ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ।
ਪੁਲਿਸ ਨੇ ਇਸ ਮਾਮਲੇ 'ਚ ਵੱਖ-ਵੱਖ ਅਪਰਾਧਾਂ 'ਚ ਵਰਤੇ ਗਏ 4 ਪਿਸਤੌਲ ਬਰਾਮਦ ਕੀਤੇ ਹਨ। ਇਨ੍ਹਾਂ ਤੋਂ ਇਲਾਵਾ ਪੁਲਿਸ ਨੇ 14 ਜਿੰਦਾ ਕਾਰਤੂਸ ਵੀ ਬਰਾਮਦ ਕੀਤੇ ਹਨ। ਮੁਲਜ਼ਮਾਂ ਕੋਲੋਂ ਇਹ ਹਥਿਆਰ ਗਰੋਹ ਕੋਲ ਕਿੱਥੋਂ ਤੱਕ ਪਹੁੰਚੇ, ਇਸ ਬਾਰੇ ਵੀ ਜਾਣਕਾਰੀ ਲਈ ਜਾ ਰਹੀ ਹੈ।