ਗਗਨਦੀਪ ਸ਼ਰਮਾ
ਅੰਮ੍ਰਿਤਸਰ: ਪੰਜਾਬ ਦੇ ਡੀਜੀਪੀ ਗੌਰਵ ਯਾਦਵ ਦੇ ਦਿਸ਼ਾ ਨਿਰਦੇਸ਼ਾਂ 'ਤੇ ਅੱਜ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਅੱਜ ਜ਼ਿਲ੍ਹੇ 'ਚ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਵੱਡੀ ਸੰਖਿਆ 'ਚ ਪੁਲਿਸ ਫੋਰਸ ਨੇ ਕਈ ਇਲਾਕਿਆਂ 'ਚ ਘਰੋਂ-ਘਰੀ ਜਾ ਕੇ ਸਰਚ ਕੀਤੀ। ਪੁਲਿਸ ਦੀ ਕਾਰਵਾਈ ਨੂੰ ਪੂਰੀ ਤਰ੍ਹਾਂ ਗੁਪਤ ਰੱਖਿਆ ਗਿਆ।
ਪੁਲਿਸ ਨੇ ਇੱਕੋ ਸਮੇਂ 'ਤੇ ਜੰਡਿਆਲਾ, ਮਜੀਠਾ, ਅਜਨਾਲਾ, ਰਈਆ, ਮਹਿਤਾ, ਬਾਬਾ ਬਕਾਲਾ ਸਮੇਤ ਦਰਜਨ ਦੇ ਕਰੀਬ ਕਸਬਿਆਂ ਦੇ ਚਰਚਿਤ ਇਲਾਕਿਆਂ 'ਚ ਛਾਪੇਮਾਰੀ ਕੀਤੀ ਗਈ। ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਐਸਐਸਪੀ ਸਵਪਨ ਸ਼ਰਮਾ ਨੇ ਖੁਦ ਜੰਡਿਆਲਾ ਗੁਰੂ ਦੇ ਸੇਖੂਪੁਰਾ ਮੁਹੱਲੇ 'ਚ ਛਾਪੇਮਾਰੀ ਦੀ ਅਗਵਾਈ ਕੀਤੀ।
ਪੁਲਿਸ ਵੱਲੋਂ ਅੱਜ ਉਨ੍ਹਾਂ ਚਰਚਿਤ ਥਾਵਾਂ 'ਤੇ ਸਰਚ ਅਭਿਆਨ ਚਲਾਇਆ ਗਿਆ, ਜਿੱਥੋਂ ਅਕਸਰ ਨਸ਼ੇ ਦੀ ਵਿਕਰੀ ਬਾਬਤ ਸ਼ਿਕਾਇਤਾਂ ਤੇ ਵੀਡੀਓਜ ਚਰਚਾ ਦਾ ਵਿਸ਼ਾ ਬਣਦੀਆਂ ਹਨ। ਐਸਐਸਪੀ ਸਵਪਨ ਸ਼ਰਮਾ ਨੇ ਕਿਹਾ ਕਿ ਪੁਲਿਸ ਦੀ ਛਾਪੇਮਾਰੀ ਦੌਰਾਨ ਕੁਝ ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ ਹੈ। ਬਰਾਮਦਗੀ ਦੀ ਸਾਰੀ ਡਿਟੇਲ ਸ਼ਾਮ ਨੂੰ ਸਾਂਝੀ ਕੀਤੀ ਜਾਵੇਗੀ। ਅੰਮ੍ਰਿਤਸਰ ਜਿਲੇ 'ਚ ਸਰਚ ਅਭਿਆਨ ਦੀ ਨਿਗਰਾਨੀ ਲਈ ਪੰਜਾਬ ਦੇ ਏਡੀਜੀਪੀ ਏਐਸ ਰਾਏ ਅੰਮ੍ਰਿਤਸਰ ਜਿਲੇ 'ਚ ਮੌਜੂਦ ਹਨ।
ਹੋਰ ਪੜ੍ਹੋ: ਕਰੋੜਾਂ ਦੀ ਵਿਦੇਸ਼ੀ ਕਰੰਸੀ ਲੈ ਵਿਦੇਸ਼ ਉਡਾਰੀ ਮਾਰ ਰਹੇ ਭਾਰਤੀ ਨਾਗਰਿਕ ਅੰਮ੍ਰਿਤਸਰ ਤੇ ਚੰਡੀਗੜ੍ਹ ਏਅਰਪੋਰਟ ਤੋਂ ਦਬੋਚੇ
ਅੰਮ੍ਰਿਤਸਰ: ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ (ਡੀਆਰਆਈ) ਵਿਭਾਗ ਵੱਲੋਂ ਵਿਦੇਸ਼ ਜਾ ਰਹੇ ਦੋ ਭਾਰਤੀ ਨਾਗਰਿਕਾਂ ਕੋਲੋਂ 1.52 ਕਰੋੜ ਰੁਪਏ ਦੇ ਮੁੱਲ ਦੀ ਵਿਦੇਸ਼ੀ ਕਰੰਸੀ ਬਰਾਮਦ ਕੀਤੀ ਗਈ ਹੈ। ਹਾਸਲ ਜਾਣਕਾਰੀ ਅਨੁਸਾਰ ਡੀਆਰਆਈ ਦੀ ਟੀਮ ਨੇ ਅੰਮ੍ਰਿਤਸਰ ਹਵਾਈ ਅੱਡੇ ’ਤੇ ਭਾਰਤੀ ਨਾਗਰਿਕ ਕੋਲੋਂ 1.08 ਕਰੋੜ ਰੁਪਏ ਦੇ ਮੁੱਲ ਦੀ ਵਿਦੇਸ਼ੀ ਕਰੰਸੀ ਬਰਾਮਦ ਕਰਕੇ ਉਸ ਨੂੰ ਗ੍ਰਿਫ਼ਤਾਰ ਕੀਤਾ ਹੈ।
ਇਸ ਮਗਰੋਂ ਡੀਆਰਆਈ ਅੰਮ੍ਰਿਤਸਰ ਦੀ ਸੂਚਨਾ ਦੇ ਆਧਾਰ ’ਤੇ ਚੰਡੀਗੜ੍ਹ ਹਵਾਈ ਅੱਡੇ ’ਤੋਂ ਵੀ ਇੱਕ ਭਾਰਤੀ ਨਾਗਰਿਕ ਨੂੰ 44 ਲੱਖ ਰੁਪਏ ਦੇ ਮੁੱਲ ਦੀ ਵਿਦੇਸ਼ੀ ਕਰੰਸੀ ਨਾਲ ਗ੍ਰਿਫ਼ਤਾਰ ਕੀਤਾ ਗਿਆ ਹੈ। ਵਿਭਾਗ ਦੇ ਸੂਤਰਾਂ ਮੁਤਾਬਕ ਇਹ ਕਾਰਵਾਈ ਡੀਆਰਆਈ ਦੇ ਵਧੀਕ ਡਾਇਰੈਕਟਰ ਜਨਰਲ ਨਿਤਿਨ ਸੈਣੀ ਦੇ ਨਿਰਦੇਸ਼ਾਂ ਹੇਠ ਕੀਤੀ ਗਈ ਹੈ। ਬਰਾਮਦ ਕੀਤੀ ਗਈ ਵਿਦੇਸ਼ੀ ਕਰੰਸੀ ਵਿੱਚ ਸਾਊਦੀ ਅਰਬ ਦੇ ਰਿਆਲ, ਕਤਰ ਦੇ ਰਿਆਲ, ਯੂਰੋ ਤੇ ਕੁਵੈਤੀ ਦੀਨਾਰ ਆਦਿ ਸ਼ਾਮਲ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।