Punjab News: ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਨਸ਼ਿਆਂ ਵਿਰੁੱਧ ਜਾਰੀ ਜੰਗ ਤਹਿਤ ਇੱਕ ਹੋਰ ਵੱਡੀ ਸਫਲਤਾ ਦਰਜ ਕਰਦਿਆਂ ਪੰਜਾਬ ਪੁਲਿਸ ਨੇ ਸੀਮਾ ਸੁਰੱਖਿਆ ਬਲ (ਬੀ.ਐਸ.ਐਫ.) ਨਾਲ ਸਾਂਝੇ ਆਪ੍ਰੇਸ਼ਨ ਦੌਰਾਨ ਸ਼ਨੀਵਾਰ ਅਤੇ ਐਤਵਾਰ ਦੀ ਦਰਮਿਆਨੀ ਰਾਤ ਨੂੰ ਬਾਰਡਰ ਚੌਂਕੀ (ਬੀ.ਓ.ਪੀ.) ਕੱਕੜ ਦੇ ਖੇਤਰ ਵਿੱਚ ਚਲਾਈ ਤਲਾਸ਼ੀ ਮੁਹਿੰਮ ਤਹਿਤ 5 ਕਿਲੋ ਹੈਰੋਇਨ ਨਾਲ ਲੱਦੇ ਇੱਕ ਆਧੁਨਿਕ ਹੈਕਸਾਕਾਪਟਰ ਡਰੋਨ ਨੂੰ ਢੇਰ ਕਰ ਦਿੱਤਾ ਹੈ । ਡਾਇਰੈਕਟਰ ਜਨਰਲ ਆਫ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਕਿਹਾ ਕਿ ਦੋ ਮਹੀਨਿਆਂ ਤੋਂ ਵੀ ਘੱਟ ਸਮੇਂ ਵਿੱਚ ਨਸ਼ਟ ਕੀਤਾ ਗਿਆ ਇਹ ਛੇਵਾਂ ਡਰੋਨ ਹੈ। ਉਨਾਂ ਦੱਸਿਆ ਕਿ 10 ਲੱਖ ਰੁਪਏ ਦੀ ਕੀਮਤ ਵਾਲੇ ਇਸ ਹਾਈਬਿ੍ਰਡ 6-ਵਿੰਗਡ ਡਰੋਨ ਨੂੰ ਅਮਰੀਕਾ ਅਤੇ ਚੀਨ ਵਿੱਚ ਤਿਆਰ ਕੀਤੇ ਪੁਰਜਿਆਂ ਨਾਲ ਅਸੈਂਬਲ ਕੀਤਾ ਗਿਆ ਅਤੇ ਇਹ ਲੰਬੇ ਸਮੇਂ ਤੱਕ ਚੱਲਣ ਵਾਲੇ ਬੈਟਰੀ ਬੈਕਅਪ ਅਤੇ ਇਨਫਰਾਰੈੱਡ ਅਧਾਰਤ ਨਾਈਟ ਵਿਜ਼ਨ ਕੈਮਰਾ ਅਤੇ ਜੀ.ਪੀ.ਐਸ. ਸਿਸਟਮ ਸਮੇਤ ਹਾਈ-ਟੈਕ ਵਿਸ਼ੇਸ਼ਤਾਵਾਂ ਨਾਲ ਲੈਸ ਹੈ। ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਸ਼ਨੀਵਾਰ ਅਤੇ ਐਤਵਾਰ ਦੀ ਦਰਮਿਆਨੀ ਰਾਤ ਨੂੰ ਭਾਰਤ-ਪਾਕਿ ਸਰਹੱਦ ‘ਤੇ ਡਰੋਨ ਦੀ ਹਲਚਲ ਨੂੰ ਦੇਖਦਿਆਂ, ਅੰਮਿ੍ਰਤਸਰ ਦਿਹਾਤੀ ਜਿਲੇ ਦੀਆਂ ਪੁਲਿਸ ਟੀਮਾਂ ਨੇ ਤੁਰੰਤ ਬੀਐਸਐਫ ਨਾਲ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ ਅਤੇ ਸਾਂਝੇ ਤੌਰ ‘ਤੇ ਪਿੰਡ ਕੱਕੜ , ਜੋ ਭਾਰਤ-ਪਾਕਿ ਸਰਹੱਦ ਤੋਂ ਸਿਰਫ 2 ਕਿਲੋਮੀਟਰ ਦੀ ਦੂਰੀ ’ਤੇ ਹੈ, ਦੇ ਖੇਤਰ ਵਿੱਚ ਡੂੰਘਾਈ ਨਾਲ ਤਲਾਸ਼ੀ ਮੁਹਿੰਮ ਚਲਾਈ। । ਉਨਾਂ ਕਿਹਾ ਕਿ ਪੁਲਿਸ ਟੀਮਾਂ ਨੇ ਡਰੋਨ ਨੂੰ ਢੇਰ ਕਰਨ ਲਈ ਏ.ਕੇ.-47 ਤੋਂ ਲਗਭਗ 12 ਬਰਸਟ ਫਾਇਰ ਕੀਤੇ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸੀਨੀਅਰ ਪੁਲਿਸ ਕਪਤਾਨ (ਐੱਸ.ਐੱਸ.ਪੀ.) ਅੰਮਿ੍ਰਤਸਰ ਦਿਹਾਤੀ ਸਵਪਨ ਸ਼ਰਮਾ ਨੇ ਦੱਸਿਆ ਕਿ ਪੁਲਸ ਨੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕਰ ਰਹੇ ਦੋ ਵਿਅਕਤੀਆਂ ਨੂੰ ਕਾਬੂ ਕਰ ਲਿਆ । ਉਨਾਂ ਕਿਹਾ ਕਿ ਡਰੋਨ ਰਾਹੀਂ ਇਸ ਖੇਪ ਭੇਜਣ ਵਾਲੇ ਪਾਕਿ ਸਮੱਗਲਰਾਂ ਅਤੇ ਉਨਾਂ ਦੇ ਭਾਰਤੀ ਸਾਥੀਆਂ , ਜਿਨਾਂ ਨੇ ਡਰੋਨ ਰਾਹੀਂ ਭੇਜੀ ਹੈਰੋਇਨ ਦੀ ਇਹ ਖੇਪ ਪ੍ਰਾਪਤ ਕਰਨੀ ਸੀ, ਬਾਰੇ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ । ਇਸੇ ਦੌਰਾਨ ਥਾਣਾ ਲੋਪੋਕੇ ਅੰਮਿ੍ਰਤਸਰ ਦਿਹਾਤੀ ਵਿਖੇ ਐਨ.ਡੀ.ਪੀ.ਐਸ. ਐਕਟ ਦੀਆਂ ਧਾਰਾਵਾਂ 21, 23 ਅਤੇ 28 ਅਤੇ ਏਅਰਕ੍ਰਾਫਟ ਐਕਟ ਦੀਆਂ ਧਾਰਾਵਾਂ 10, 11 ਅਤੇ 12 ਤਹਿਤ ਮੁਕੱਦਮਾ ਨੰਬਰ 12 ਮਿਤੀ 22/1/2023 ਦਰਜ ਕੀਤਾ ਗਿਆ ਹੈ। ਦੋ ਮਹੀਨਿਆਂ ਵਿੱਚ 6 ਡਰੋਨ ਬਰਾਮਦ 29 ਨਵੰਬਰ, 2022: ਤਰਨਤਾਰਨ ਦੇ ਖੇਮਕਰਨ ਵਿੱਚ ਬਾਰਡਰ ਚੌਕੀ (ਬੀ.ਓ.ਪੀ.) ਹਰਭਜਨ ਦੇ ਅਧਿਕਾਰ ਖੇਤਰ ਵਿੱਚ 6.68 ਕਿਲੋ ਹੈਰੋਇਨ ਦੇ ਛੇ ਪੈਕੇਟ ਲਿਜਾ ਰਿਹਾ ਹੈਕਸਾਕਾਪਟਰ ਡਰੋਨ ਬਰਾਮਦ ਕੀਤਾ ਗਿਆ। 30 ਨਵੰਬਰ 2022: ਤਰਨਤਾਰਨ ਦੇ ਖਾਲੜਾ ਦੇ ਪਿੰਡ ਵਣ ਤਾਰਾ ਸਿੰਘ ਦੇ ਇਲਾਕੇ ਵਿੱਚੋਂ ਇੱਕ ਟੁੱਟਿਆ ਹੋਇਆ ਕਵਾਡਕਾਪਟਰ ਡਰੋਨ ਬਰਾਮਦ ਕੀਤਾ ਗਿਆ। 2 ਦਸੰਬਰ 2022:ਤਰਨਤਾਰਨ ਦੇ ਖੇਮਕਰਨ ਖੇਤਰ ਤੋਂ 5.60 ਕਿਲੋ ਹੈਰੋਇਨ ਦੇ ਪੰਜ ਪੈਕੇਟ ਲਿਜਾ ਰਿਹਾ ਹੈਕਸਾਕਾਪਟਰ ਡਰੋਨ ਬਰਾਮਦ ਕੀਤਾ । 4 ਦਸੰਬਰ, 2022: ਤਰਨਤਾਰਨ ਵਿੱਚ ਬਾਰਡਰ ਚੌਕੀ (ਬੀਓਪੀ) ਕਾਲੀਆ ਦੇ ਖੇਤਰ ਵਿੱਚੋਂ 3.06 ਕਿਲੋ ਵਜ਼ਨੀ ਹੈਰੋਇਨ ਦੇ ਤਿੰਨ ਪੈਕੇਟ ਨਾਲ ਲੱਦਿਆ ਇੱਕ ਕਵਾਡਕਾਪਟਰ ਡਰੋਨ ਬਰਾਮਦ ਕੀਤਾ ਗਿਆ। ਦਸੰਬਰ 25, 2022: ਅੰਮਿ੍ਰਤਸਰ ਦਿਹਾਤੀ ਪੁਲਿਸ ਵੱਲੋਂ 10 ਕਿਲੋ ਹੈਰੋਇਨ ਸਮੇਤ ਯੂਐਸਏ ਦਾ ਬਣਿਆ 20 ਲੱਖ ਰੁਪਏ ਦੀ ਕੀਮਤ ਦਾ ਡੀਜੇਆਈ ਸੀਰੀਜ ਹਾਈ-ਟੈਕ ਡਰੋਨ ਕੀਤਾ ਬਰਾਮਦ। 22 ਜਨਵਰੀ, 2023: ਅੰਮਿ੍ਰਤਸਰ ਦਿਹਾਤੀ ਦੇ ਬੀਓਪੀ ਕੱਕੜ ਦੇ ਇਲਾਕੇ ਤੋਂ 5 ਕਿਲੋ ਹੈਰੋਇਨ ਲੈ ਕੇ ਜਾ ਰਿਹਾ ਹੈਕਸਾਕਾਪਟਰ ਹਾਈਟੈਕ ਡਰੋਨ ਬਰਾਮਦ ਕੀਤਾ ਗਿਆ।
ਪੰਜਾਬ ਪੁਲਿਸ ਨੇ ਬੀ.ਐਸ.ਐਫ. ਨਾਲ ਸਾਂਝੇ ਆਪ੍ਰੇਸ਼ਨ ਤਹਿਤ ਅੰਮਿ੍ਰਤਸਰ ਵਿੱਚ 5 ਕਿਲੋ ਹੈਰੋਇਨ ਨਾਲ ਲੱਦਿਆ ਹਾਈਟੈਕ ਡਰੋਨ ਕੀਤਾ ਢੇਰ
ਏਬੀਪੀ ਸਾਂਝਾ | sanjhadigital | 22 Jan 2023 08:41 PM (IST)
ਡਾਇਰੈਕਟਰ ਜਨਰਲ ਆਫ ਪੁਲਿਸ ਪੰਜਾਬ ਗੌਰਵ ਯਾਦਵ ਨੇ ਕਿਹਾ ਕਿ ਦੋ ਮਹੀਨਿਆਂ ਤੋਂ ਵੀ ਘੱਟ ਸਮੇਂ ਵਿੱਚ ਨਸ਼ਟ ਕੀਤਾ ਗਿਆ ਇਹ ਛੇਵਾਂ ਡਰੋਨ ਹੈ।
PUNJAB POLICE,