ਪੰਜਾਬ ਪੁਲਿਸ ਦੀ ਹਿਰਾਸਤ ਵਿਚੋਂ ਮੁਲਜ਼ਮਾਂ ਦੇ ਭੱਜਣ ਦੇ ਮਾਮਲੇ ਰੁਕਣ ਦਾ ਨਾਮ ਨਹੀਂ ਲੈ ਰਹੇ। ਪਿਛਲੇ ਕੁੱਝ ਮਹੀਨਿਆਂ ਤੋਂ ਅਜਿਹੀ ਖਬਰਾਂ ਬੈਕ ਟੂ ਬੈਕ ਆ ਰਹੀਆਂ ਹਨ।  ਹੁਣ ਇੱਕ ਹੋਰ ਨਵਾਂ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਆਰੋਪੀ ਹੱਥਕੜੀਆਂ ਸਮੇਤ ਹੀ ਫਰਾਰ ਹੋ ਗਿਆ ਹੈ। ਤਾਜ਼ਾ ਮਾਮਲਾ ਖਡੂਰ ਸਾਹਿਬ ਤੋਂ ਸਾਹਮਣੇ ਆਇਆ ਹੈ। ਲਗਭਗ 10 ਦਿਨ ਪਹਿਲਾਂ ਨਾਜਾਇਜ਼ ਪਿਸਤੌਲ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਮੁਲਜ਼ਮ ਜਸਕਰਨ ਸਿੰਘ ਪੁਲਿਸ ਨੂੰ ਚਕਮਾ ਦੇ ਕੇ ਹੱਥਕੜੀ ਸਮੇਤ ਫਰਾਰ ਹੋ ਗਿਆ।

Continues below advertisement

ਪੁਲਿਸ ਵਿਭਾਗ ਵਿੱਚ ਮੱਚਿਆ ਹੜਕੰਪ

ਮੁਲਜ਼ਮ ਦੇ ਫਰਾਰ ਹੋਣ ਨਾਲ ਪੁਲਿਸ ਵਿਭਾਗ ਵਿੱਚ ਹੜਕੰਪ ਮਚ ਗਿਆ ਹੈ ਅਤੇ ਉਸ ਦੀ ਭਾਲ ਜਾਰੀ ਹੈ। ਇਸ ਮਾਮਲੇ ਵਿੱਚ ASI ਸੁਖਵੰਤ ਸਿੰਘ, ਸਿਪਾਹੀ ਸਤਨਾਮ ਸਿੰਘ ਦੇ ਨਾਲ-ਨਾਲ ਮੁਲਜ਼ਮ ਦੇ ਪਿਤਾ ਸਤਨਾਮ ਸਿੰਘ ਅਤੇ ਉਸ ਦੇ ਦੋਸਤ ਹਰਮਨਦੀਪ ਸਿੰਘ ਖ਼ਿਲਾਫ਼ ਥਾਣਾ ਹਰਿਕੇ ਪੱਤਣ ਵਿੱਚ ਕੇਸ ਦਰਜ ਕੀਤਾ ਗਿਆ ਹੈ।

Continues below advertisement

ਪਿੰਡ ਕੋਟਦਾਤਾ ਨਿਵਾਸੀ ਜਸਕਰਨ ਸਿੰਘ ਨੂੰ ਉਸ ਦੇ ਦੋ ਹੋਰ ਸਾਥੀਆਂ ਸਮੇਤ 11 ਦਸੰਬਰ ਨੂੰ ਥਾਣਾ ਹਰਿਕੇ ਦੀ ਪੁਲਿਸ ਨੇ ਨਾਜਾਇਜ਼ ਅਸਲਾ ਸਮੇਤ ਗ੍ਰਿਫ਼ਤਾਰ ਕੀਤਾ ਸੀ। ਬਾਈਕ ਸਵਾਰ ਤਿੰਨਾਂ ਕੋਲੋਂ 32 ਬੋਰ ਦਾ ਨਾਜਾਇਜ਼ ਪਿਸਤੌਲ, ਦੋ ਕਾਰਤੂਸ ਅਤੇ 11 ਖਾਲੀ ਖੋਲ ਬਰਾਮਦ ਹੋਏ ਸਨ।

ਪੁਲਿਸ ਰਿਮਾਂਡ ਦੌਰਾਨ ਮੁਲਜ਼ਮ ਜਸਕਰਨ ਸਿੰਘ ਨੇ ਕਈ ਵਾਰਦਾਤਾਂ ਨੂੰ ਅੰਜਾਮ ਦੇਣ ਦੀ ਕਬੂਲੀ ਕੀਤੀ। ਰਿਮਾਂਡ ਖਤਮ ਹੋਣ ਉਪਰੰਤ ਅਦਾਲਤ ਨੇ ਉਸ ਨੂੰ ਜੇਲ੍ਹ ਭੇਜਣ ਦੇ ਹੁਕਮ ਦਿੱਤੇ। ਡਿਊਟੀ ਅਧਿਕਾਰੀ ASI ਸੁਖਵੰਤ ਸਿੰਘ ਅਤੇ ਸਿਪਾਹੀ ਸਤਨਾਮ ਸਿੰਘ ਉਸ ਨੂੰ ਕੇਂਦਰੀ ਜੇਲ੍ਹ ਅੰਮ੍ਰਿਤਸਰ ਛੱਡਣ ਗਏ, ਪਰ ਵਾਪਸ ਨਹੀਂ ਆਏ।

ਪੁਲਿਸ ਵਾਲਿਆਂ 'ਤੇ ਡਿੱਗੀ ਗਾਜ਼

ਪੜਤਾਲ ਦੌਰਾਨ ਸਾਹਮਣੇ ਆਇਆ ਕਿ ਜਸਕਰਨ ਸਿੰਘ ਦੋਵਾਂ ਦੀ ਹਿਰਾਸਤ ਵਿੱਚੋਂ ਹੱਥਕੜੀ ਸਮੇਤ ਫਰਾਰ ਹੋ ਗਿਆ ਹੈ। ਇਸ ਘਟਨਾ ਤੋਂ ਬਾਅਦ ਵਿਭਾਗ ਨੇ ਦੋਵੇਂ ਪੁਲਿਸ ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ ਹੈ।

ਐੱਸਐੱਸਪੀ ਸੁਰਿੰਦਰ ਲਾਂਬਾ ਨੇ ਦੱਸਿਆ ਕਿ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਜਸਕਰਨ ਸਿੰਘ ਨੂੰ ਪੁਲਿਸ ਹਿਰਾਸਤ ਤੋਂ ਭੱਜਣ ਵਿੱਚ ਉਸ ਦੇ ਪਿਤਾ ਗੁਰਨਾਮ ਸਿੰਘ ਨੇ ਮਦਦ ਕੀਤੀ। ਹੱਥਕੜੀ ਸਮੇਤ ਫਰਾਰ ਹੋਏ ਜਸਕਰਨ ਸਿੰਘ ਨੂੰ ਉਸ ਦੇ ਦੋਸਤ ਹਰਮਨਦੀਪ ਸਿੰਘ ਨੇ ਬੁਰਜ ਦੇਵਾ ਸਿੰਘ ਵਿਖੇ ਆਪਣੇ ਘਰ ਵਿੱਚ ਪਨਾਹ ਦਿੱਤੀ ਸੀ। ਪੁਲਿਸ ਵੱਲੋਂ ਸਾਰੇ ਦੋਸ਼ੀਆਂ ਖ਼ਿਲਾਫ ਕੇਸ ਦਰਜ ਕਰਕੇ ਅਗਲੀ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਪੁਲਿਸ ਮੁਲਜ਼ਮ ਦੀ ਭਾਲ ਵਿੱਚ ਜੁੱਟੀ ਹੋਈ ਹੈ।