Punjab Police officers dismissed:  ਪੰਜਾਬ ਵਿੱਚ ਅਧਿਆਪਕਾਂ ਤੋਂ ਬਾਅਦ ਹੁਣ ਪੁਲਿਸ ਦੇ ਮੁਲਾਜ਼ਮਾਂ ਦਾ ਵੀ ਵਿਦੇਸ਼ਾਂ ਵਿੱਚ ਘੁੰਮਣ ਦਾ ਸ਼ੌਂਕ ਵੱਧਦਾ ਜਾ ਰਿਹਾ ਹੈ। ਅਤੇ ਪੰਜਾਬ ਪੁਲਿਸ ਦੇ ਮੁਲਾਜ਼ਮ ਵੀ ਅਧਿਆਪਕਾਂ ਵਾਂਗ ਵਿਦੇਸ਼ਾਂ ਵਿੱਚ ਕਬੂਤਰ ਹੋ ਰਹੇ ਹਨ। ਅਜਿਹਾ ਸਾਰੇ ਤਾਂ ਨਹੀਂ ਕਰ ਰਹੇ ਪਰ ਜਿਹਨਾਂ ਨੇ ਕੀਤਾ ਹੈ ਪੰਜਾਬ ਪੁਲਿਸ ਨੇ ਉਹਨਾਂ ਖਿਲਾਫ਼ ਕਾਰਵਾਈ ਕੀ ਕਰ ਦਿੱਤੀ ਹੈ।


 


ਦਰਅਸਲ ਜਲੰਧਰ ਪੁਲਿਸ ਵਿੱਚ ਤਾਇਨਾਤ 5 ਮੁਲਾਜ਼ਮ ਕੈਨੇਡਾ ਅਤੇ ਆਸਟ੍ਰੇਲੀਆ ਦੌਰੇ 'ਤੇ ਗਏ ਸਨ। ਜਿਸ ਦੌਰਾਨ ਪੁਲਿਸ ਉਹਨਾਂ ਦਾ ਇੰਤਜ਼ਾਰ ਕਰਦੀ ਰਹੀ ਪਰ ਉਹ ਵਾਪਸ ਨਹੀਂ ਆਏ। ਜਿਸ ਕਾਰਨ ਹੁਣ ਉਹਨਾਂ 5 ਮੁਲਾਜ਼ਮਾਂ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ। 


 


ਦੱਸਿਆ ਗਿਆ ਹੈ ਕਿ ਅਨੁਸ਼ਾਸਨਹੀਣਤਾ ਕਾਰਨ ਪੁਲਿਸ ਕਮਿਸ਼ਨਰ ਜਲੰਧਰ ਨੇ ਛੇ ਅਧਿਕਾਰੀਆਂ ਨੂੰ ਬਰਖਾਸਤ ਕਰ ਦਿੱਤਾ ਹੈ। ਇਸ ਵਿੱਚ ਪੰਜ ਕਰਮਚਾਰੀ ਵੀ ਸ਼ਾਮਲ ਹਨ ਜੋ ਵਿਦੇਸ਼ ਤੋਂ ਵਾਪਸ ਨਹੀਂ ਪਰਤੇ ਹਨ। ਇਨ੍ਹਾਂ ਵਿੱਚ ਦੋ ਹੈੱਡ ਕਾਂਸਟੇਬਲ, ਇੱਕ ਲੇਡੀ ਕਾਂਸਟੇਬਲ, ਇੱਕ ਸੀਨੀਅਰ ਕਾਂਸਟੇਬਲ ਅਤੇ ਦੋ ਕਾਂਸਟੇਬਲ ਸ਼ਾਮਲ ਹਨ।


 


ਜਲੰਧਰ ਦੇ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਵੱਖ-ਵੱਖ ਰੈਂਕਾਂ ਦੇ ਪੁਲਿਸ ਮੁਲਾਜ਼ਮਾਂ ਨੂੰ ਬਰਖਾਸਤ ਕਰ ਦਿੱਤਾ ਹੈ। ਜਿਨ੍ਹਾਂ 6 ਪੁਲਿਸ ਅਧਿਕਾਰੀਆਂ ਨੂੰ ਬਰਖਾਸਤ ਕੀਤਾ ਗਿਆ ਹੈ, ਉਨ੍ਹਾਂ ਵਿਚੋਂ ਇਕ ਆਪਣੀ ਡਿਊਟੀ ਤੋਂ ਲਗਾਤਾਰ ਗੈਰਹਾਜ਼ਰ ਸੀ ਜਦਕਿ ਪੰਜ ਕਰਮਚਾਰੀ ਛੁੱਟੀ ਲੈ ਕੇ ਕੈਨੇਡਾ ਅਤੇ ਆਸਟ੍ਰੇਲੀਆ ਚਲੇ ਗਏ ਸਨ ਅਤੇ ਛੁੱਟੀ ਖ਼ਤਮ ਹੋਣ ਤੋਂ ਬਾਅਦ ਵਾਪਸ ਨਹੀਂ ਆਏ।


 


ਪੰਜਾਬ ਸਰਕਾਰ ਐਕਸ-ਇੰਡੀਆ ਲੀਵ 'ਤੇ ਗਏ ਉਨ੍ਹਾਂ ਮੁਲਾਜ਼ਮਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਦਾ ਇਰਾਦਾ ਬਣਾ ਰਹੀ ਹੈ ਜੋ ਵਿਦੇਸ਼ਾਂ 'ਚ ਬੈਠ ਕੇ ਲਗਾਤਾਰ ਛੁੱਟੀਆਂ ਵਧਾ ਰਹੇ ਹਨ ਅਤੇ ਜਿਹੜੇ ਕਰਮਚਾਰੀ ਦੂਜੇ ਦੇਸ਼ਾਂ ਦੀ ਪੀ.ਆਰ. (ਪਰਮਾਨੈਂਟ ਰੈਜ਼ੀਡੈਂਟ) ਪ੍ਰਾਪਤ ਕਰ ਚੁੱਕੇ ਹਨ ਅਤੇ ਜ਼ਿਆਦਾ ਸਮਾਂ ਵਿਦੇਸ਼ਾਂ 'ਚ ਬਿਤਾਉਂਦੇ ਹਨ, ਉਨ੍ਹਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।  


 


ਸਰਕਾਰ ਨੇ ਸਾਰੇ ਵਿਭਾਗਾਂ ਨੂੰ ਸਾਬਕਾ ਭਾਰਤੀ ਛੁੱਟੀ 'ਤੇ ਗਏ ਅਤੇ ਪੀਆਰ ਪ੍ਰਾਪਤ ਕਰਨ ਵਾਲੇ ਕਰਮਚਾਰੀਆਂ ਦੀ ਸੂਚੀ ਦੇਣ ਦੇ ਨਿਰਦੇਸ਼ ਦਿੱਤੇ ਹਨ। ਸੂਤਰਾਂ ਅਨੁਸਾਰ ਸੂਬਾ ਸਰਕਾਰ ਨੇ ਪੀਆਰ ਕਾਰਡ ਧਾਰਕਾਂ ਨੂੰ ਸਿੱਧੇ ਤੌਰ 'ਤੇ ਨੌਕਰੀ ਤੋਂ ਹਟਾਉਣ ਦਾ ਫ਼ੈਸਲਾ ਕੀਤਾ ਹੈ ਅਤੇ ਇਸ ਸਬੰਧੀ ਵੱਡੇ ਪੱਧਰ 'ਤੇ ਕਾਰਵਾਈ ਕੀਤੀ ਜਾ ਸਕਦੀ ਹੈ। 



ਸਤੰਬਰ ਮਹੀਨੇ ਸਰਕਾਰ ਵੱਲੋਂ ਸਿੱਖਿਆ ਵਿਭਾਗ ਨੂੰ ਭੇਜੇ ਪੱਤਰ ਵਿਚ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਉਨ੍ਹਾਂ ਅਧਿਕਾਰੀਆਂ/ਕਰਮਚਾਰੀਆਂ ਦੀ ਸੂਚੀ ਬਣਾਉਣ ਲਈ ਕਿਹਾ ਗਿਆ ਹੈ ਜੋ ਪੀਆਰ ਲੈ ਕੇ ਵਿਦੇਸ਼ ਵਿ 'ਚ ਰਹਿ ਰਹੇ ਹਨ ਜਾਂ ਜਿਨ੍ਹਾਂ ਨੇ ਸਰਕਾਰੀ ਨੌਕਰੀ ਵਿਚ ਹੋਣ ਦੇ ਬਾਵਜੂਦ ਪੀਆਰ ਲਈ ਅਪਲਾਈ ਕੀਤਾ ਹੈ। ਉਨ੍ਹਾਂ ਅਧਿਕਾਰੀਆਂ/ਕਰਮਚਾਰੀਆਂ ਦਾ ਵੀ ਵੇਰਵਾ ਮੰਗਿਆ ਗਿਆ ਹੈ ਜੋ ਬਿਨਾਂ ਛੁੱਟੀ ਮਨਜ਼ੂਰ ਕੀਤੇ ਵਿਦੇਸ਼ਾਂ ਵਿਚ ਰਹਿ ਰਹੇ ਹਨ।  


   
ਐਕਸ-ਇੰਡੀਆ ਲੀਵ ਦੀ ਆੜ 'ਚ ਵਿਦੇਸ਼ਾਂ 'ਚ ਜ਼ਿਆਦਾ ਸਮਾਂ ਬਿਤਾਉਣ ਵਾਲੇ ਪੰਜਾਬ ਦੇ ਅਧਿਆਪਕਾਂ ਖਿਲਾਫ਼ ਸਭ ਤੋਂ ਸਖ਼ਤ ਕਾਰਵਾਈ ਅਕਾਲੀ-ਭਾਜਪਾ ਸਰਕਾਰ ਵੇਲੇ ਹੋਈ ਸੀ, ਜਦੋਂ ਤਤਕਾਲੀ ਸਿੱਖਿਆ ਮੰਤਰੀ ਡਾ.ਦਲਜੀਤ ਸਿੰਘ ਚੀਮਾ ਨੇ ਅਜਿਹੇ ਇਕ ਹਜ਼ਾਰ ਦੇ ਕਰੀਬ ਅਧਿਆਪਕਾਂ 'ਤੇ ਕਾਰਵਾਈ ਕਰਕੇ ਉਨ੍ਹਾਂ ਨੂੰ ਬਰਖ਼ਾਸਤ ਕਰ ਦਿੱਤਾ ਸੀ।  ਇਹ ਅਧਿਆਪਕ ਆਪਣੀ ਡਿਊਟੀ ਛੱਡ ਕੇ ਲੰਬੇ ਸਮੇਂ ਤੋਂ ਵਿਦੇਸ਼ ਵਿਚ ਰਹਿ ਰਿਹਾ ਸੀ।