Tarn Taran Pakistani Drone: ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੇ ਖੇਮ ਕਰਨ ਸੈਕਟਰ ਵਿੱਚ ਪਾਕਿਸਤਾਨੀ ਡਰੋਨ ਸਮੇਤ ਹੈਰੋਇਨ ਦੇ ਪੰਜ ਪੈਕਟ ਬਰਾਮਦ ਕੀਤੇ ਗਏ ਹਨ। ਸ਼ੁੱਕਰਵਾਰ ਸਵੇਰੇ ਪੁਲਸ ਨੂੰ ਇਹ ਸਫਲਤਾ ਉਸ ਸਮੇਂ ਮਿਲੀ ਜਦੋਂ ਐੱਸਐੱਚਓ ਕੰਵਲਜੀਤ ਰਾਏ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਬੀਐੱਸਐੱਫ ਦੀ ਮਦਦ ਲੈ ਕੇ ਸਰਹੱਦ 'ਤੇ ਪੈਂਦੇ ਪਿੰਡ ਕਲਰਸ ਦੀ ਡਰੇਨ ਨੇੜਿਓਂ ਇੱਕ ਪਾਕਿਸਤਾਨੀ ਡਰੋਨ ਬਰਾਮਦ ਕੀਤਾ। ਇਸ ਦੇ ਨਾਲ ਹੀ ਇਸ ਦੇ ਆਸ-ਪਾਸ ਹੈਰੋਇਨ ਦੇ ਪੰਜ ਪੈਕੇਟ ਵੀ ਬਰਾਮਦ ਹੋਏ ਹਨ। ਪੁਲਿਸ ਇਲਾਕੇ 'ਚ ਜਾਂਚ ਕਰ ਰਹੀ ਹੈ।
ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਟਵੀਟ ਕਰਕੇ ਡਰੋਨ ਬਾਰੇ ਦੱਸਿਆ ਹੈ। ਡੀਜੀਪੀ ਗੌਰਵ ਯਾਦਵ ਨੇ ਦੱਸਿਆ, "ਤਰਨਤਾਰਨ ਦੇ ਸਰਹੱਦੀ ਖੇਤਰ ਵਿੱਚ ਪੰਜਾਬ ਪੁਲਿਸ ਅਤੇ ਬੀਐਸਐਸ ਵੱਲੋਂ ਇੱਕ ਸਾਂਝਾ ਸਰਚ ਅਭਿਆਨ ਚਲਾਇਆ ਗਿਆ। ਇਹ ਡਰੋਨ ਸਰਹੱਦ ਦੇ ਨੇੜੇ ਖੇਤਾਂ ਵਿੱਚ ਕ੍ਰੈਸ਼ ਹੋਇਆ ਪਾਇਆ ਗਿਆ। ਇਸ ਤੋਂ ਬਾਅਦ ਡਰੋਨ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਹੈ। ਕਿਆਸ ਲਗਾਇਆ ਜਾ ਰਿਹਾ ਹੈ ਕਿ ਇਹ ਡਰੋਨ ਬੈਟਰੀ ਖਤਮ ਹੋਣ ਤੋਂ ਬਾਅਦ ਖੇਤਾਂ 'ਚ ਡਿੱਗਿਆ ਹੋ ਸਕਦਾ ਹੈ।
ਹੈਰੋਇਨ ਦੀ ਕੀਮਤ ਕਰੀਬ 35 ਕਰੋੜ ਰੁਪਏ ਦੱਸੀ ਜਾ ਰਹੀ ਹੈ।
ਜਾਣਕਾਰੀ ਦਿੰਦਿਆਂ ਪੰਜਾਬ ਪੁਲਿਸ ਨੇ ਦੱਸਿਆ ਕਿ ਇਹ ਹੈਕਸਾ ਕਾਪਟਰ ਡਰੋਨ ਹੈ। ਇਸ ਦੇ ਨਾਲ 5 ਕਿਲੋ ਹੈਰੋਇਨ ਦੀ ਖੇਪ ਬੰਨ੍ਹੀ ਹੋਈ ਸੀ। ਇਸ ਹੈਰੋਇਨ ਦੀ ਖੇਪ ਦੀ ਅੰਤਰਰਾਸ਼ਟਰੀ ਕੀਮਤ 35 ਕਰੋੜ ਰੁਪਏ ਦੇ ਕਰੀਬ ਦੱਸੀ ਜਾ ਰਹੀ ਹੈ। ਖੇਪ ਨੂੰ ਜ਼ਬਤ ਕਰਕੇ ਜਾਂਚ ਲਈ ਭੇਜ ਦਿੱਤਾ ਗਿਆ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀਰਵਾਰ ਨੂੰ ਵੀ ਤਰਨਤਾਰਨ ਦੇ ਪਿੰਡ ਵੈਨ ਦੇ ਖੇਤਾਂ 'ਚ ਕ੍ਰੈਸ਼ ਡਰੋਨ ਮਿਲਿਆ ਸੀ। ਕਿਸਾਨ ਨੇ ਇਸ ਡਰੋਨ ਨੂੰ ਦੇਖ ਲਿਆ ਸੀ, ਜਿਸ ਤੋਂ ਬਾਅਦ ਇਸ ਨੂੰ ਕਾਬੂ ਕਰ ਲਿਆ ਗਿਆ। ਹਾਲਾਂਕਿ ਡਰੋਨ ਬੁਰੀ ਤਰ੍ਹਾਂ ਨਾਲ ਨੁਕਸਾਨਿਆ ਗਿਆ ਸੀ। ਦੂਜੇ ਪਾਸੇ ਇਸ ਤੋਂ ਦੋ ਦਿਨ ਪਹਿਲਾਂ ਅੰਮ੍ਰਿਤਸਰ ਅਤੇ ਤਰਨਤਾਰਨ ਵਿੱਚ ਬੀਐਸਐਫ ਦੇ ਜਵਾਨਾਂ ਨੇ ਇੱਕੋ ਰਾਤ ਵਿੱਚ ਦੋ ਡਰੋਨਾਂ ਨੂੰ ਡੇਗਣ ਵਿੱਚ ਸਫਲਤਾ ਹਾਸਲ ਕੀਤੀ ਸੀ।