Amritpal Singh Arrest Operation: 'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਬਾਰੇ ਸੁਰੱਖਿਆ ਏਜੰਸੀਆਂ ਨੇ ਆਮ ਲੋਕਾਂ ਨੂੰ ਵੀ ਭੰਬਲਭੂਸੇ 'ਚ ਪਾਇਆ ਹੋਇਆ ਹੈ। ਸੁਰੱਖਿਆ ਏਜੰਸੀਆਂ ਵੱਲੋਂ ਇੱਕ ਦਿਨ ਅੰਮ੍ਰਿਤਪਾਲ ਸਿੰਘ ਉੱਤਰਾਖੰਡ ਵਿੱਚ ਹੋਣ ਦਾ ਦਾਅਵਾ ਕੀਤਾ ਜਾਂਦਾ ਹੈ ਤੇ ਦੂਜੇ ਦਿਨ ਪੰਜਾਬ ਵਿੱਚ। ਅਗਲੇ ਦਿਨ ਫਿਰ ਦਾਅਵਾ ਕੀਤਾ ਜਾਂਦਾ ਹੈ ਕਿ ਹੁਣ ਉੱਤਰ ਪ੍ਰਦੇਸ਼ ਵਿੱਚ ਵੇਖਿਆ ਗਿਆ ਹੈ। 



ਹੁਣ ਦਾਅਵਾ ਕੀਤਾ ਜਾ ਰਿਹਾ ਹੈ ਕਿ ਅੰਮ੍ਰਿਤਪਾਲ ਸਿੰਘ ਯੂਪੀ ਦੇ ਮੇਰਠ ਵਿੱਚ ਦਿਖਾਈ ਦਿੱਤਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਅੰਮ੍ਰਿਤਪਾਲ ਨੂੰ ਮੇਰਠ ਦੇ ਬੇਗਮਪੁਲ 'ਤੇ ਟੈਂਪੂ ਰਾਹੀਂ ਜਾਂਦੇ ਹੋਏ ਵੇਖਿਆ ਗਿਆ। ਪਤਾ ਲੱਗਾ ਹੈ ਕਿ ਸੂਚਨਾ ਮਿਲਦੇ ਹੀ ਪੰਜਾਬ ਪੁਲਿਸ ਮੇਰਠ ਪਹੁੰਚੀ ਤੇ ਟੈਂਪੂ ਚਾਲਕ ਤੋਂ ਕਈ ਘੰਟੇ ਪੁੱਛਗਿੱਛ ਕੀਤੀ। ਪੰਜਾਬ ਪੁਲਿਸ ਨੇ ਮੇਰਠ ਵਿੱਚ ਹੀ ਡੇਰੇ ਲਾਏ ਹੋਏ ਹਨ ਤੇ ਦੂਜੇ ਟੈਂਪੂ ਚਾਲਕ ਤੋਂ ਪੁੱਛਗਿੱਛ ਕਰ ਰਹੀ ਹੈ।



ਅੰਮ੍ਰਿਤਪਾਲ ਦਾ ਮੇਰਠ ਕੁਨੈਕਸ਼ਨ ਆਇਆ ਸਾਹਮਣੇ 



ਦਰਅਸਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਅੰਮ੍ਰਿਤਪਾਲ ਮੇਰਠ ਤੋਂ ਦੌਰਾਲਾ ਜਾ ਰਹੇ ਟੈਂਪੂ ਵਿੱਚ ਬੈਠਾ ਸੀ। ਇਸ ਸਬੰਧੀ ਟੈਂਪੂ ਚਾਲਕ ਦਾ ਕਹਿਣਾ ਹੈ ਕਿ ਪੰਜਾਬ ਪੁਲਿਸ ਨੇ ਅੰਮ੍ਰਿਤਪਾਲ ਦੀ ਫੋਟੋ ਦਿਖਾ ਕੇ ਪੁੱਛਗਿੱਛ ਕੀਤੀ ਤੇ ਇਹ ਵੀ ਕਿਹਾ ਕਿ ਅੰਮ੍ਰਿਤਪਾਲ ਕਰੀਬ ਹਫ਼ਤਾ ਪਹਿਲਾਂ ਟੈਂਪੂ ਵਿੱਚ ਬੈਠ ਕੇ ਗਿਆ ਸੀ। ਟੈਂਪੂ ਚਾਲਕ ਨੂੰ ਪੁੱਛਿਆ ਗਿਆ ਕਿ ਅੰਮ੍ਰਿਤਪਾਲ ਨੂੰ ਬੇਗਮਪੁਲ ਤੋਂ ਦੌਰਾਲਾ ਵਿਚਕਾਰ ਰਸਤੇ ਵਿੱਚ ਕਿੱਥੇ ਉਤਾਰਿਆ ਸੀ। 


ਇੱਕ ਸਮਾਚਾਰ ਏਜੰਸੀ ਦੀ ਖ਼ਬਰ ਮੁਤਾਬਕ ਟੈਂਪੂ ਚਾਲਕ ਨੇ ਇਸ ਸਬੰਧੀ ਕੋਈ ਵੀ ਜਾਣਕਾਰੀ ਹੋਣ ਤੋਂ ਇਨਕਾਰ ਕੀਤਾ ਹੈ। ਟੈਂਪੂ ਚਾਲਕ ਦਾ ਕਹਿਣਾ ਹੈ ਕਿ ਉਹ ਪੰਜ ਦਿਨ ਪਹਿਲਾਂ ਪਰਿਵਾਰ ਸਣੇ ਟੈਂਪੂ ਵਿੱਚ ਨਹਾਉਣ ਲਈ ਗਿਆ ਸੀ। ਵਾਪਸ ਆਉਂਦੇ ਸਮੇਂ ਹਾਦਸਾ ਹੋ ਗਿਆ ਤੇ ਅਗਲੇ ਦਿਨ ਪੰਜਾਬ ਪੁਲਿਸ ਉਸ ਦੇ ਘਰ ਪਹੁੰਚੀ ਤੇ ਅੰਮ੍ਰਿਤਪਾਲ ਬਾਰੇ ਜਾਣਕਾਰੀ ਲੈਣੀ ਸ਼ੁਰੂ ਕਰ ਦਿੱਤੀ। ਟੈਂਪੂ ਚਾਲਕ ਦਾ ਕਹਿਣਾ ਹੈ ਕਿ ਉਸ ਦੇ ਟੈਂਪੂ ਵਿੱਚ ਹਰ ਰੋਜ਼ ਸੈਂਕੜੇ ਸਵਾਰੀਆਂ ਬੈਠਦੀਆਂ ਹਨ, ਹਰ ਕਿਸੇ ਦਾ ਚਿਹਰਾ ਯਾਦ ਨਹੀਂ ਰਹਿੰਦਾ।


ਇਸ ਤੋਂ ਪਹਿਲਾਂ ਦਾਅਵਾ ਕੀਤਾ ਗਿਆ ਸੀ ਅੰਮ੍ਰਿਤਪਾਲ ਦੇ ਸਾਥੀ ਪਾਪਲਪ੍ਰੀਤ ਨੂੰ ਹੁਸ਼ਿਆਰਪੁਰ ਦੇ ਇੱਕ ਡੇਰੇ ਦੇ ਬਾਹਰ ਦੇਖਿਆ ਗਿਆ ਸੀ। ਇਹ ਦਾਅਵਾ 29 ਮਾਰਚ ਦੀ ਵੀਡੀਓ ਸਾਹਮਣੇ ਆਉਣ ਮਗਰੋ ਕੀਤਾ ਗਿਆ ਹੈ। ਹੁਣ ਕਿਹਾ ਜਾ ਰਿਹਾ ਹੈ ਕਿ ਅੰਮ੍ਰਿਤਪਾਲ ਸਿੰਘ ਤੇ ਪਾਪਲਪ੍ਰੀਤ ਵੱਖ-ਵੱਖ ਥਾਵਾਂ 'ਤੇ ਲੁਕੇ ਹੋਏ ਹਨ। ਪੁਲਿਸ ਨੇ ਦਾਅਵਾ ਕੀਤਾ ਹੈ ਕਿ 28 ਮਾਰਚ ਨੂੰ ਅੰਮ੍ਰਿਤਪਾਲ ਤੇ ਪਪਲਪ੍ਰੀਤ ਮਠਿਆਣਾ ਖੁਰਦ ਗੁਰਦੁਆਰੇ ਦੀ ਕੰਧ ਟੱਪ ਕੇ ਪੁਲਿਸ ਨੂੰ ਚਕਮਾ ਦੇ ਕੇ ਫਰਾਰ ਹੋ ਗਏ ਸਨ।