ਵਿਕਰਮ ਕੁਮਾਰ


ਬਠਿੰਡਾ: ਇਕ ਪਾਸੇ ਪੰਜਾਬ ਸਰਕਾਰ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੀ ਤੇ ਦੂਜੇ ਪਾਸੇ ਜੀਓ ਸਿਮ ਦੀ ਵਰਤੋਂ ਕਰਨ ਦੇ ਸਰਕੂਲਰ ਜਾਰੀ ਕਰ ਰਹੀ ਹੈ। ਅਜਿਹੇ 'ਚ ਜਲੰਧਰ ਵਿਖੇ ਪਾਵਰਕੌਮ ਦੀ ਮੈਨੇਜਮੈਂਟ ਵੱਲੋਂ ਜਾਰੀ ਸਰਕੂਲਰ ਦੇ ਖ਼ਿਲਾਫ਼ ਬਠਿੰਡਾ ਵਿਖੇ ਵੀ ਮੁਲਾਜ਼ਮ ਜਥੇਬੰਦੀਆਂ ਨੇ ਰੋਸ ਜ਼ਾਹਿਰ ਕਰਦੇ ਹੋਏ ਕਿਹਾ ਕਿ ਅਸੀਂ ਕਿਸੇ ਵੀ ਹਾਲਾਤ ਵਿੱਚ ਜੀਓ ਸਿਮ ਦੀ ਵਰਤੋਂ ਨਹੀਂ ਕਰਾਂਗੇ।


ਪਾਵਰਕੌਮ ਵੱਲੋਂ ਜਾਰੀ ਚਿੱਠੀ ਜਿਸ 'ਚ ਲਿਖਿਆ ਗਿਆ ਕਿ ਮਹਿਕਮੇ ਵੱਲੋਂ ਹੁਣ ਵੋਡਾਫੋਨ ਮੋਬਾਇਲ ਸਿਮ ਕਾਰਡਾਂ ਦੀ ਜਗ੍ਹਾ ਰਿਲਾਇੰਸ ਜੀਓ ਕੰਪਨੀ ਦੇ ਸਿਮ ਜਾਰੀ ਕੀਤੇ ਜਾਣਗੇ। ਇਸੇ ਦੇ ਵਿਰੋਧ 'ਚ ਮੁਲਾਜ਼ਮਾਂ ਨੇ ਕਿਹਾ ਜੀਓ ਸਿਮ ਦੀ ਵਰਤੋਂ ਲਾਜ਼ਮੀ ਕਰਨ ਦਾ ਜੋ ਸਰਕੂਲਰ ਜਾਰੀ ਕੀਤਾ ਗਿਆ ਹੈ। ਅਸੀਂ ਉਸ ਦੇ ਮੁਤਾਬਕ ਨਹੀਂ ਚੱਲਾਂਗੇ। ਉਨ੍ਹਾਂ ਕਿਹਾ ਅਸੀਂ ਕੱਲ੍ਹ ਵੀ ਕਿਸਾਨਾਂ ਦੇ ਨਾਲ ਸੀ ਅਤੇ ਅੱਜ ਵੀ ਕਿਸਾਨਾਂ ਦੇ ਨਾਲ ਹਾਂ। ਉਨ੍ਹਾਂ ਕਿਹਾ ਪੰਜਾਬ ਸਰਕਾਰ ਦਾ ਇਹ ਨੰਗਾ ਚਿਹਰਾ ਸਾਹਮਣੇ ਆ ਗਿਆ ਹੈ। ਇਕ ਪਾਸੇ ਤਾਂ ਪੰਜਾਬ ਸਰਕਾਰ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੀ ਹੈ ਦੂਜੇ ਪਾਸੇ ਕਾਰਪੋਰੇਟ ਘਰਾਣਿਆਂ ਦੀ ਹਮਾਇਤ ਉੱਤੇ ਜੀਓ ਸਿਮ ਦੀ ਵਰਤੋਂ ਕਰਨ ਦੀ ਗੱਲ ਕਹਿ ਰਹੀ ਹੈ।  


ਗੁਰੂ ਨਾਨਕ ਦੇਵ ਥਰਮਲ ਪਲਾਂਟ ਬਠਿੰਡਾ ਦੇ ਪ੍ਰਧਾਨ  ਗੁਰਸੇਵਕ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਪਾਵਰਕੌਮ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਖਿਲਾਫ ਰੋਸ ਜ਼ਾਹਿਰ ਕੀਤਾ ਅਤੇ ਕਿਹਾ ਕਿ ਜੋ ਫਰਮਾਨ ਜਾਰੀ ਕੀਤਾ ਗਿਆ ਹੈ ਉਸ ਨੂੰ ਤੁਰੰਤ ਵਾਪਸ ਲੈਣਾ ਚਾਹੀਦਾ ਹੈ। ਉਨ੍ਹਾਂ ਸਪਸ਼ਟ ਕੀਤਾ ਕਿ ਜੇਕਰ ਜਾਰੀ ਫਰਮਾਨ ਵਾਪਸ ਨਹੀਂ ਲਿਆ ਜਾਂਦਾ ਤਾਂ ਆਉਣ ਵਾਲੇ ਦਿਨਾਂ ਵਿੱਚ ਤਮਾਮ ਜਥੇਬੰਦੀਆਂ ਨੂੰ ਨਾਲ ਲੈ ਕੇ ਸੰਘਰਸ਼ ਕਰਾਂਗੇ।


ਉਨ੍ਹਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਨੇ ਜਿੱਥੇ ਜੀਓ ਸਿਮ, ਰਿਲਾਇੰਸ ਮੌਲ ਜਾਂ ਕੁਝ ਹੋਰ ਕਾਰਪੋਰੇਟ ਘਰਾਣਿਆਂ ਦਾ ਬਾਈਕਾਟ ਕਰਨ ਦੇ ਹੁਕਮ ਦਿੱਤੇ ਸੀ ਤੇ ਅਸੀਂ ਉਨ੍ਹਾਂ ਦੀ ਗੱਲਾਂ ਨਾਲ ਸਹਿਮਤ ਹਾਂ ਅਤੇ ਕਿਸਾਨਾਂ ਨਾਲ ਖੜ੍ਹੇ ਹਾਂ।


ਓਧਰ ਇਸ ਮਾਮਲੇ 'ਤੇ ਬੋਲਦਿਆਂ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਕਿਹਾ ਕਿ ਉਨ੍ਹਾਂ ਨੂੰ ਸੋਸ਼ਲ ਮੀਡੀਆ ਰਾਹੀਂ ਇਹ ਜਾਣਕਾਰੀ ਮਿਲੀ ਹੈ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵੱਲੋਂ ਅਜਿਹਾ ਕੋਈ ਸਰਕੂਲਰ ਜਾਰੀ ਨਹੀਂ ਕੀਤਾ ਗਿਆ ਬਲਕਿ ਬਿਜਲੀ ਵਿਭਾਗ ਆਜ਼ਾਦ ਅਦਾਰਾ ਹੈ ਅਤੇ ਇਸ ਦਾ ਸਰਕਾਰ ਨਾਲ ਕੋਈ ਲੈਣਾ ਦੇਣਾ ਨਹੀਂ ਹੈ  ਅਤੇ ਪੰਜਾਬ ਸਰਕਾਰ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਅਤੇ ਕਿਸਾਨਾਂ ਮਜ਼ਦੂਰਾਂ ਦੇ ਨਾਲ ਖੜ੍ਹੀ ਹੈ।


ਮੰਤਰੀ ਨੇ ਵੱਖਰਾ ਅਧਾਰ ਹੋਣ ਦੀ ਦਲੀਲ ਦੇ ਕੇ ਪੱਲਾ ਝਾੜ ਲਿਆ ਪਰ ਮੁਲਾਜ਼ਮਾਂ ਦਾ ਰੋਹ ਸਖ਼ਤ ਹੈ। ਇਸ ਮਸਲੇ ਦੀ ਘੋਖ ਲਈ ਏਬੀਪੀ ਸਾਂਝਾ ਨੇ ਪੀਐੱਸਪੀਸੀਐੱਲ ਦੇ ਸੀਐੱਮਡੀ ਵੇਣੂ ਪ੍ਰਸਾਦ ਨਾਲ ਰਾਬਤਾ ਕੀਤਾ ਤਾਂ ਉਨ੍ਹਾਂ ਨੇ ਅਜੇ ਤੱਕ ਕਿਸੇ ਵੀ ਕੰਪਨੀ ਨੂੰ ਟੈਂਡਰ ਨਾ ਦਿੱਤੇ ਜਾਣ ਦਾ ਦਾਅਵਾ ਕੀਤਾ ਅਤੇ ਇਸ ਸਰਕੂਲਰ ਨੂੰ ਗਲਤ ਕਰਾਰ ਦਿੱਤਾ। ਅਜਿਹੇ 'ਚ ਹੁਣ ਸਵਾਲ ਇਹ ਵੀ ਹੈ ਕਿ ਮੁਲਾਜ਼ਮ ਜਿਸ ਸਰਕੂਲਰ ਦਾ ਹਵਾਲਾ ਦੇ ਕੇ ਵਿਰੋਧ ਜਤਾ ਰਹੇ ਨੇ ਉਸ ਨੂੰ ਪਾਵਰਕੌਮ ਦੇ ਚੇਅਰਮੈਨ ਗਲਤ ਠਹਿਰਾ ਰਹੇ ਹਨ ਤਾਂ ਫਿਰ ਇਹ ਸਰਕੂਲਰ ਆਇਆ ਕਿੱਥੋਂ ਤੇ ਕਿਸ ਨੇ ਜਾਰੀ ਕੀਤਾ ?