Punjab Rains: ਪੰਜਾਬ ਦੇ 11 ਜ਼ਿਲ੍ਹਿਆਂ 'ਚ ਸਵੇਰੇ 12 ਵਜੇ ਤੱਕ ਫਲੈਸ਼ ਅਲਰਟ ਜਾਰੀ ਕੀਤਾ ਗਿਆ ਹੈ। ਇਸ ਅਨੁਸਾਰ ਪਟਿਆਲਾ, ਐਸ.ਏ.ਐਸ. ਨਗਰ (ਮੋਹਾਲੀ), ਫਤਿਹਗੜ੍ਹ ਸਾਹਿਬ, ਚੰਡੀਗੜ੍ਹ, ਰੂਪਨਗਰ (ਰੋਪੜ), ਮੋਗਾ, ਫਰੀਦਕੋਟ, ਫਿਰੋਜ਼ਪੁਰ, ਜਲੰਧਰ, ਤਰਨਤਾਰਨ, ਕਪੂਰਥਲਾ ਅਤੇ ਲੁਧਿਆਣਾ ਵਿੱਚ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ। ਸਵੇਰੇ ਅੰਮ੍ਰਿਤਸਰ ਅਤੇ ਆਲੇ ਦੁਆਲੇ ਦੇ ਇਲਾਕਿਆਂ ਵਿੱਚ ਮੀਂਹ ਹੋਇਆ।

ਇਸੇ ਦੌਰਾਨ ਸਵੇਰੇ 5.30 ਵਜੇ, ਹੁਸ਼ਿਆਰਪੁਰ ਦੇ ਟਾਂਡਾ ਖੇਤਰ ਵਿੱਚ ਇੱਕ ਘਰ ਦੀ ਛੱਤ ਡਿੱਗ ਪਈ। ਇਸ ਘਰ ਵਿੱਚ ਇੱਕ ਪਰਦੇਸੀ ਪਰਿਵਾਰ ਕਿਰਾਏ 'ਤੇ ਰਹਿ ਰਿਹਾ ਸੀ। ਹਾਦਸੇ ਵਿੱਚ ਪਿਤਾ ਸ਼ੰਕਰ ਅਤੇ ਉਸ ਦੀਆਂ ਦੋ ਧੀਆਂ ਦੀ ਮੌਤ ਹੋ ਗਈ, ਜਦਕਿ ਮ੍ਰਿਤਕ ਦੀ ਪਤਨੀ ਅਤੇ ਹੋਰ ਦੋ ਬੱਚੀਆਂ ਨੂੰ ਜ਼ਖਮੀ ਹਾਲਤ ਵਿੱਚ ਮਲਬੇ ਵਿੱਚੋਂ ਬਾਹਰ ਕੱਢਿਆ ਗਿਆ। ਜਿਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ।

ਭਾਰਤੀ ਮੌਸਮ ਵਿਭਾਗ (IMD) ਵੱਲੋਂ ਜਾਰੀ ਕੀਤੇ ਅਨੁਮਾਨ ਅਨੁਸਾਰ ਜੁਲਾਈ 2025 ਵਿੱਚ ਪੰਜਾਬ ਰਾਜ ਵਿੱਚ ਮੌਸਮ ਆਮ ਤੌਰ 'ਤੇ ਵਧੀਆ ਰਹਿਣ ਦੀ ਸੰਭਾਵਨਾ ਹੈ। ਸੂਬੇ ਵਿੱਚ ਮਾਸਿਕ ਔਸਤ ਵਰਖਾ ਆਮ ਤੋਂ ਥੋੜ੍ਹੀ ਵੱਧ ਹੋ ਸਕਦੀ ਹੈ। ਇਸਦਾ ਮਤਲਬ ਹੈ ਕਿ ਜੁਲਾਈ ਮਹੀਨੇ 'ਚ ਚੰਗੀ ਬਾਰਿਸ਼ ਹੋ ਸਕਦੀ ਹੈ, ਜੋ ਕਿ ਕਿਸਾਨਾਂ ਲਈ ਖੁਸ਼ਖਬਰੀ ਹੈ, ਖਾਸ ਕਰਕੇ ਝੋਨੇ ਦੀ ਫ਼ਸਲ ਲਈ ਇਹ ਮੌਸਮ ਬਹੁਤ ਫਾਇਦੇਮੰਦ ਸਾਬਤ ਹੋ ਸਕਦਾ ਹੈ।

ਦੂਜੀ ਪਾਸੇ, ਬੀਤੇ ਦਿਨ ਕੇਵਲ ਹੁਸ਼ਿਆਰਪੁਰ ਵਿੱਚ ਹੀ 8.5 ਮਿ.ਮੀ. ਮੀਂਹ ਦਰਜ ਕੀਤਾ ਗਿਆ, ਜਦਕਿ ਹੋਰ ਜ਼ਿਲ੍ਹਿਆਂ ਵਿੱਚ ਮੌਸਮ ਆਮ ਰਿਹਾ। ਇਸ ਕਾਰਨ ਸੂਬੇ ਦੇ ਅਧਿਕਤਮ ਤਾਪਮਾਨ ਵਿੱਚ ਲਗਭਗ 5 ਡਿਗਰੀ ਦੀ ਵਾਧੂ ਦੇਖਣ ਨੂੰ ਮਿਲੀ। ਹਾਲਾਂਕਿ, ਇਸ ਵਾਧੂ ਦੇ ਬਾਵਜੂਦ ਰਾਜ ਵਿੱਚ ਤਾਪਮਾਨ ਸਧਾਰਨ ਸੀਮਾ ਵਿੱਚ ਹੀ ਰਿਹਾ। ਬਠਿੰਡਾ ਵਿੱਚ ਅਧਿਕਤਮ ਤਾਪਮਾਨ 37.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

5 ਜੁਲਾਈ ਤੋਂ ਸੂਬੇ 'ਚ ਦੁਬਾਰਾ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ। ਹਿਮਾਚਲ ਪ੍ਰਦੇਸ਼ ਨਾਲ ਲੱਗਦੇ 7 ਜ਼ਿਲ੍ਹਿਆਂ — ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਨਵਾਂਸ਼ਹਿਰ, ਰੂਪਨਗਰ, ਮੋਹਾਲੀ ਅਤੇ ਫਤਿਹਗੜ੍ਹ ਸਾਹਿਬ 'ਚ ਮੀਂਹ ਦੇ ਆਸਾਰ ਹਨ।

ਇਸਦੇ ਨਾਲ ਹੀ 6 ਜੁਲਾਈ (ਸ਼ਨੀਚਰਵਾਰ) ਨੂੰ ਪੰਜਾਬ ਵਿੱਚ ਮੌਸਮ ਵਿਭਾਗ ਵੱਲੋਂ ਫਿਰ ਤੋਂ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਅਨੁਮਾਨ ਹੈ ਕਿ ਮੀਂਹ ਦਾ ਇਹ ਦੌਰ 8 ਜੁਲਾਈ ਤੱਕ ਜਾਰੀ ਰਹੇਗਾ।