ਚੰਡੀਗੜ੍ਹ: ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਹਰਸਿਮਰਤ ਬਾਦਲ ਨੇ ਪੰਜਾਬ ਵਿੱਚ 1200 ਕਰੋੜ ਰੁਪਏ ਦੇ ਨਿਵੇਸ਼ ਦਾ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਉਨ੍ਹਾਂ ਦੇ ਮੰਤਰਾਲੇ ਵੱਲੋਂ ਕੀਤੇ ਯਤਨਾਂ ਸਦਕਾ ਪੰਜਾਬ ਦੇ ਫੂਡ ਪ੍ਰੋਸੈਸਿੰਗ ਸੈਕਟਰ ਅੰਦਰ 1200 ਕਰੋੜ ਰੁਪਏ ਦਾ ਨਿਵੇਸ਼ ਹੋ ਚੁੱਕਿਆ ਹੈ। ਇਸ ਨਾਲ 45 ਹਜ਼ਾਰ ਵਿਅਕਤੀਆਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ ਜਦਕਿ 1.30 ਲੱਖ ਕਿਸਾਨਾਂ ਨੂੰ ਸਿੱਧਾ ਫਾਇਦਾ ਹੋ ਰਿਹਾ ਹੈ।

ਹਰਸਿਮਰਤ ਨੇ ਕਿਹਾ ਕਿ ਕਿੰਨੀ ਅਜੀਬ ਗੱਲ ਹੈ ਕਿ ਫੂਡ ਪ੍ਰੋਸੈਸਿੰਗ ਸੈਕਟਰ ਵਿੱਚ ਮੈਗਾ ਫੂਡ ਪਾਰਕਾਂ ਤੋਂ ਲੈ ਕੇ ਕੋਲਡ ਚੇਨਾਂ ਤੇ ਫੂਡ ਟੈਸਟਿੰਗ ਲੈਬਰਾਟਰੀਆਂ ਤਕ ਕਿੰਨੇ ਹੀ ਪ੍ਰਾਜੈਕਟ ਸ਼ੁਰੂ ਕੀਤੇ ਜਾਣ ਦੇ ਬਾਵਜੂਦ ਆਮ ਆਦਮੀ ਪਾਰਟੀ ਤੇ ਸੰਸਦ ਵਿੱਚ ਇਸ ਦੇ ਨੁੰਮਾਇਦੇ ਨੂੰ ਇਸ ਬਾਰੇ ਬਿਲਕੁੱਲ ਵੀ ਜਾਣਕਾਰੀ ਨਹੀਂ ਹੈ।

ਹਰਸਿਮਰਤ ਨੇ ਕਿਹਾ ਕਿ ਉਨ੍ਹਾਂ ਨੇ ਮੰਤਰਾਲੇ ਵੱਲੋਂ ਲਾਡੋਵਾਲ ਤੇ ਕਪੂਰਥਲਾ ਵਿੱਚ ਬਣਾਏ ਜਾ ਰਹੇ ਮੈਗਾ ਫੂਡ ਪਾਰਕ ਮੁਕੰਮਲ ਹੋਣ ਵਾਲੇ ਹਨ। ਇਸ ਤੋਂ ਇਲਾਵਾ ਫੂਡ ਪ੍ਰੋਸੈਸਿੰਗ ਮੰਤਰਾਲੇ ਵੱਲੋਂ ਫਾਜ਼ਿਲਕਾ ਵਿੱਚ ਅੰਤਰਰਾਸ਼ਟਰੀ ਫੂਡ ਪਾਰਕ ਸ਼ੁਰੂ ਕੀਤਾ ਜਾ ਚੁੱਕਿਆ ਹੈ।

ਕੇਂਦਰੀ ਮੰਤਰੀ ਨੇ ਕਿਹਾ ਕਿ ਇਨ੍ਹਾਂ ਮੈਗਾ ਫੂਡ ਪਾਰਕਾਂ ਤੇ ਬਾਕੀ 41 ਪ੍ਰਾਜੈਕਟਾਂ, ਜਿਨ੍ਹਾਂ ਵਿੱਚ 19 ਕੋਲਡ ਚੇਨਾਂ, 7 ਫੂਡ ਟੈਸਟਿੰਗ ਲੈਬਾਰਟਰੀਆਂ, ਤਿੰਨ ਕਲੱਸਟਰਾਂ, ਚਾਰ ਫੂਡ ਪ੍ਰੋਸੈਸਿੰਗ ਯੂਨਿਟਾਂ ਤੇ ਚਾਰ ਬੈਕਵਾਰਡ-ਫਾਰਵਰਡ ਲਿੰਕੇਜ਼ ਪ੍ਰਾਜੈਕਟਾਂ ਸ਼ਾਮਲ ਹਨ, ਕਰਕੇ ਸੂਬੇ ਅੰਦਰ 800 ਕਰੋੜ ਰੁਪਏ ਦਾ ਨਿਵੇਸ਼ ਹੋ ਚੁੱਕਿਆ ਹੈ। ਉਨ੍ਹਾਂ ਦੱਸਿਆ ਕਿ ਮੰਤਰਾਲੇ ਵੱਲੋਂ ਇਨ੍ਹਾਂ ਸਾਰੇ ਪ੍ਰਾਜੈਕਟਾਂ ਲਈ 400 ਕਰੋੜ ਰੁਪਏ ਦੀ ਗ੍ਰਾਂਟ ਦਿੱਤੀ ਗਈ ਹੈ।

ਉਨ੍ਹਾਂ ਦੱਸਿਆ ਕਿ ਫੂਡ ਪ੍ਰੋਸੈਸਿੰਗ ਮੰਤਰਾਲੇ ਬਠਿੰਡਾ ਵਿੱਚ ਪਹਿਲੀ ਵਾਰ ਇੱਕ ਫੂਡ ਪ੍ਰੋਸੈਸਿੰਗ ਕਮ ਬਿਜਨਸ਼ ਇਨਕੁਬੇਸ਼ਨ ਸੈਂਟਰ ਸਥਾਪਤ ਕੀਤਾ ਗਿਆ ਹੈ, ਜਿਹੜਾ ਕਿ 200 ਤੋਂ ਵੱਧ ਵਿਅਕਤੀਆਂ ਨੂੰ ਸਿਖਲਾਈ ਦੇ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਸਾਰੇ ਫੂਡ ਪਾਰਕਾਂ ਅੰਦਰ 10-10 ਯੂਨਿਟ ਲਾਏ ਜਾਣ ਮਗਰੋਂ ਫੂਡ ਪ੍ਰੋਸੈਸਿੰਗ ਸੈਕਟਰ ਅੰਦਰ 1500 ਕਰੋੜ ਰੁਪਏ ਦਾ ਨਿਵੇਸ਼ ਅਜੇ ਹੋਰ ਹੋਵੇਗਾ।