New Job Opportunities for Youth: ਤਕਨੀਕੀ ਅਤੇ ਪ੍ਰਸ਼ਾਸਕੀ ਅਹੁਦਿਆਂ ਨੂੰ ਮੁੜ ਸਰਗਰਮ ਕਰਨ ਅਤੇ ਨਵੀਆਂ ਭਰਤੀਆਂ ਰਾਹੀਂ ਹੋਮਿਓਪੈਥਿਕ ਵਿਭਾਗ ਨੂੰ ਮਜ਼ਬੂਤ ਬਣਾਉਣ ਲਈ ਇੱਕ ਮਹੱਤਵਪੂਰਣ ਫੈਸਲਾ ਲੈਂਦਿਆਂ, ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅਹਿਮ ਐਲਾਨ ਕੀਤਾ ਹੈ। ਵਿੱਤ ਵਿਭਾਗ ਵੱਲੋਂ ਹੋਮਿਓਪੈਥਿਕ ਵਿਭਾਗ ਦੇ ਵੱਖ-ਵੱਖ ਕੈਡਰਾਂ ਵਿੱਚ ਕੁੱਲ 115 ਅਹੁਦਿਆਂ ਨੂੰ ਮੁੜ ਜੀਵਤ ਕਰਨ ਅਤੇ ਭਰਤੀ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਇਹ ਕਦਮ ਸੂਬੇ ਭਰ ਵਿੱਚ ਉੱਚ-ਗੁਣਵੱਤਾ ਵਾਲੀਆਂ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਵਿਭਾਗ ਦੀ ਸਮਰੱਥਾ ਵਧਾਉਣ ਵਾਸਤੇ ਚੁੱਕਿਆ ਗਿਆ ਹੈ।

Continues below advertisement


115 ਅਹੁਦਿਆਂ 'ਤੇ ਹੋਏਗੀ ਭਰਤੀ


20 ਨਵੰਬਰ ਨੂੰ ਜਾਰੀ ਪ੍ਰੈਸ ਬਿਆਨ ਵਿੱਚ ਇਸ ਬਾਰੇ ਜਾਣਕਾਰੀ ਦਿੰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ 115 ਅਹੁਦਿਆਂ ਦੀ ਭਰਤੀ ਵਿੱਚ ਹੋਮਿਓਪੈਥਿਕ ਮੈਡੀਕਲ ਅਫਸਰ (HMO) ਦੇ 42 ਅਹੁਦੇ, ਡਿਸਪੈਂਸਰ (ਹੋਮਿਓਪੈਥਿਕ) ਦੇ 72 ਅਹੁਦੇ ਅਤੇ 1 ਕਲਰਕ ਦਾ ਅਹੁਦਾ ਸ਼ਾਮਲ ਹੈ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ 115 ਅਹੁਦਿਆਂ ਲਈ ਭਰਤੀ ਪ੍ਰਕਿਰਿਆ ਅਗਲੇ ਦੋ ਸਾਲਾਂ ਦੌਰਾਨ ਚਰਨਬੱਧ ਢੰਗ ਨਾਲ ਲਾਗੂ ਕੀਤੀ ਜਾਵੇਗੀ।


ਵਿੱਤ ਮੰਤਰੀ, ਜੋ ਕਰਮਚਾਰੀ ਮੁੱਦਿਆਂ ਦੇ ਹੱਲ ਲਈ ਬਣਾਈ ਗਈ ਕੈਬਨਿਟ ਸਬ-ਕਮੇਟੀ ਦੇ ਚੇਅਰਮੈਨ ਵੀ ਹਨ, ਨੇ ਦੱਸਿਆ ਕਿ ਹੋਮਿਓਪੈਥਿਕ ਮੈਡੀਕਲ ਆਫ਼ਸਰ ਐਸੋਸੀਏਸ਼ਨ ਨਾਲ ਮੀਟਿੰਗ ਦੌਰਾਨ ਇਸ ਮਸਲੇ ’ਤੇ ਵਿਸਥਾਰ ਨਾਲ ਚਰਚਾ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਮੀਟਿੰਗ ਵਿੱਚ ਹੋਮਿਓਪੈਥਿਕ ਵਿਭਾਗ ਨੇ ਆਪਣੀ ਕਾਰਜਕੁਸ਼ਲਤਾ ਅੱਗੇ ਆਉਣ ਵਾਲੀਆਂ ਵੱਖ-ਵੱਖ ਸਮੱਸਿਆਵਾਂ ਨੂੰ ਉਠਾਉਂਦਿਆਂ ਆਪਣਾ ਪੱਖ ਰੱਖਿਆ ਕਿ ਹੋਮਿਓਪੈਥਿਕ ਮੈਡੀਕਲ ਕਾਲਜ ਤੇ ਹਸਪਤਾਲ ਅਤੇ ਵੱਖ-ਵੱਖ ਡਿਸਪੈਂਸਰੀਆਂ ਨੂੰ 100 ਫ਼ੀਸਦੀ ਸਮਰੱਥਾ ਨਾਲ ਚਲਾਉਣ ਦੇ ਬਾਵਜੂਦ, ਵਿਭਾਗ ਵਿੱਚ ਪਿਛਲੇ ਸਮੇਂ ਦੌਰਾਨ ਸਿਰਫ਼ 22 ਨਿਯਮਤ ਅਸਾਮੀਆਂ ਹੀ ਭਰੀਆਂ ਗਈਆਂ ਹਨ।


ਉਨ੍ਹਾਂ ਕਿਹਾ ਕਿ ਵਿਭਾਗ ਦੀ ਕਾਰਗੁਜ਼ਾਰੀ ਨੂੰ ਬਿਹਤਰ ਬਣਾਉਣ ਅਤੇ ਹੋਮਿਓਪੈਥਿਕ ਸੇਵਾਵਾਂ ਦਾ ਵਿਸਥਾਰ ਕਰਨ ਲਈ ਇਨ੍ਹਾਂ ਅਹੁਦਿਆਂ ਨੂੰ ਮੁੜ ਸਰਗਰਮ ਕਰਨ ਦੀ ਲੋੜ ਨੂੰ ਧਿਆਨ ਵਿੱਚ ਰੱਖਦਿਆਂ ਇਹ ਫ਼ੈਸਲਾ ਲਿਆ ਗਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਹ ਪਹਿਲ ਪੰਜਾਬ ਸਰਕਾਰ ਵੱਲੋਂ ਆਪਣੇ ਸਰਕਾਰੀ ਸਿਹਤ ਢਾਂਚੇ ਨੂੰ ਹੋਰ ਮਜ਼ਬੂਤ ਬਣਾਉਣ ਅਤੇ ਨੌਜਵਾਨਾਂ ਲਈ ਵੱਧ ਤੋਂ ਵੱਧ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਵੱਲ ਇੱਕ ਮਹੱਤਵਪੂਰਣ ਕਦਮ ਹੈ।



 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।