ਚੰਡੀਗੜ੍ਹ: ਪੰਜਾਬ ਰੋਡਵੇਜ਼ ਤੇ ਪਨਬੱਸ ਦੇ ਕੱਚੇ ਮੁਲਾਜ਼ਮਾਂ ਵੱਲੋਂ ਅੱਜ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ। ਇਸ ਦੌਰਾਨ ਪੰਜਾਬ ਰੋਡਵੇਜ਼ ਤੇ ਪਨਬੱਸ ਦੇ ਸੂਬਾ ਪ੍ਰਧਾਨ ਹਰਮਿੰਦਰ ਸਿੰਘ ਨੇ ਕਿਹਾ ਕਿ ਸਾਨੂੰ ਪੰਜਾਬ ਸਰਕਾਰ ਤੋਂ ਸਮੱਸਿਆ ਆ ਰਹੀ ਹੈ ਪਰ ਉਨ੍ਹਾਂ ਦਾ ਕੋਈ ਹੱਲ ਨਹੀਂ ਹੋ ਰਿਹਾ। ਉਨ੍ਹਾਂ ਕਿਹਾ ਕਿ ਅਸੀਂ 2007 ਤੋਂ ਆਊਟਸੋਰਸ ਕੰਮ ਕਰ ਰਹੇ ਹਾਂ ਪਰ ਅਜੇ ਤੱਕ ਕਿਤੇ ਪੱਕਾ ਨਹੀਂ ਕੀਤਾ ਗਿਆ। ਕੱਚੇ ਮੁਲਾਜ਼ਮਾਂ ਨੇ ਕਿਹਾ ਕਿ ਸਾਡੇ ਟੈਸਟ ਲਏ ਗਏ, ਸਾਨੂੰ ਠੋਸ ਨੰਬਰ ਮਿਲੇ ਪਰ ਸਾਨੂੰ ਰੈਗੂਲਰ ਨਹੀਂ ਕੀਤਾ ਗਿਆ ਤੇ ਇਸ ਲਈ ਅਸੀਂ ਧਰਨੇ-ਮੁਜ਼ਾਹਰੇ ਕਰਨ ਲਈ ਮਜਬੂਰ ਹਾਂ।


ਕੱਚੇ ਕਾਮਿਆਂ ਨੇ ਕਿਹਾ ਕਿ ਸਾਡੀਆਂ ਬੱਸਾਂ ਵਿੱਚ 52 ਤੋਂ ਵੱਧ ਸਵਾਰੀਆਂ ਨੂੰ ਚੜ੍ਹਾਇਆ ਜਾਂਦਾ ਹੈ। ਇੱਕ ਬੱਸ ਵਿੱਚ 100 ਤੋਂ ਵੱਧ ਸਵਾਰੀ ਜਾਂਦੀ ਹੈ। ਜੇਕਰ ਅਸੀਂ ਕੋਈ ਸਵਾਰੀ ਨਹੀਂ ਚੁੱਕਦੇ ਤਾਂ ਸਾਡੇ 'ਤੇ ਕਾਰਵਾਈ ਹੁੰਦੀ ਹੈ। ਅਸੀਂ ਜੋ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਾਂ, ਸਰਕਾਰ ਨੂੰ ਸਾਡੀ ਮੰਗ ਪੂਰੀ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ 35000 ਮੁਲਾਜ਼ਮ ਪੱਕੇ ਕਰਨ ਦੀ ਗੱਲ ਹੋਈ ਪਰ ਪਤਾ ਨਹੀਂ ਇਸ ਵਿੱਚ ਸਾਡਾ ਨਾਂ ਹੈ ਜਾਂ ਨਹੀਂ।

ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਸਾਡੀਆਂ ਮੰਗਾਂ ਪੂਰੀਆਂ ਨਾ ਕੀਤੀਆਂ ਤਾਂ ਅਸੀਂ ਧਰਨਾ ਦੇਣ ਲਈ ਮਜਬੂਰ ਹੋਵਾਂਗੇ। ਉਨ੍ਹਾਂ ਕਿਹਾ ਸਰਕਾਰ ਦੇ ਐਮਐਲਏ ਦਾ ਘਿਰਾਓ ਕੀਤਾ ਜਾਵੇਗਾ। ਪੰਜਾਬ ਰੋਡਵੇਜ਼ ਤੇ ਪਨਬੱਸ ਦੇ ਕੱਚੇ ਕਾਮਿਆਂ ਨੇ ਕਿਹਾ ਅੱਜ ਜੋ ਮੁਫ਼ਤ ਸਫ਼ਰ ਹੋ ਰਿਹਾ ਹੈ, ਉਸ ਕਾਰਨ ਟਰਾਂਸਪੋਰਟ ਘਾਟੇ ਵਿੱਚ ਜਾ ਰਹੀ ਹੈ, ਜਿਸ ਵਿਭਾਗ ਨੇ ਮੁਫ਼ਤ ਸਫ਼ਰ ਕਰਨ ਲਈ ਪੈਸੇ ਦਿੱਤੇ ਹਨ, ਉਸ ਤੋਂ ਪੈਸੇ ਲੈਣਾ ਸਾਡੇ ਵਿਭਾਗ ਦਾ ਕੰਮ ਹੈ।

ਉਨ੍ਹਾਂ ਕਿਹਾ ਕਿ ਸਾਨੂੰ 2018 ਵਿੱਚ ਹੀ ਪੱਕੇ ਕਰਨਾ ਸੀ ਜੋ ਅੱਜ ਤੱਕ ਨਹੀਂ ਕੀਤਾ ਗਿਆ। ਸਾਡੇ 'ਤੇ ਕੋਈ ਕਾਨੂੰਨੀ ਰੋਕ ਨਹੀਂ। ਕੱਚੇ ਕਾਮਿਆਂ ਨੇ ਕਿਹਾ ਕਿ ਸਾਡੇ ਹਰ ਡਿਪੂ ਵਿੱਚ ਡਰਾਈਵਰਾਂ ਦੀ ਘਾਟ ਹੈ, ਨਵੇਂ ਡਰਾਈਵਰਾਂ ਦੀ ਭਰਤੀ ਕੀਤੀ ਜਾਵੇ, ਜਿਨ੍ਹਾਂ ਡਰਾਈਵਰਾਂ ਨੂੰ ਸਸਪੈਂਡ ਕੀਤਾ ਗਿਆ ਹੈ, ਉਨ੍ਹਾਂ ਨੂੰ ਬਹਾਲ ਕੀਤਾ ਜਾਵੇ।