ਚੰਡੀਗੜ੍ਹ: ਪੰਜਾਬ ਵਿੱਚ ਸਸਤੀ ਸ਼ਰਾਬ ਤੋਂ ਚੰਡੀਗੜ੍ਹ ਦੇ ਠੇਕੇਦਾਰ ਔਖੇ ਹਨ। ਚੰਡੀਗੜ੍ਹ ਵਿੱਚ ਸ਼ਰਾਬ ਦੇ ਕਾਰੋਬਾਰੀਆਂ ਵੱਲੋਂ ਪੰਜਾਬ ਦੀ ਸ਼ਰਾਬ ਨੀਤੀ ਦਾ ਵਿਰੋਧ ਕੀਤਾ ਜਾ ਰਿਹਾ ਹੈ। ਇਸ ਲਈ ਅੱਜ ਸ਼ਰਾਬ ਦੀਆਂ ਦੁਕਾਨਾਂ ਬੰਦ ਰਹਿਣਗੀਆਂ। ਸ਼ਰਾਬ ਦੇ ਕਾਰੋਬਾਰੀਆਂ ਵੱਲੋਂ ਧਰਨਾ ਦਿੱਤਾ ਜਾ ਰਿਹਾ ਹੈ। ਸ਼ਰਾਬ ਦੇ ਕਾਰੋਬਾਰੀਆਂ ਵੱਲੋਂ ਪ੍ਰਸ਼ਾਸਨ ਤੋਂ ਆਬਕਾਰੀ, ਮੁਲਾਂਕਣ ਫੀਸ ਤੇ ਵੈਟ ਆਦਿ 'ਤੇ ਵਿਚਾਰ ਕਰਨ ਲਈ ਕਿਹਾ ਗਿਆ ਹੈ। 


ਅੱਜ ਵਾਈਨ ਐਸੋਸੀਏਸ਼ਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸ਼ਹਿਰ ਦੀਆਂ ਸਾਰੀਆਂ ਦੁਕਾਨਾਂ ਬੰਦ ਰੱਖੀਆਂ ਜਾ ਰਹੀਆਂ ਹਨ। ਇਸ ਦੇ ਨਾਲ ਹੀ ਸੈਕਟਰ-17 ਸਥਿਤ ਆਬਕਾਰੀ ਵਿਭਾਗ ਦੇ ਦਫ਼ਤਰ ਦੇ ਬਾਹਰ ਧਰਨਾ ਦਿੱਤਾ ਜਾ ਰਿਹਾ ਹੈ। ਚੰਡੀਗੜ੍ਹ ਵਾਈਨ ਕੰਟਰੈਕਟਰਜ਼ ਐਸੋਸੀਏਸ਼ਨ ਚੰਡੀਗੜ੍ਹ ਪ੍ਰਸ਼ਾਸਨ ਦੇ ਆਬਕਾਰੀ ਤੇ ਕਰ ਵਿਭਾਗ ਦੇ ਵਿੱਤ ਸਕੱਤਰ-ਕਮ-ਸਕੱਤਰ ਨੂੰ ਵੀ ਮੰਗ ਪੱਤਰ ਸੌਂਪੇਗੀ।



ਚੰਡੀਗੜ੍ਹ ਵਿੱਚ ਸ਼ਰਾਬ ਦੇ ਕਾਰੋਬਾਰ ਨਾਲ ਜੁੜੇ ਵਪਾਰੀਆਂ ਨੇ ਦੱਸਿਆ ਕਿ ਉਹ ਪਰਚੂਨ ਵਿਕਰੀ ਸ਼ਰਾਬ ਦੇ ਲਾਇਸੈਂਸੀ (L-2/L-14A) ਹਨ। ਚੰਡੀਗੜ੍ਹ ਉੱਤਰ, ਪੱਛਮ ਤੇ ਦੱਖਣ ਤੋਂ ਪੰਜਾਬ ਤੇ ਪੂਰਬ ਤੋਂ ਹਰਿਆਣਾ ਨਾਲ ਘਿਰਿਆ ਹੋਇਆ ਹੈ। ਲਗਪਗ 80 ਫੀਸਦੀ ਸਰਹੱਦਾਂ ਤੇ 90 ਫੀਸਦੀ ਸੜਕਾਂ ਪੰਜਾਬ ਨਾਲ ਲੱਗਦੀਆਂ ਹਨ। ਅਜਿਹੇ 'ਚ ਚੰਡੀਗੜ੍ਹ ਨਾਲ ਲੱਗਦੇ ਪੰਜਾਬ ਦੇ ਸਰਹੱਦੀ ਖੇਤਰ (5 ਕਿਲੋਮੀਟਰ ਤੱਕ) 'ਚ ਪੰਜਾਬ ਦੇ ਠੇਕਿਆਂ 'ਤੇ ਸ਼ਰਾਬ ਦੇ ਰੇਟ ਚੰਡੀਗੜ੍ਹ ਦੀ ਵਿਕਰੀ ਨੂੰ ਪ੍ਰਭਾਵਿਤ ਕਰਦੇ ਹਨ।


ਉਨ੍ਹਾਂ ਕਿਹਾ ਕਿ ਚੰਡੀਗੜ੍ਹ ਦੇ ਵਸਨੀਕ ਜ਼ਿਆਦਾਤਰ ਪੰਜਾਬ ਦੇ ਠੇਕਿਆਂ 'ਤੇ ਜਾਂਦੇ ਹਨ। ਉੱਥੇ ਦਰਾਂ ਘੱਟ ਹਨ ਤੇ ਫਿਲੈਕਸੀਬਲ ਟਾਈਮ ਹੈ। ਪੰਜਾਬ ਵਿੱਚ ਸ਼ਰਾਬ ਦੇ ਨਵੇਂ ਰੇਟ ਆਉਣ ਕਾਰਨ ਚੰਡੀਗੜ੍ਹ ਦੇ ਕਈ ਲੋਕ ਉਥੋਂ ਹੀ ਸ਼ਰਾਬ ਖਰੀਦ ਰਹੇ ਹਨ। ਅਜਿਹੇ 'ਚ ਚੰਡੀਗੜ੍ਹ ਦੇ ਸ਼ਰਾਬ ਕਾਰੋਬਾਰੀਆਂ ਨੂੰ ਨੁਕਸਾਨ ਝੱਲਣਾ ਪੈ ਰਿਹਾ ਹੈ। ਲਾਇਸੈਂਸ ਫੀਸ ਦਾ ਭੁਗਤਾਨ ਕਰਨਾ ਵੀ ਔਖਾ ਹੋ ਰਿਹਾ ਹੈ।