By-Elections in Punjab: ਲੋਕ ਸਭਾ ਚੋਣਾਂ ਤੋਂ ਬਾਅਦ ਹੁਣ ਪੰਜਾਬ ਵਿੱਚ ਪੰਜ ਵਿਧਾਨ ਸਭਾ ਸੀਟਾਂ 'ਤੇ ਜ਼ਿਮਨੀ ਚੋਣ ਹੋਵੇਗੀ। ਇਨ੍ਹਾਂ ਵਿੱਚੋਂ ਚਾਰ ਵਿਧਾਨ ਸਭਾ ਸੀਟਾਂ ਦੇ ਵਿਧਾਇਕ ਹੁਣ ਐਮਪੀ ਬਣ ਗਏ ਹਨ ਤੇ ਇੱਕ ਸੀਟ ਤੋਂ ਵਿਧਾਇਕ ਨੇ ਅਸਤੀਫ਼ਾ ਦੇ ਦਿੱਤਾ ਹੈ। ਇਸ ਲਈ ਵਿਧਾਨ ਸਭਾ ਹਲਕੇ ਬਰਨਾਲਾ, ਚੱਬੇਵਾਲ, ਗਿੱਦੜਬਾਹਾ, ਡੇਰਾ ਬਾਬਾ ਨਾਨਕ ਤੇ ਜਲੰਧਰ ਵੈਸਟ ਵਿੱਚ ਹੁਣ ਜ਼ਿਮਨੀ ਚੋਣ ਹੋਵੇਗੀ। 



ਸਭ ਤੋਂ ਪਹਿਲਾਂ ਗੱਲ ਬਰਨਾਲਾ ਵਿਧਾਨ ਸਭਾ ਸੀਟ ਦੀ ਕਰਦੇ ਹਾਂ। ਇੱਥੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਹੁਣ ਸੰਗਰੂਰ ਤੋਂ ਲੋਕ ਸਭਾ ਚੋਣ ਜਿੱਤ ਗਏ ਹਨ। ਇਨ੍ਹਾਂ ਨੇ ਕਾਂਗਰਸ ਦੇ ਉਮੀਦਵਾਰ ਸੁਖਪਾਲ ਖਹਿਰਾ ਨੂੰ 1,72,560 ਵੋਟਾਂ ਨਾਲ ਹਰਾਇਆ ਹੈ। ਹੁਣ ਬਰਨਾਲਾ ਵਿਧਾਨ ਸਭਾ ਸੀਟ ਖਾਲੀ ਹੈ ਜਿਸ ਕਰਕੇ ਜ਼ਿਮਨੀ ਚੋਣ ਹੋਵੇਗੀ।


ਅਗਲੀ ਸੀਟ ਚੱਬੇਵਾਲ ਹੈ। ਇਸ ਵਿਧਾਨ ਸਭਾ ਸੀਟ ਤੋਂ ਰਾਜ ਕੁਮਾਰ ਚੱਬੇਵਾਲ ਕਾਂਗਰਸ ਵੱਲੋਂ ਵਿਧਾਇਕ ਸਨ ਪਰ ਲੋਕ ਸਭਾ ਚੋਣਾਂ ਤੋਂ ਪਹਿਲਾਂ ਉਹ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਗਏ ਸੀ ਤੇ ਵਿਧਾਇਕੀ ਤੋਂ ਵੀ ਅਸਤੀਫ਼ਾ ਦੇ ਦਿੱਤਾ ਸੀ। ਹੁਣ ਰਾਜ ਕੁਮਾਰ ਚੱਬੇਵਾਲ ਆਮ ਆਦਮੀ ਪਾਰਟੀ ਵੱਲੋਂ ਹੁਸ਼ਿਆਰਪੁਰ ਤੋਂ ਲੋਕ ਸਭਾ ਚੋਣ ਜਿੱਤ ਚੁੱਕੇ ਹਨ। ਚੱਬੇਵਾਲ ਨੇ ਕਾਂਗਰਸ ਉਮੀਦਵਾਰ ਯਾਮਿਨੀ ਗੋਮਰ ਨੂੰ 44,111 ਵੋਟਾਂ ਨਾਲ ਹਰਾਇਆ ਹੈ। ਇਸ ਲਈ ਚੱਬੇਵਾਲ ਵਿਧਾਨ ਸਭਾ ਸੀਟ 'ਤੇ ਜ਼ਿਮਨੀ ਚੋਣ ਤੈਅ ਹੈ।


ਅਗਲੀ ਵਿਧਾਨ ਸਭਾ ਸੀਟ ਗਿੱਦੜਬਾਹਾ ਹੈ। ਇੱਥੋਂ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਿਧਾਇਕ ਸਨ। ਉਹ ਲੁਧਿਆਣਾ ਤੋਂ ਐਮਪੀ ਚੁਣੇ ਗਏ ਹਨ। ਰਾਜਾ ਵੜਿੰਗ ਨੇ ਬੀਜੇਪੀ ਉਮੀਦਵਾਰ ਰਵਨੀਤ ਬਿੱਟੂ ਨੂੰ 20,942 ਵੋਟਾਂ ਨਾਲ ਹਰਾਇਆ ਹੈ। ਅਜਿਹੇ 'ਚ ਹੁਣ ਗਿੱਦੜਬਾਹਾ ਵਿਧਾਨ ਸਭਾ ਸੀਟ 'ਤੇ ਵੀ ਜ਼ਿਮਨੀ ਚੋਣ ਹੋਵੇਗੀ।


ਅਗਲੀ ਵਿਧਾਨ ਸਭਾ ਸੀਟ ਡੇਰਾ ਬਾਬਾ ਨਾਨਕ ਹੈ। ਇੱਥੋਂ ਕਾਂਗਰਸ ਵੱਲੋਂ ਸੁਖਜਿੰਦਰ ਸਿੰਘ ਰੰਧਾਵਾ ਵਿਧਾਇਕ ਸਨ। ਰੰਧਾਵਾ ਨੇ ਗੁਰਦਾਸਪੁਰ ਤੋਂ ਲੋਕ ਸਭਾ ਚੋਣ ਜਿੱਤੀ ਹੈ। ਉਨ੍ਹਾਂ ਨੇ ਬੀਜੇਪੀ ਉਮੀਦਵਾਰ ਦਿਨੇਸ਼ ਬੱਬੂ ਨੂੰ 82,861 ਵੋਟਾਂ ਨਾਲ ਹਰਾਇਆ ਹੈ। ਇਸ ਲਈ ਡੇਰਾ ਬਾਬਾ ਨਾਨਕ ਵਿਧਾਨ ਸਭਾ ਸੀਟ 'ਤੇ ਵੀ ਜ਼ਿਮਨੀ ਚੋਣ ਹੋਵੇਗੀ। 


ਇਨ੍ਹਾਂ ਚਾਰ ਸੀਟਾਂ ਤੋਂ ਇਲਾਵਾ ਇੱਕ ਵਿਧਾਨ ਸਭਾ ਸੀਟ ਜਲੰਧਰ ਵੈਸਟ ਵੀ ਖਾਲੀ ਹੈ। ਇੱਥੋਂ ਸ਼ੀਤਲ ਅੰਗੁਰਾਲ ਆਮ ਆਦਮੀ ਪਾਰਟੀ ਵੱਲੋਂ ਵਿਧਾਇਕ ਸਨ ਪਰ ਲੋਕ ਸਭਾ ਚੋਣਾਂ ਤੋਂ ਪਹਿਲਾਂ ਉਹ ਬੀਜੇਪੀ 'ਚ ਸ਼ਾਮਲ ਹੋ ਗਏ ਸੀ ਤੇ ਵਿਧਾਇਕੀ ਤੋਂ ਵੀ ਅਸਤੀਫ਼ਾ ਦੇ ਦਿੱਤਾ ਸੀ। ਹਲਾਂਕਿ ਚੋਣਾਂ ਤੋਂ ਬਾਅਦ ਉਨ੍ਹਾਂ ਨੇ ਅਸਤੀਫ਼ਾ ਵਾਪਸ ਲੈਣ ਦਾ ਐਲਾਨ ਕੀਤਾ ਸੀ ਪਰ ਉਸ ਸਮੇਂ ਤੱਕ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸੰਧਵਾਂ ਅਸਤੀਫ਼ਾ ਪ੍ਰਵਾਨ ਕਰ ਚੁੱਕੇ ਸੀ। 


ਹਾਲਾਂਕਿ ਸ਼ੀਤਲ ਅੰਗੁਰਾਲ ਨੇ ਇਸ ਫੈਸਲੇ ਖਿਲਾਫ਼ ਕੋਰਟ ਜਾਣ ਦਾ ਐਲਾਨ ਕੀਤਾ ਹੈ। ਜੇਕਰ ਕੋਰਟ ਦਾ ਫੈਸਲਾ ਸ਼ੀਤਲ ਅੰਗੁਰਾਲ ਦੇ ਪੱਖ 'ਚ ਨਹੀਂ ਆਉਂਦਾ ਤਾਂ ਜਲੰਧਰ ਵੈਸਟ ਵਿਧਾਨ ਸਭਾ ਸੀਟ 'ਤੇ ਵੀ ਜ਼ਿਮਨੀ ਚੋਣ ਹੋਵੇਗੀ। ਕੁੱਲ ਮਿਲਾ ਕੇ ਪੰਜਾਬ ਦੀਆਂ ਇਨ੍ਹਾਂ ਪੰਜ ਵਿਧਾਨ ਸਭਾ ਸੀਟਾਂ 'ਤੇ ਜ਼ਿਮਨੀ ਚੋਣ ਤੈਅ ਹੈ। 


ਅਜਿਹੇ 'ਚ ਇੱਕ ਵਾਰ ਫਿਰ ਆਮ ਆਦਮੀ ਪਾਰਟੀ ਲਈ ਇਮਤਿਹਾਨ ਦੀ ਘੜੀ ਹੋਵੇਗੀ, ਕਿਉਂਕਿ ਦੋ ਸਾਲ ਦੀ ਕਾਰਗੁਜ਼ਾਰੀ 'ਤੇ ਲੋਕ ਸਭਾ ਚੋਣਾਂ ਵਿੱਚ ਵੋਟਾਂ ਮੰਗਣ ਵਾਲੀ 'ਆਪ' ਸਰਕਾਰ ਦੇ ਹੱਥ ਨਿਰਾਸ਼ਾ ਲੱਗੀ ਹੈ। 13 ਦੀਆਂ 13 ਸੀਟਾਂ ਜਿੱਤਣ ਦਾ ਦਾਅਵਾ ਕਰਨ ਵਾਲੀ ਆਮ ਆਦਮੀ ਪਾਰਟੀ ਪੰਜਾਬ ਵਿੱਚ ਮਹਿਜ਼ ਤਿੰਨ ਸੀਟਾਂ 'ਤੇ ਸਿਮਟ ਗਈ ਹੈ। ਅਜਿਹੇ 'ਚ ਵੇਖਣਾ ਹੋਵੇਗਾ ਕੀ 'ਆਪ' ਇਨ੍ਹਾਂ ਪੰਜ ਵਿਧਾਨ ਸਭਾ ਸੀਟਾਂ 'ਤੇ ਜ਼ਿਮਨੀ ਚੋਣ 'ਚ ਕੋਈ ਕਮਾਲ ਕਰੇਗੀ ਜਾਂ ਨਹੀਂ।