'ਆਪ' ਸਰਕਾਰ ਬਣਨ ਮਗਰੋਂ ਅਚਾਨਕ ਵਧੀਆਂ ਰੇਤ ਦੀਆਂ ਕੀਮਤਾਂ, 12500 'ਚ ਮਿਲਣ ਵਾਲਾ ਇੱਕ ਟਰੱਕ ਰੇਤਾ 20000 ਤੱਕ ਪਹੁੰਚਿਆ
ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਮਗਰੋਂ ਅਚਾਨਕ ਰੇਤਾ ਮਹਿੰਗਾ ਹੋ ਗਿਆ ਹੈ। ਲੋਕਾਂ ਨੂੰ ਉਮੀਦ ਸੀ ਕਿ ਰੇਤ ਮਾਫੀਆ ਉੱਪਰ ਸ਼ਿਕੰਜਾ ਕੱਸੇ ਜਾਣ ਨਾਲ ਰੇਤਾ ਸਸਤਾ ਹੋਏਗਾ ਪਰ ਹੋਇਆ ਇਸ ਤੋਂ ਬਿੱਲਕੁਲ ਉਲਟ ਹੈ।
ਚੰਡੀਗੜ੍ਹ: ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਮਗਰੋਂ ਅਚਾਨਕ ਰੇਤਾ ਮਹਿੰਗਾ ਹੋ ਗਿਆ ਹੈ। ਲੋਕਾਂ ਨੂੰ ਉਮੀਦ ਸੀ ਕਿ ਰੇਤ ਮਾਫੀਆ ਉੱਪਰ ਸ਼ਿਕੰਜਾ ਕੱਸੇ ਜਾਣ ਨਾਲ ਰੇਤਾ ਸਸਤਾ ਹੋਏਗਾ ਪਰ ਹੋਇਆ ਇਸ ਤੋਂ ਬਿੱਲਕੁਲ ਉਲਟ ਹੈ। ਇਸ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਉੱਪਰ ਸਵਾਲ ਉੱਠਣ ਲੱਗੇ ਹਨ।
ਦਰਅਸਲ ਪੰਜਾਬ ਵਿੱਚ ਕਾਂਗਰਸ ਸਰਕਾਰ ਵੇਲੇ ਰੇਤਾ ਸਸਤਾ ਹੋਇਆ ਸੀ, ਉਹ ਹੁਣ ਅਚਾਨਕ ਮਹਿੰਗਾ ਹੋ ਗਿਆ ਹੈ। ਸਿੱਟੇ ਵਜੋਂ ਘਰ ਬਣਾਉਣਾ ਵੀ ਮੁਸ਼ਕਲ ਹੋ ਗਿਆ ਹੈ। ਇਹ ਵੀ ਹੈਰਾਨੀਜਨਕ ਹੈ ਕਿ ਰੇਤੇ ਦੇ ਭਾਅ ਵਧਾਉਣ ਦਾ ਕੋਈ ਸਰਕਾਰੀ ਐਲਾਨ ਨਹੀਂ ਕੀਤਾ ਗਿਆ। ਇਹੀ ਕਾਰਨ ਹੈ ਕਿ ਹੁਣ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅਚਨਚੇਤ ਕੀਮਤਾਂ ਵਧਣ ਦੀ ਜਾਂਚ ਕਰਵਾਈ ਜਾ ਰਹੀ ਹੈ। ਸੂਤਰਾਂ ਮੁਤਾਬਕ ਇੱਕ ਮਹੀਨਾ ਪਹਿਲਾਂ ਤੱਕ ਰੇਤ ਦਾ ਟਰੱਕ 12500 ਹਜ਼ਾਰ ਵਿੱਚ ਮਿਲਦਾ ਸੀ, ਹੁਣ 20000 ਤੱਕ ਵਿਕ ਰਿਹਾ ਹੈ।
ਦੱਸਿਆ ਜਾ ਰਿਹਾ ਹੈ ਕਿ ਇਨ੍ਹੀਂ ਦਿਨੀਂ ਲੁਧਿਆਣਾ ਵਿੱਚ ਰੇਤ ਦੀਆਂ ਕਈ ਖੱਡਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਸਿਰਫ਼ ਇੱਕ ਖੱਡ ਵਿੱਚੋਂ ਰੇਤ ਕੱਢੀ ਜਾ ਰਹੀ ਹੈ। ਇਸ ਕਾਰਨ ਟਰੱਕਾਂ ਦੀਆਂ ਲੰਮੀਆਂ ਕਤਾਰਾਂ ਲੱਗ ਰਹੀਆਂ ਹਨ। ਕਈ ਦਿਨਾਂ ਬਾਅਦ ਟਰੱਕਾਂ ਦੀ ਵਾਰੀ ਆ ਰਹੀ ਹੈ। ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੀ ਸਖਤੀ ਕਰਕੇ ਵੀ ਕਈ ਖੱਡਾਂ ਉੱਪਰ ਕੰਮ ਬੰਦ ਹੋ ਗਿਆ ਹੈ। ਇਹ ਹਾਲ ਪੰਜਾਬ ਦੇ ਕਈ ਇਲਾਕਿਆਂ ਅੰਦਰ ਹੈ।
ਦੱਸਿਆ ਜਾ ਰਿਹਾ ਹੈ ਕਿ ਇਸ ਕਾਰਨ ਟਰੱਕ ਮਾਲਕਾਂ ਨੂੰ ਬਹਾਨੇ ਮਿਲ ਰਹੇ ਹਨ ਤੇ ਉਹ ਮਹਿੰਗੇ ਭਾਅ ਰੇਤ ਵੇਚ ਰਹੇ ਹਨ। ਇਸ ਕਾਰਨ ਟਿੱਪਰ ਮਾਲਕਾਂ ਨੇ ਰੇਤੇ ਦੇ ਰੇਟ ਵਧਾ ਦਿੱਤੇ ਹਨ। ਇਹ ਵੀ ਅਹਿਮ ਹੈ ਕਿ ਭਗਵੰਤ ਮਾਨ ਸਰਕਾਰ ਨੇ ਰੇਤ ਮਾਫੀਆ ਤੇ ਕੀਮਤਾਂ ਵਿੱਚ ਵਾਧੇ ਨੂੰ ਰੋਕਣ ਲਈ ਅਜੇ ਤੱਕ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ। ਸੂਤਰਾਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਦੀ ਸਖਤੀ ਕਰਕੇ ਰੇਤੇ ਦੀ ਨਾਜਾਇਜ਼ ਖੁਦਾਈ ਰੁਕੀ ਹੈ। ਇਸ ਲਈ ਮੰਗ ਮੁਤਾਬਕ ਰੇਤੇ ਦੀ ਸਪਲਾਈ ਨਹੀਂ ਹੋ ਪਾ ਰਹੀ। ਇਸ ਕਰਕੇ ਹੀ ਰੇਤੇ ਦੇ ਰੇਟ ਵਧ ਰਹੇ ਹਨ।
ਯਾਦ ਰਹੇ ਕਾਂਗਰਸ ਸਰਕਾਰ ਨੇ ਵਿਧਾਨ ਸਭਾ ਚੋਣਾਂ ਤੋਂ ਤਿੰਨ ਮਹੀਨੇ ਪਹਿਲਾਂ ਰੇਤ ਸਸਤੀ ਕਰ ਦਿੱਤੀ ਸੀ। ਉਸ ਸਮੇਂ ਰੇਤ ਦਾ ਟਰੱਕ 12500 'ਤੇ ਆ ਰਿਹਾ ਸੀ। ਇੱਕ ਟਰੱਕ ਵਿੱਚ ਲਗਪਗ 1000 ਫੁੱਟ ਰੇਤ ਹੁੰਦੀ ਹੈ। ਰੇਟ ਦਾ ਮੁੱਦਾ ਇਸ ਵਾਰ ਵੀ ਵੱਡਾ ਸੀ ਤੇ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਵੀ। ਰੇਤ ਸਸਤੀ ਹੋਣ ਕਾਰਨ ਸ਼ਹਿਰ ਵਿੱਚ ਉਸਾਰੀ ਦੇ ਕੰਮ ਵਿੱਚ ਤੇਜ਼ੀ ਆਈ ਸੀ।
ਉਧਰ, ਪੰਜਾਬ ਸਰਕਾਰ ਨੂੰ ਘੇਰਦਿਆਂ ਅਕਾਲੀ ਦਲ ਦੇ ਸਾਬਕਾ ਮੰਤਰੀ ਮਹੇਸ਼ ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਲੋਕਾਂ ਨੂੰ ਝੂਠੇ ਸੁਪਨੇ ਦਿਖਾ ਕੇ ਸਰਕਾਰ ਬਣਾਈ ਹੈ। ਉਨ੍ਹਾਂ ਕੋਲ ਕੋਈ ਦ੍ਰਿਸ਼ਟੀ ਨਹੀਂ ਹੈ। ਰੇਤੇ ਦਾ ਟਰੱਕ ਜੋ ਕਰੀਬ 12500 ਹਜ਼ਾਰ ਦਾ ਸੀ। ਉਸ ਨੇ 20000 ਦਾ ਅੰਕੜਾ ਪਾਰ ਕਰ ਲਿਆ ਹੈ। ਇਸ ਦੀ ਗੰਭੀਰਤਾ ਨਾਲ ਜਾਂਚ ਕਰਕੇ ਕਾਰਵਾਈ ਹੋਣੀ ਚਾਹੀਦੀ ਹੈ।