Holidays in Schools: ਪੰਜਾਬ ਤੇ ਹਰਿਆਣਾ ਸਣੇ ਉੱਤਰੀ ਭਾਰਤ ਵਿੱਚ ਠੰਢ ਦਾ ਕਹਿਰ ਜਾਰੀ ਹੈ। ਮੌਸਮ ਵਿਭਾਗ ਨੇ 25 ਜਨਵਰੀ ਤੱਕ ਧੁੰਦ ਤੇ ਸੀਤ ਲਹਿਰ ਦਾ ਅਲਰਟ ਜਾਰੀ ਕੀਤਾ ਹੈ। ਇਸ ਨੂੰ ਵੇਖਦਿਆਂ ਚੰਡੀਗੜ੍ਹ ਦੇ ਸਕਲੂਆਂ ਵਿੱਚ ਪੰਜਵੀਂ ਜਮਾਤ ਤੱਕ ਛੁੱਟੀਆਂ ਵਧਾ ਦਿੱਤੀਆਂ ਗਈਆਂ ਹਨ ਜਦੋਂਕਿ ਹਰਿਆਣਾ ਵਿੱਚ ਸਕੂਲਾਂ ਦੀ ਟਾਈਮਿੰਗ ਬਦਲੀ ਗਈ ਹੈ। ਉਧਰ, ਪੰਜਾਬ ਸਰਕਾਰ ਨੇ ਛੁੱਟੀਆਂ ਨਹੀਂ ਵਧਾਈਆਂ ਤੇ 22 ਜਨਵਰੀ ਤੋਂ ਸਕੂਲ ਖੁੱਲ੍ਹ ਗਏ ਹਨ।


ਹਾਸਲ ਜਾਣਕਾਰੀ ਮੁਤਾਬਕ ਸਰਦੀ ਕਾਰਨ ਬੰਦ ਪਏ ਪੰਜਾਬ ਦੇ ਪ੍ਰਾਇਮਰੀ ਸਕੂਲ ਭਾਵੇਂ 22 ਜਨਵਰੀ ਤੋਂ ਮੁੜ ਖੁੱਲ੍ਹ ਗਏ ਹਨ ਪਰ ਕੜਾਕੇ ਦੀ ਠੰਢ ਕਾਰਨ ਵਿਦਿਆਰਥੀਆਂ ਦੀ ਹਾਜ਼ਰੀ ਬਹੁਤ ਘੱਟ ਹੈ। ਇਸ ਦੇ ਨਾਲ ਹੀ ਸੋਮਵਾਰ ਨੂੰ ਸਕੂਲਾਂ ਦੇ ਸਮੇਂ ਨੇ ਵੀ ਭੰਬਲਭੂਸਾ ਪਾਈ ਰੱਖਿਆ। ਕੋਈ ਸਕੂਲ 9 ਵਜੇ ਖੁੱਲ੍ਹਿਆ ਤੇ ਕੋਈ ਸਕੂਲ 10 ਵਜੇ ਜਿਸ ਨੂੰ ਲੈ ਕੇ ਸਿੱਖਿਆ ਅਧਿਕਾਰੀ ਰਿਪੋਰਟਾਂ ਇਕੱਠੀਆਂ ਕਰਦੇ ਰਹੇ। 


ਉਧਰ, ਅਧਿਆਪਕਾਂ ਨੇ ਰੋਸ ਪ੍ਰਗਟਾਇਆ ਕਿ ਸਕੂਲ ਸਮੇਂ ਬਾਰੇ ਸਿੱਖਿਆ ਵਿਭਾਗ ਵੱਲੋਂ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਡੈਮੋਕ੍ਰੈਟਿਕ ਟੀਚਰਜ਼ ਫਰੰਟ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਨਵਰੀ ਮਹੀਨੇ ਤੱਕ ਸਕੂਲਾਂ ਦਾ ਸਮਾਂ ਸਵੇਰੇ 10 ਵਜੇ ਹੀ ਰੱਖਿਆ ਜਾਵੇ ਕਿਉਂਕਿ ਸਵੇਰ ਵੇਲੇ ਧੁੰਦ ਤੇ ਠੰਢ ਦਾ ਕਹਿਰ ਪਹਿਲਾਂ ਨਾਲੋਂ ਜ਼ਿਆਦਾ ਹੈ। 



ਚੰਡੀਗੜ੍ਹ ਵਿੱਚ ਛੁੱਟੀਆਂ ਵਧੀਆਂ
ਦੂਜੇ ਪਾਸੇ ਚੰਡੀਗੜ੍ਹ ਵਿੱਚ ਠੰਢ ਕਾਰਨ ਪੰਜਵੀਂ ਜਮਾਤ ਤੱਕ ਛੁੱਟੀਆਂ ਵਧਾ ਦਿੱਤੀਆਂ ਗਈਆਂ ਹਨ। ਪ੍ਰਸ਼ਾਸਨ ਵੱਲੋਂ ਜਾਰੀ ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ ਕਿ ਇਸ ਦੌਰਾਨ ਸਾਰੇ ਸਕੂਲ ਆਨਲਾਈਨ ਕਲਾਸਾਂ ਲੈ ਸਕਦੇ ਹਨ। ਜਦੋਂਕਿ 6ਵੀਂ ਤੋਂ 12ਵੀਂ ਜਮਾਤ ਤੱਕ ਆਨਲਾਈਨ ਕਲਾਸਾਂ ਬਾਰੇ ਸਕੂਲ ਆਪਣੇ ਪੱਧਰ 'ਤੇ ਫੈਸਲਾ ਕਰ ਸਕਦੇ ਹਨ। ਇਸ ਦੇ ਨਾਲ ਹੀ ਹੁਕਮ ਦਿੱਤੇ ਗਏ ਹਨ ਕਿ ਸਕੂਲ ਸਵੇਰੇ 9:30 ਵਜੇ ਤੋਂ ਪਹਿਲਾਂ ਸ਼ੁਰੂ ਨਹੀਂ ਹੋ ਸਕਣਗੇ। ਵਿਦਿਆਰਥੀਆਂ ਨੂੰ ਸ਼ਾਮ 4 ਵਜੇ ਤੋਂ ਪਹਿਲਾਂ ਛੁੱਟੀ ਕਰ ਦੇਣੀ ਪਵੇਗੀ।



ਹਰਿਆਣਾ ਸਰਕਾਰ ਨੇ ਬਦਲਿਆ ਸਮਾਂ
ਇਸ ਦੇ ਨਾਲ ਹੀ ਹਰਿਆਣਾ ਵਿੱਚ ਸਰਦੀਆਂ ਦੀਆਂ ਛੁੱਟੀਆਂ ਤੋਂ ਬਾਅਦ ਅੱਜ ਸਕੂਲ ਖੁੱਲ੍ਹਣ ਜਾ ਰਹੇ ਹਨ। ਉਂਝ ਸਰਕਾਰ ਨੇ ਠੰਢ ਨੂੰ ਦੇਖਦੇ ਹੋਏ ਸਕੂਲਾਂ ਦਾ ਸਮਾਂ ਬਦਲ ਦਿੱਤਾ ਹੈ। ਅੱਜ ਤੋਂ ਸਕੂਲ ਸਵੇਰੇ 9.30 ਵਜੇ ਖੁੱਲ੍ਹਣਗੇ ਤੇ ਦੁਪਹਿਰ 3.30 ਵਜੇ ਬੰਦ ਹੋਣਗੇ। ਜਦੋਂਕਿ ਡਬਲ ਸ਼ਿਫਟ ਵਾਲੇ ਸਕੂਲਾਂ ਦਾ ਸਮਾਂ ਸਵੇਰੇ 7.55 ਵਜੇ ਤੋਂ ਦੁਪਹਿਰ 12.30 ਵਜੇ ਤੱਕ ਹੋਵੇਗਾ। ਦੂਜੀ ਸ਼ਿਫਟ ਵਿੱਚ ਸਕੂਲਾਂ ਵਿੱਚ ਕਲਾਸਾਂ ਦੁਪਹਿਰ 12.40 ਵਜੇ ਤੋਂ ਸ਼ੁਰੂ ਹੋ ਕੇ ਸ਼ਾਮ 5.15 ਵਜੇ ਤੱਕ ਚੱਲਣਗੀਆਂ।



ਹਰਿਆਣਾ 'ਚ ਸਕੂਲ 22 ਦਿਨਾਂ ਬਾਅਦ ਖੁੱਲ੍ਹੇ
ਹਰਿਆਣਾ 'ਚ ਅੱਜ 22 ਦਿਨਾਂ ਬਾਅਦ ਸਕੂਲ ਖੁੱਲ੍ਹੇ ਹਨ। ਸਰਕਾਰ ਨੇ 1 ਜਨਵਰੀ ਤੋਂ 15 ਜਨਵਰੀ ਤੱਕ ਸਕੂਲਾਂ ਵਿੱਚ ਸਰਦੀਆਂ ਦੀਆਂ ਛੁੱਟੀਆਂ ਦਾ ਐਲਾਨ ਕੀਤਾ ਸੀ। ਇਸ ਤੋਂ ਬਾਅਦ ਠੰਢ ਦੇ ਮੱਦੇਨਜ਼ਰ 5ਵੀਂ ਜਮਾਤ ਤੱਕ 20 ਜਨਵਰੀ ਤੱਕ ਛੁੱਟੀਆਂ ਵਧਾ ਦਿੱਤੀਆਂ ਗਈਆਂ। 21 ਤਰੀਕ ਨੂੰ ਐਤਵਾਰ ਹੋਣ ਕਾਰਨ ਸਕੂਲ ਬੰਦ ਰਹੇ। ਫਿਰ 22 ਜਨਵਰੀ ਨੂੰ ਰਾਮ ਮੰਦਿਰ ਸਮਾਗਮ ਕਾਰਨ ਸਰਕਾਰ ਨੇ ਸਕੂਲਾਂ ਵਿੱਚ ਵਿਦਿਆਰਥੀਆਂ ਲਈ ਛੁੱਟੀ ਦਾ ਐਲਾਨ ਕੀਤਾ ਸੀ। ਇਸ ਤੋਂ ਬਾਅਦ ਅੱਜ ਤੋਂ ਸਕੂਲ ਖੁੱਲ੍ਹੇ ਹਨ।