Punjab News: ਪੰਜਾਬ ਦੇ ਸਕੂਲਾਂ ਲਈ ਅਹਿਮ ਅਤੇ ਵੱਡੀ ਖਬਰ ਸਾਹਮਣੇ ਆ ਰਹੀ ਹੈ। ਜਿਸ ਨਾਲ ਸਕੂਲ ਪ੍ਰਸ਼ਾਸਨ ਵਿਚਾਲੇ ਹਲਚਲ ਮੱਚ ਗਈ ਹੈ। ਦੱਸ ਦੇਈਏ ਕਿ ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ (CBSE) ਦੇ ਨੋਟਿਸ ’ਚ ਇਹ ਗੰਭੀਰ ਮਾਮਲਾ ਆਇਆ ਹੈ ਕਿ ਕਈ ਸੂਬਿਆਂ ’ਚ ਸਕੂਲ ਐੱਲ. ਓ. ਸੀ. (ਲਿਸਟ ਆਫ਼ ਕੈਂਡੀਡੇਟਸ) ਜਮ੍ਹਾਂ ਕਰਨ ਦੇ ਨਾਂ ’ਤੇ ਵਿਦਿਆਰਥੀਆਂ ਤੋਂ ਟਿਊਸ਼ਨ ਫ਼ੀਸ ਦੀ ਮੰਗ ਕਰ ਰਹੇ ਹਨ। ਬੋਰਡ ਨੇ ਇਸ ਨੂੰ ਪੂਰੀ ਤਰ੍ਹਾਂ ਨਿਯਮਾਂ ਦੇ ਖ਼ਿਲਾਫ਼ ਦੱਸਦਿਆਂ ਸਪੱਸ਼ਟ ਕੀਤਾ ਹੈ ਕਿ ਪਹਿਲੇ ਪੜਾਅ ’ਚ ਐੱਲ. ਓ. ਸੀ. ਲਈ ਕੋਈ ਵਾਧੂ ਫ਼ੀਸ ਨਹੀਂ ਲਈ ਜਾਵੇਗੀ। 

Continues below advertisement

ਨਿਯਮਾਂ ਦੀ ਉਲੰਘਣਾ ਕਰਨ ਵਾਲੇ ਸਕੂਲਾਂ ਖ਼ਿਲਾਫ਼ ਹੋਏਗੀ ਕਾਰਵਾਈ

ਬੋਰਡ ਅਨੁਸਾਰ ਸਕੂਲਾਂ ਵੱਲੋਂ ਸਿਰਫ਼ ਉਹੀ ਪ੍ਰੀਖਿਆ ਫ਼ੀਸ ਲਈ ਜਾ ਸਕਦੀ ਹੈ, ਜੋ ਸਰਕੂਲਰ ’ਚ ਪਹਿਲਾਂ ਤੋਂ ਤੈਅ ਹੈ। ਨਿਯਮਾਂ ਦੀ ਉਲੰਘਣਾ ਕਰਨ ਵਾਲੇ ਸਕੂਲਾਂ ਖ਼ਿਲਾਫ਼ ਬੋਰਡ ਸਖ਼ਤ ਕਾਰਵਾਈ ਕਰਨ ਦੀ ਤਿਆਰੀ ’ਚ ਹੈ। ਜਾਣਕਾਰੀ ਅਨੁਸਾਰ ਬੋਰਡ ਨੇ ਅਜੇ ਸਿਰਫ਼ ਐੱਲ. ਓ. ਸੀ. ਮੰਗੀ ਹੈ ਤਾਂ ਜੋ ਪ੍ਰੀਖਿਆ ’ਚ ਬੈਠਣ ਵਾਲੇ ਵਿਦਿਆਰਥੀਆਂ ਦੀ ਸਹੀ ਗਿਣਤੀ ਦਾ ਪਤਾ ਲੱਗ ਸਕੇ। ਜਦੋਂ ਵਿਦਿਆਰਥੀ ਆਪਣੇ ਵਿਸ਼ਿਆਂ ਦੀ ਚੋਣ ਕਰਨਗੇ, ਉਦੋਂ ਹੀ ਉਨ੍ਹਾਂ ਨੂੰ ਤੈਅ ਕੀਤੀ ਗਈ ਫ਼ੀਸ ਦੇਣੀ ਹੋਵੇਗੀ।

Continues below advertisement

ਮਈ ’ਚ ਹੋਵੇਗੀ ਦੂਜੀ ਬੋਰਡ ਪ੍ਰੀਖਿਆ

ਨਵੀਂ ਸਿੱਖਿਆ ਨੀਤੀ 2020 ਦੇ ਤਹਿਤ ਪਹਿਲੀ ਵਾਰ ਮਈ ’ਚ ਦੂਜੀ ਬੋਰਡ ਪ੍ਰੀਖਿਆ ਕਰਵਾਈ ਜਾਣੀ ਹੈ। ਇਸ ਪ੍ਰੀਖਿਆ ’ਚ ਵਿਦਿਆਰਥੀ ਵਿਗਿਆਨ, ਗਣਿਤ, ਸਮਾਜਿਕ ਵਿਗਿਆਨ ਅਤੇ ਭਾਸ਼ਾ ਵਰਗੇ ਵੱਧ ਤੋਂ ਵੱਧ 3 ਵਿਸ਼ਿਆਂ ’ਚ ਆਪਣਾ ਸਕੋਰ ਸੁਧਾਰਨ (ਇੰਪਰੂਵਮੈਂਟ) ਲਈ ਅਪਲਾਈ ਕਰ ਸਕਦੇ ਹਨ। ਐੱਲ. ਓ. ਸੀ. ਪ੍ਰਕਿਰਿਆ ਦਾ ਪਹਿਲਾ ਪੜਾਅ 31 ਮਾਰਚ ਤੱਕ ਸੀ, ਜਦੋਂ ਕਿ ਦੂਜਾ ਪੜਾਅ ਮੁੱਖ ਪ੍ਰੀਖਿਆ ਦਾ ਨਤੀਜਾ ਆਉਣ ਤੋਂ ਬਾਅਦ ਸ਼ੁਰੂ ਹੋਵੇਗਾ। ਇਸ ਤੋਂ ਬਾਅਦ ਤੀਜੇ ਪੜਾਅ ’ਚ ਲੇਟ ਫ਼ੀਸ ਦੇ ਨਾਲ ਵਿਦਿਆਰਥੀਆਂ ਨੂੰ ਇਕ ਹੋਰ ਮੌਕਾ ਦਿੱਤਾ ਜਾਵੇਗਾ।

ਪ੍ਰੀਖਿਆ ਲਈ ਯੋਗਤਾ ਅਤੇ ਨਿਯਮ

ਇਸ ਵਿਸ਼ੇਸ਼ ਪ੍ਰੀਖਿਆ ’ਚ ਸਿਰਫ਼ ਉਹੀ ਵਿਦਿਆਰਥੀ ਬੈਠ ਸਕਦੇ ਹਨ, ਜੋ ਪਹਿਲੀ ਮੁੱਖ ਪ੍ਰੀਖਿਆ ’ਚ ਸ਼ਾਮਲ ਹੋਏ ਹੋਣ ਅਤੇ ਜਿਨ੍ਹਾਂ ਨੇ ਘੱਟੋ-ਘੱਟ ਤਿੰਨ ਵਿਸ਼ਿਆਂ ਦੀ ਪ੍ਰੀਖਿਆ ਦਿੱਤੀ ਹੋਵੇ। ਬੋਰਡ ਨੇ ਸਾਫ਼ ਕੀਤਾ ਹੈ ਕਿ ਜੋ ਵਿਦਿਆਰਥੀ ਮੁੱਖ ਪ੍ਰੀਖਿਆ ’ਚ ਤਿੰਨ ਜਾਂ ਵੱਧ ਵਿਸ਼ਿਆਂ ’ਚ ਫੇਲ੍ਹ ਜਾਂ ਗੈਰ-ਹਾਜ਼ਰ ਰਹੇ ਹਨ, ਉਹ ਇਸ ਪ੍ਰੀਖਿਆ ਦੇ ਯੋਗ ਨਹੀਂ ਹੋਣਗੇ। ਕੰਪਾਰਟਮੈਂਟ ਵਾਲੇ ਵਿਦਿਆਰਥੀ ਵੀ ਇਸ ’ਚ ਸ਼ਾਮਲ ਹੋ ਸਕਦੇ ਹਨ ਪਰ ਐੱਲ. ਓ. ਸੀ. ’ਚ ਕਿਸੇ ਵੀ ਨਵੇਂ ਵਿਦਿਆਰਥੀ ਦਾ ਨਾਂ ਨਹੀਂ ਜੋੜਿਆ ਜਾ ਸਕੇਗਾ। ਜੇਕਰ ਕੋਈ ਵਿਦਿਆਰਥੀ ਫ਼ਾਰਮ ਭਰਨ ਤੋਂ ਬਾਅਦ ਪ੍ਰੀਖਿਆ ’ਚ ਸ਼ਾਮਲ ਨਹੀਂ ਹੁੰਦਾ ਤਾਂ ਮੁੱਖ ਪ੍ਰੀਖਿਆ ਦੇ ਅੰਕਾਂ ਦੇ ਆਧਾਰ ’ਤੇ ਹੀ ਉਸ ਦਾ ਫਾਈਨਲ ਨਤੀਜਾ ਐਲਾਨਿਆ ਜਾਵੇਗਾ।