ਫਾਜ਼ਿਲਕਾ: ਪੰਜਾਬ ਭਰ ਵਿੱਚ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੇ ਧਰਨੇ ਪ੍ਰਦਰਸ਼ਨ ਤਹਿਤ ਅੱਜ ਫਾਜ਼ਿਲਕਾ-ਫਿਰੋਜ਼ਪੁਰ ਰੋਡ 'ਤੇ ਪਿੰਡ ਥੇਹ ਕਲੰਦਰ ਦੇ ਟੋਲ ਪਲਾਜੇ ਤੇ ਕਿਸਾਨਾਂ ਵੱਲੋਂ ਲਾਏ ਧਰਨੇ ਪ੍ਰਦਰਸ਼ਨ ਵਿੱਚ ਵੱਖ ਵੱਖ ਗਾਇਕਾਂ ਤੇ ਲੇਖਕਾਂ ਨੇ ਮੋਦੀ ਸਰਕਾਰ ਦੇ ਕਿਸਾਨ ਮਾਰੂ ਕਾਨੂੰਨਾਂ ਵਿਰੁੱਧ ਕਿਸਾਨਾ ਨੂੰ ਸੰਬੋਧਨ ਕੀਤਾ।


ਥੇਹ ਕਲੰਦਰ ਟੋਲ ਪਲਾਜੇ ਤੇ ਪ੍ਰਸਿੱਧ ਲੇਖਕ ਮਿੰਟੂ ਗੁਰੂਸਰੀਆ, ਕਲਾਕਾਰ ਗੁਰਵਿੰਦਰ ਬਰਾੜ, ਬੱਬੂ ਬਰਾੜ, ਸੱਤੀ ਖੋਖੇਵਾਲੀਆ, ਬੂਟਾ ਮੁਹੰਮਦ ਤੇ ਬਲਰਾਜ ਤੋਂ ਇਲਾਵਾ ਹੋਰ ਕਈ ਕਿਸਾਨ ਆਗੂਆਂ ਨੇ ਮੋਦੀ ਸਰਕਾਰ ਦੇ ਖੇਤੀ ਕਾਨੂੰਨਾਂ ਬਾਰੇ ਕਿਸਾਨਾਂ ਨੂੰ ਸੰਘਰਸ਼ ਜਾਰੀ ਰੱਖਣ ਦੀ ਅਪੀਲ ਕੀਤੀ।


ਇਸ ਮੌਕੇ ਵੱਖ ਵੱਖ ਬੁਲਾਰਿਆਂ ਨੇ ਗੱਲਬਾਤ ਕਰਦਿਆਂ ਕਿਹਾ ਕਿ "ਮੋਦੀ ਸਰਕਾਰ ਕਿਸਾਨਾਂ ਦੀਆਂ ਜਮੀਨਾਂ ਨੂੰ ਹਥਿਆਉਣ ਲਈ ਦਿਨੋਂ ਦਿਨ ਕਿਸਾਨ ਮਾਰੂ ਕਾਨੂੰਨ ਪਾਸ ਕਰ ਰਹੀ ਹੈ। ਮੋਦੀ ਸਰਕਾਰ ਪੰਜਾਬ ਵਿੱਚ ਘੱਟੋ ਘੱਟ ਸਮਰਥਨ ਮੁੱਲ (MSP) ਤੇ ਮੰਡੀ ਬੋਰਡ ਨੂੰ ਖ਼ਤਮ ਕਰਨਾ ਚਾਹੁੰਦੀ ਹੈ।"

ਉਨ੍ਹਾਂ ਕਿਹਾ ਜੇ ਮੰਡੀ ਬੋਰਡ ਤੇ ਐਮਐਸਪੀ ਖ਼ਤਮ ਹੁੰਦੇ ਹਨ ਤਾਂ ਕਿਸਾਨਾਂ ਦੀ ਫਸਲ ਦੀ ਸਰਕਾਰੀ ਖਰੀਦ ਖ਼ਤਮ ਹੋਣ ਕਾਰਨ ਪੰਜਾਬ ਵਿੱਚ ਬਿਹਾਰ ਵਰਗੇ ਹਾਲਾਤ ਹੋ ਜਾਣਗੇ, ਜਿਸ ਦੇ ਸਿੱਟੇ ਵਜੋਂ ਪੰਜਾਬ ਦਾ ਕਿਸਾਨ ਮਜਦੂਰ ਬਣ ਕੇ ਰਹਿ ਜਾਵੇਗਾ ਤੇ ਕਿਸਾਨਾਂ ਦੀਆਂ ਫਸਲਾਂ ਨਿੱਜੀ ਕੰਪਨੀਆਂ ਆਪਣੀ ਮਨਮਰਜੀ ਦੇ ਸਸਤੇ ਭਾਅ ਤੇ ਖਰੀਦ ਕਰਨਗੀਆਂ।