ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਆਮ ਆਦਮੀ ਪਾਰਟੀ ਨੂੰ ਘੇਰਦਿਆਂ ਕਿਹਾ ਹੈ ਕਿ ਅੱਜ ਦੇਸ਼ ਦਾ ਸਭ ਤੋਂ ਵੱਧ ਖੁਸ਼ਹਾਲ ਸੂਬਾ ਪੰਜਾਬ ਕਤਲਾਂ, ਗੈਂਗਵਾਰਾਂ ਤੇ ਧਾਰਮਿਕ ਝੜੱਪਾਂ ਦਾ ਗੜ੍ਹ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬਦਲਾਅ ਦੀਆਂ ਵੱਡੀਆਂ-ਵੱਡੀਆਂ ਗੱਲਾਂ ਕੀਤੀਆਂ ਸਨ, ਪਰ ਹਾਲਾਤ ਭਿਆਨਕ ਹੁੰਦੇ ਜਾ ਰਹੇ ਹਨ।

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਟਵੀਟ ਕਰਕੇ ਕਿਹਾ ਕਿ ਪੰਜਾਬੀਆਂ ਨੇ ਅਜਿਹਾ ਬਦਲਾਅ ਨਹੀਂ ਮੰਗਿਆ ਸੀ। ਬਾਦਲ ਨੇ ਟਵੀਟ ਵਿੱਚ ਦੁੱਖ ਜ਼ਾਹਰ ਕੀਤਾ ਕਿ ‘ਦੇਸ਼ ਦਾ ਸਭ ਤੋਂ ਵੱਧ ਖੁਸ਼ਹਾਲ ਸੂਬਾ ਅੱਜ ਕਤਲਾਂ, ਗੈਂਗਵਾਰ, ਧਾਰਮਿਕ ਝੜਪਾਂ ਤੇ ਹੋਰਨਾਂ ਘਟਨਾਵਾਂ ਦਾ ਗੜ੍ਹ ਬਣ ਗਿਆ ਹੈ। ਇਹ ਸਭ ਕੁਝ ਸੂਬੇ ’ਚ ਹੋਣ ਵਾਲੇ ਨਿਵੇਸ਼ਾਂ ਤੇ ਸੂਬੇ ਦੀ ਪ੍ਰਤਿਭਾ ਲਈ ਘਾਤਕ ਸਾਬਤ ਹੋਵੇਗਾ।’


 






ਦੱਸ ਦਈਏ ਕਿ ਪੰਜਾਬ ਵਿੱਚ ਪਿਛਲੇ ਸਮੇਂ ਦੌਰਾਨ ਮਕਬੂਲ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਸਣੇ ਗੈਂਗਵਾਰ ਦੀਆਂ ਕੁਝ ਘਟਨਾਵਾਂ ਵੀ ਸਾਹਮਣੇ ਆਈਆਂ ਹਨ। ਸੂਬੇ ’ਚ ਨਿੱਤ ਗੋਲੀਬਾਰੀ ਜਾਂ ਆਪਸੀ ਰੰਜਿਸ਼ ਕਰਕੇ ਇਕ-ਦੋ ਜਣਿਆਂ ਦੀ ਮੌਤ ਹੋ ਰਹੀ ਹੈ। ਅਜਿਹੇ ਹਾਲਾਤਾਂ ਨੂੰ ਵੇਖਦਿਆਂ ਵਿਰੋਧੀ ਧਿਰ ਵੱਲੋਂ ਸੂਬੇ ’ਚ ਅਮਨ ਤੇ ਕਾਨੂੰਨ ਦੀ ਸਥਿਤੀ ਦੇ ਮੁੱਦੇ ’ਤੇ ਮੌਜੂਦਾ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ, ਜਦਕਿ ਪੰਜਾਬ ਵਿੱਚ ‘ਆਪ’ ਸਰਕਾਰ ਲਗਾਤਾਰ ਅਮਨ ਤੇ ਕਾਨੂੰਨੀ ਦੀ ਸਥਿਤੀ ਨੂੰ ਬਰਕਰਾਰ ਰੱਖਣ ਦਾ ਦਾਅਵਾ ਕਰ ਰਹੀ ਹੈ।