ਚੰਡੀਗੜ੍ਹ: ਪੰਜਾਬ ਦੇ ਸਮੂਹ ਛੋਟੇ ਪ੍ਰਾਈਵੇਟ ਬੱਸ ਆਪ੍ਰੇਟਰਾਂ, ਟੂਰਿਸਟ, ਮਿੰਨੀ ਤੇ ਸਕੂਲ ਬੱਸ ਆਪ੍ਰੇਟਰਾਂ ਤੇ ਟੈਕਸੀ ਯੂਨੀਅਨਾਂ ਨੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨਾਲ ਮੀਟਿੰਗਾਂ ਦੇ ਲੰਮੇ ਦੌਰ ਵਿੱਢ ਕੇ ਜਿੱਥੇ ਕੋਵਿਡ-19 ਦੇ ਸਮੇਂ ਦੌਰਾਨ ਟੈਕਸਾਂ ਤੋਂ ਛੋਟ ਦੀ ਮੰਗ ਕੀਤੀ, ਉੱਥੇ ਹੀ ਬੱਸ ਮਾਲਕਾਂ ਨੇ ਸੂਬੇ 'ਚ ਚੱਲ ਰਹੀ ਬੱਸਾਂ ਦੀ ਸਮਾਂ ਸਾਰਣੀ ਨੂੰ ਦਰੁਸਤ ਕਰਨ ਦੀ ਜ਼ੋਰਦਾਰ ਮੰਗ ਰੱਖੀ। ਬੱਸ ਆਪਰੇਟਰਾਂ 'ਤੇ ਮੰਤਰੀ ਨੇ ਭਰੋਸਾ ਦਿੱਤਾ ਕਿ ਛੇਤੀ ਹੀ ਪਾਰਦਰਸ਼ੀ ਤੇ ਢੁਕਵੀਂ ਸਮਾਂ ਸਾਰਣੀ ਬਣਾਈ ਜਾਵੇਗੀ।
ਬੀਤੇ ਦਿਨੀਂ ਪੰਜਾਬ ਭਵਨ ਵਿਖੇ ਫ਼ਰੀਦਕੋਟ ਤੋਂ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਦੀ ਅਗਵਾਈ ਹੇਠ ਮਿਲੇ ਛੋਟੇ ਬੱਸ ਆਪ੍ਰੇਟਰਾਂ ਨਾਲ ਮੀਟਿੰਗ ਦੌਰਾਨ ਰਾਜਾ ਵੜਿੰਗ ਨੇ ਕਿਹਾ ਕਿ ਉਹ ਜਾਣਦੇ ਹਨ ਕਿ ਛੋਟੀ ਬੱਸ ਸਨਅਤ ਨਾਲ ਡੇਢ ਲੱਖ ਤੋਂ ਵੱਧ ਵਿਅਕਤੀਆਂ ਦਾ ਰੋਜ਼ਗਾਰ ਜੁੜਿਆ ਹੋਇਆ ਹੈ ਤੇ ਸੂਬੇ ਵਿੱਚ ਕਰੀਬ 90 ਫ਼ੀਸਦੀ ਗਿਣਤੀ ਛੋਟੇ ਬੱਸ ਆਪ੍ਰੇਟਰਾਂ ਦੀ ਹੈ। ਉਨ੍ਹਾਂ ਕਿਹਾ ਕਿ ਜਿੱਥੇ ਬੱਸ ਸਨਅਤ ਨਾਲ ਜੁੜੇ ਵੱਡੇ ਮਾਫ਼ੀਆ ਨੂੰ ਕਰੜੇ ਹੱਥੀਂ ਨੱਥ ਪਾਈ ਜਾਵੇਗੀ, ਉਥੇ ਛੋਟੀ ਬੱਸ ਸਨਅਤ ਨੂੰ ਵੀ ਮਰਨ ਨਹੀਂ ਦਿੱਤਾ ਜਾਵੇਗਾ।
ਟਰਾਂਸਪੋਰਟ ਮੰਤਰੀ ਨੇ ਬੱਸ ਆਪ੍ਰੇਟਰਾਂ ਦੀ ਕੋਵਿਡ ਦੌਰਾਨ ਟੈਕਸ ਤੋਂ ਛੋਟ ਦੀ ਮੰਗ ਬਾਰੇ ਕਿਹਾ ਕਿ ਵਿਭਾਗ ਵੱਲੋਂ ਅਗਲੇ ਕੁੱਝ ਦਿਨਾਂ ਵਿੱਚ ਟੈਕਸ ਮੁਆਫ਼ੀ ਲਈ ਕਿਲੋਮੀਟਰ ਵਾਰ ਸਕੀਮ ਉਲੀਕੀ ਜਾਵੇਗੀ ਅਤੇ ਇਸ ਦੇ ਨਾਲ-ਨਾਲ ਵਿਭਾਗ ਵੱਲੋਂ ਅਮਨੈਸਟੀ ਸਕੀਮ ਵਿੱਚ ਵੀ 31 ਮਾਰਚ, 2022 ਤੱਕ ਵਾਧਾ ਕਰਨ ਸਬੰਧੀ ਵਿਚਾਰ ਕੀਤਾ ਜਾਵੇਗਾ।
ਇਸ ਦੇ ਨਾਲ ਹੀ ਟਰਾਂਸਪੋਰਟ ਮੰਤਰੀ ਨੇ ਪ੍ਰਾਈਵੇਟ ਬੱਸ ਆਪ੍ਰੇਟਰਾਂ, ਮਿੰਨੀ ਤੇ ਟੂਰਿਸਟ ਬੱਸ ਆਪ੍ਰੇਟਰ ਯੂਨੀਅਨਾਂ, ਸਕੂਲ ਬੱਸ ਆਪ੍ਰੇਟਰਾਂ ਅਤੇ ਟੈਕਸੀ ਯੂਨੀਅਨ ਦੇ ਨੁਮਾਇੰਦਿਆਂ ਨੂੰ ਤਿੰਨ ਮੈਂਬਰੀ ਕਮੇਟੀਆਂ ਬਣਾਉਣ ਲਈ ਕਿਹਾ ਹੈ ਤਾਂ ਜੋ ਘੱਟ ਸਮੇਂ ਵਿੱਚ ਮੰਗਾਂ ਸਬੰਧੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਸਕੇ।
ਟਰਾਂਸਪੋਰਟ ਮੰਤਰੀ ਨੇ ਟਾਟਾ ਮੋਟਰਜ਼ ਦੇ ਨੁਮਾਇੰਦਿਆਂ ਨਾਲ ਹੰਗਾਮੀ ਮੀਟਿੰਗ ਕਰਕੇ ਹਦਾਇਤ ਕੀਤੀ ਕਿ ਉਹ ਹਰ ਹੀਲੇ 10 ਨਵੰਬਰ ਤੱਕ ਸੂਬੇ ਵਿੱਚ ਸਾਰੀਆਂ 842 ਬੱਸ ਚਾਸੀਆਂ ਪੁੱਜਦੀਆਂ ਕਰਨ। ਮੀਟਿੰਗ ਦੌਰਾਨ ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਅਕਤੂਬਰ ਤੋਂ ਪੜਾਅ ਵਾਰ ਚਾਸੀਆਂ ਭੇਜੀਆਂ ਜਾਣ ਤੇ ਇਹ ਕਾਰਵਾਈ 10 ਨਵੰਬਰ ਤੱਕ ਚੈਸੀਆਂ ਦੀ ਡਿਲੀਵਰੀ ਯਕੀਨੀ ਬਣਾਉਣ। ਕੰਪਨੀ ਦੇ ਨੁਮਾਇੰਦਿਆਂ ਨੇ ਰਾਜਾ ਵੜਿੰਗ ਨੂੰ ਸਹਿਮਤੀ ਪੱਤਰ ਸੌਂਪ ਕੇ 842 ਚਾਸੀਆਂ ਮਿੱਥੇ ਸਮੇਂ ਮੁਤਾਬਕ ਮੁਹੱਈਆ ਕਰਾਉਣ ਲਈ ਕਿਹਾ।
ਇਹ ਵੀ ਪੜ੍ਹੋ: Petrol-Diesel Price Today, 07 Oct: ਪੈਟਰੋਲ ਦੀਆਂ ਕੀਮਤਾਂ ਨੇ ਤੋੜਿਆ ਰਿਕਾਰਡ, ਪਹਿਲੀ ਵਾਰ 109 ਰੁਪਏ ਪ੍ਰਤੀ ਲੀਟਰ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/