ਚੰਡੀਗੜ੍ਹ: ਪੰਜਾਬ ਦੇ ਨਵੇਂ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਪ੍ਰਾਈਵੇਟ ਬੱਸ ਅਪਰੇਟਰਾਂ ਨੂੰ ਸਖ਼ਤ ਚੇਤਾਵਨੀ ਦਿੱਤੀ ਹੈ। ਮੰਤਰੀ ਨੇ ਸੋਮਵਾਰ ਨੂੰ ਡਿਫਾਲਟਰ ਬੱਸ ਅਪਰੇਟਰਾਂ ਨੂੰ ਜਲਦੀ ਤੋਂ ਜਲਦੀ ਟੈਕਸ ਜਮ੍ਹਾ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ। ਅਜਿਹਾ ਨਾ ਕਰਨ 'ਤੇ ਉਹ ਆਪਣੇ ਪਰਮਿਟ ਗੁਆ ਸਕਦੇ ਹਨ ਅਤੇ ਉਨ੍ਹਾਂ ਦੇ ਵਾਹਨ ਨਵੇਂ ਟਾਈਮ ਟੇਬਲ ਵਿੱਚ ਸ਼ਾਮਲ ਨਹੀਂ ਕੀਤੇ ਜਾਣਗੇ।
ਇੱਥੇ ਪੰਜਾਬ ਸਿਵਲ ਸਕੱਤਰੇਤ ਵਿਖੇ ਟਰਾਂਸਪੋਰਟ ਵਿਭਾਗ ਦੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਆਮਦਨ ਵਧਾਉਣ 'ਤੇ ਵਿਸ਼ੇਸ਼ ਜ਼ੋਰ ਦਿੱਤਾ ਜਾਵੇ ਤਾਂ ਜੋ ਪੀ.ਆਰ.ਟੀ.ਸੀ., ਪੰਜਾਬ ਰੋਡਵੇਜ਼ ਅਤੇ ਪਨਬੱਸ ਨੂੰ ਪਹਿਲੇ ਸਥਾਨ 'ਤੇ ਲਿਆਂਦਾ ਜਾ ਸਕੇ।
ਉਨ੍ਹਾਂ ਸੂਬੇ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਪਹਿਲ ਦੇ ਆਧਾਰ 'ਤੇ ਬੱਸ ਪਰਮਿਟ ਜਾਰੀ ਕਰਨ ਅਤੇ ਇਸ ਪ੍ਰਕਿਰਿਆ ਨੂੰ ਨਿਯਮਾਂ ਅਨੁਸਾਰ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜ੍ਹਨ ਦੇ ਨਿਰਦੇਸ਼ ਵੀ ਦਿੱਤੇ।
ਇਸ ਦੌਰਾਨ ਟਰਾਂਸਪੋਰਟ ਮੰਤਰੀ ਨੇ ਅਧਿਕਾਰੀਆਂ ਨੂੰ ਰੂਟ ਪਰਮਿਟਾਂ ਵਿੱਚ ਗੈਰ-ਕਾਨੂੰਨੀ ਵਾਧੇ ਦੇ ਮਾਮਲੇ ਦੀ ਵੀ ਡੂੰਘਾਈ ਨਾਲ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਅਧਿਕਾਰੀਆਂ ਨੂੰ ਸਰਕਾਰੀ ਅਤੇ ਪ੍ਰਾਈਵੇਟ ਬੱਸਾਂ ਦੇ ਸਟੈਂਡ ਦੇ ਅੰਦਰ ਰੁਕਣ ਨੂੰ ਯਕੀਨੀ ਬਣਾਉਣ ਲਈ ਆਖਦਿਆਂ ਕਿਹਾ ਕਿ ਗਲਤੀ ਕਰਨ ਵਾਲੇ ਮੁਲਾਜ਼ਮਾਂ ਵਿਰੁੱਧ ਸਖ਼ਤ ਵਿਭਾਗੀ ਕਾਰਵਾਈ ਕੀਤੀ ਜਾਵੇਗੀ।
ਲਾਲਜੀਤ ਸਿੰਘ ਭੁੱਲਰ ਪੱਟੀ ਤੋਂ ਵਿਧਾਇਕ ਹਨ ਅਤੇ ਮਾਨ ਕੈਬਨਿਟ ਵਿੱਚ ਟਰਾਂਸਪੋਰਟ ਮੰਤਰੀ ਚੁਣੇ ਗਏ ਹਨ।ਟਰਾਂਸਪੋਰਟ ਵਿਭਾਗ ਮਿਲਦੇ ਹੀ ਭੁੱਲਰ ਐਕਸ਼ਨ ਮੋਡ ਵਿੱਚ ਨਜ਼ਰ ਆ ਰਹੇ ਹਨ।ਇਸ ਤੋਂ ਪਹਿਲਾਂ ਚਰਨਜੀਤ ਚੰਨੀ ਸਰਕਾਰ ਵੇਲੇ ਗਿੱਦੜਬਾਹਾ ਤੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਟਰਾਂਸਪੋਰਟ ਮੰਤਰੀ ਲਾਇਆ ਗਿਆ ਸੀ।
ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਪੰਜਾਬ ਰੋਡਵੇਜ਼ ਅਤੇ ਪਨਬੱਸ ਦੇ ਮੁੱਖ ਦਫ਼ਤਰ ਵਿਖੇ ਬੱਸ ਟ੍ਰੈਕਿੰਗ ਸਿਸਟਮ ਮੌਨੀਟਰਿੰਗ ਅਤੇ ਕੰਟਰੋਲ ਰੂਮ ਦਾ ਜਾਇਜ਼ਾ ਲਿਆ। ਇਸ ਦੌਰਾਨ ਪ੍ਰਮੁੱਖ ਸਕੱਤਰ ਸ੍ਰੀ ਕੇ. ਸਿਵਾ ਪ੍ਰਸਾਦ ਨੇ ਮੰਤਰੀ ਨੂੰ ਦੱਸਿਆ ਕਿ ਇਹ ਸਿਸਟਮ ਹੁਣ ਤੱਕ ਪਨਬੱਸ/ਪੰਜਾਬ ਰੋਡਵੇਜ਼ ਦੀਆਂ 1354 ਬੱਸਾਂ ਵਿੱਚ ਲਾਗੂ ਕੀਤਾ ਜਾ ਚੁੱਕਾ ਹੈ, ਜੋ ਆਮ ਲੋਕਾਂ ਖ਼ਾਸਕਰ ਮਹਿਲਾਵਾਂ ਦੀ ਸੁਰੱਖਿਆ ਯਕੀਨੀ ਬਣਾ ਰਿਹਾ ਹੈ।
ਬੱਸਾਂ ਦੇ ਪਾਰਦਰਸ਼ੀ ਅਤੇ ਸਮਾਂਬੱਧ ਆਉਣ-ਜਾਣ ਲਈ ਕੇਂਦਰੀ ਨਿਗਰਾਨੀ ਅਤੇ ਕੰਟਰੋਲ ਰੂਮ ਚੰਡੀਗੜ੍ਹ ਵਿਖੇ ਸਥਾਪਤ ਕੀਤਾ ਗਿਆ ਹੈ, ਜਿਥੇ ਵੀ.ਟੀ.ਐਸ. ਰਾਹੀਂ ਬੱਸਾਂ ਦੀ ਤੇਜ਼ ਰਫ਼ਤਾਰ, ਗ਼ਲਤ ਢੰਗ ਨਾਲ ਬ੍ਰੇਕ ਲਗਾਉਣ ਅਤੇ ਤੇਜ਼ ਭਜਾਉਣ, ਬੱਸਾਂ ਦੀ ਰਾਤ ਠਹਿਰ, ਨਿਰਧਾਰਤ ਸਥਾਨਾਂ ਦੀ ਬਜਾਏ ਕਿਸੇ ਹੋਰ ਥਾਂ ਰੁਕਣਾ, ਬੱਸਾਂ ਦਾ ਢਾਬਿਆਂ 'ਤੇ 25 ਮਿੰਟਾਂ ਤੋਂ ਵੱਧ ਰੁਕਣਾ, ਰੂਟ ਬਦਲਣਾ, ਸ਼ਹਿਰਾਂ ਤੋਂ ਬਾਹਰ-ਬਾਹਰ ਲੰਘ ਜਾਣਾ, ਮਿੱਥੇ ਸਟਾਪ 'ਤੇ ਨਾ ਰੁਕਣਾ, ਕਾਊਂਟਰਾਂ ਤੋਂ ਬੱਸਾਂ ਦੇ ਆਉਣ ਅਤੇ ਜਾਣ ਦੀ ਅਸਲ ਸਮੇਂ ਦੀ ਨਿਗਰਾਨੀ, ਬੱਸਾਂ ਦੀ ਅਸਲ ਯਾਤਰਾ ਦੀ ਦੂਰੀ ਆਦਿ ਬਾਰੇ ਜਾਂਚ ਕੀਤੀ ਜਾ ਰਹੀ ਹੈ।