ਤਰਲੋਚਨ ਸੂੰਢ ਨੇ ਕਿਹਾ ਹੈ ਕਿ ਵਲਟੋਹਾ ਨੇ ਜਾਤੀ ਸੂਚਕ ਸ਼ਬਦ ਵਰਤੇ ਸਨ। ਇਸ ਕਰਕੇ ਉਨ੍ਹਾਂ ਨੂੰ ਗੁੱਸਾ ਆ ਗਿਆ ਤੇ ਉਨ੍ਹਾਂ ਜੁੱਤੀ ਮਾਰੀ। ਅਹਿਮ ਗੱਲ਼ ਹੈ ਕਿ ਪਹਿਲਾਂ ਕਾਂਗਰਸੀ ਜੁੱਤੀ ਦੀ ਘਟਨਾ ਤੋਂ ਮੁੱਕਰਦੇ ਰਹੇ। ਮੀਡੀਆ ਨੇ ਜਦੋਂ ਸੂੰਢ ਨੂੰ ਨੰਗੇ ਪੈਰੀਂ ਵੇਖਿਆ ਤਾਂ ਮਾਮਲਾ ਸਪਸ਼ਟ ਹੋ ਗਿਆ। ਬਾਅਦ ਵਿੱਚ ਕਾਂਗਰਸ ਨੇ ਜਾਤੀ ਸੂਚਕ ਸ਼ਬਦ ਵਰਤਣ ਦਾ ਇਲਜ਼ਾਮ ਲਾਉਂਦਿਆਂ ਇਸ ਕਾਂਡ ਨੂੰ ਹੋਰ ਰੂਪ ਦੇਣ ਦੀ ਕੋਸ਼ਿਸ਼ ਕੀਤੀ।
ਦੂਜੇ ਪਾਸੇ ਵਿਰਸਾ ਸਿੰਘ ਵਲਟੋਹਾ ਨੇ ਦਾਅਵਾ ਕੀਤਾ ਹੈ ਕਿ ਜਦੋਂ ਇਹ ਘਟਨਾ ਵਾਪਰੀ ਸੀ, ਉਸ ਵੇਲੇ ਉਹ ਚੁੱਪ ਬੈਠੇ ਸਨ ਤੇ ਤਰਲੋਚਨ ਸਿੰਘ ਨੇ ਜੁੱਤੀ ਮਜੀਠੀਆ ਵੱਲ ਹੀ ਮਿੱਥ ਕੇ ਸੁੱਟੀ ਸੀ। ਉਨ੍ਹਾਂ ਕਿਹਾ ਕਿ ਸੂੰਢ ਦੀ ਇਸ ਹਰਕਤ ਤੋਂ ਸੀਨੀਅਰ ਕਾਂਗਰਸ ਵਿਧਾਇਕ ਨਾਰਾਜ਼ ਹੋ ਗਏ ਤਾਂ ਬਾਅਦ ’ਚ ਉਨ੍ਹਾਂ ਆਪਣੀ ਗ਼ਲਤੀ ਛੁਪਾਉਣ ਲਈ ਝੂਠੀ ਕਹਾਣੀ ਘੜੀ ਹੈ। ਉਨ੍ਹਾਂ ਕਿਹਾ ਕਿ ਤਰਲੋਚਨ ਸਿੰਘ ਨੇ ਸ਼ਰਾਬ ਦੀ ਲੋਰ ਵਿੱਚ ਜੁੱਤੀ ਸੁੱਟੀ ਹੈ।
ਸੂਤਰਾਂ ਦਾ ਕਹਿਣਾ ਹੈ ਕਿ ਇਸ ਵਾਰ ਕਾਂਗਰਸ ਦੀ ਵੱਧ ਤੋਂ ਵੱਧ ਮੀਡੀਆ ਵਿੱਚ ਰਹਿਣ ਦੀ ਰਣਨੀਤੀ ਸੀ। ਇਸ ਵਿੱਚ ਉਹ ਸਫਲ ਵੀ ਰਹੇ ਹਨ। ਕਾਂਗਰਸੀ ਸੂਤਰਾਂ ਨੇ ਦਾਅਵਾ ਕੀਤਾ ਕਿ ਉਹ ਪੰਜਾਬ ਸਰਕਾਰ ਦੀਆਂ ਨਾਕਾਮੀਆਂ ਜਨਤਾ ਅੱਗੇ ਬੇਪਰਦ ਕਰਨ ਵਿੱਚ ਸਫਲ ਰਹੇ ਹਨ।