Punjab Assembly Elections Live Updates: ਪੰਜਾਬ ਦਾ ਸਿਆਸੀ ਮਾਹੌਲ, ਜਾਣੋ ਸੂਬੇ 'ਚ ਚੋਣਾਂ ਸਬੰਧੀ ਹੋ ਰਹੀ ਹਲਚਲ ਦੀ ਹਰ ਅਪਡੇਟ ਇੱਕ ਕਲਿਕ 'ਚ

Punjab Assembly Elections Updates 2022: ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਲਈ 14 ਦੀ ਬਜਾਏ 20 ਫਰਵਰੀ ਨੂੰ ਵੋਟਾਂ ਪੈਣਗੀਆਂ। ਸੰਤ ਰਵਿਦਾਸ ਜੈਅੰਤੀ ਕਾਰਨ ਚੋਣ ਕਮਿਸ਼ਨ ਨੇ ਵੋਟਾਂ ਦੀ ਤਰੀਕ 'ਚ ਬਦਲਾਅ ਕੀਤਾ ਹੈ।

ਏਬੀਪੀ ਸਾਂਝਾ Last Updated: 27 Jan 2022 06:13 AM
ਪੰਜਾਬ ਲੋਕ ਕਾਂਗਰਸ ਨੇ ਉਮੀਦਵਾਰਾਂ ਦੀ ਦੂਜੀ ਸੂਚੀ ਕੀਤੀ ਜਾਰੀ , ਦੇਖੋ ਕਿਸ ਨੂੰ ਕਿੱਥੋਂ ਮਿਲੀ ਟਿਕਟ

ਪੰਜਾਬ ਲੋਕ ਕਾਂਗਰਸ (PLC) ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿੱਚ 20 ਫਰਵਰੀ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਅੱਜ ਆਪਣੀ ਪਾਰਟੀ ਦੇ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕੀਤੀ ਹੈ। ਜਾਣਕਾਰੀ ਅਨੁਸਾਰ ਜੰਡਿਆਲਾ ਤੋਂ ਗਗਨਦੀਪ ਸਿੰਘ , ਬੱਸੀ ਪਠਾਣਾ ਤੋਂ ਡਾ. ਦੀਪਕ ਜੋਤੀ , ਗਿੱਦੜਬਾਹਾ ਤੋਂ ਓਮ ਪ੍ਰਕਾਸ਼ ਬੱਬਰ , ਅਮਰਗੜ ਤੋਂ ਸਰਦਾਰ ਅਲੀ ,ਸੁਤਰਾਣਾ ਤੋਂ ਨਰਾਇਣ ਸਿੰਘ ਨਰਸੌਤ ਨੂੰ ਟਿਕਟ ਦਿੱਤੀ ਗਈ ਹੈ।   


ਇਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਵੱਲੋਂ 22 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਗਈ ਸੀ, ਜਿਸ ‘ਚ ਮਾਲਵਾ ਤੋਂ 17, ਮਾਝਾ ਤੋਂ 2 ਅਤੇ ਦੋਆਬਾ ਤੋਂ 3 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਸੀ। ਕੈਪਟਨ ਪਟਿਆਲਾ ਸ਼ਹਿਰ ਤੋਂ ਖੁਦ ਚੋਣ ਲੜਨਗੇ, ਜਦੋਂਕਿ ਸਾਬਕਾ ਡੀਜੀਪੀ ਇਜ਼ਹਾਰ ਆਲਮ ਖ਼ਾਨ ਦੀ ਪਤਨੀ ਤੇ ਸਾਬਕਾ ਵਿਧਾਇਕਾ ਫਰਜ਼ਾਨਾ ਆਲਮ ਖ਼ਾਨ ਨੂੁੰ ਮਾਲੇਰਕੋਟਲਾ ਤੋਂ ਟਿਕਟ ਦਿੱਤੀ ਗਈ। 

ਹਲਕਾ ਸਮਰਾਲਾ ਦੇ ਕਾਂਗਰਸੀ ਵਿਧਾਇਕ ਅਮਰੀਕ ਸਿੰਘ ਢਿੱਲੋਂ ਨੇ ਆਜ਼ਾਦ ਉਮੀਦਵਾਰ ਵਜੋਂ ਦਾਖ਼ਲ ਕੀਤੀ ਨਾਮਜ਼ਦਗੀ  

ਸਮਰਾਲਾ ਤੋਂ ਕਾਂਗਰਸ ਵਿੱਚ ਬਗਾਵਤ ਦੇਖਣ ਨੂੰ ਮਿਲ ਰਹੀ ਹੈ। ਅਮਰੀਕ ਸਿੰਘ ਢਿੱਲੋਂ ਨੇ ਹਲਕਾ ਸਮਰਾਲਾ ਤੋਂ ਆਜ਼ਾਦ ਉਮੀਦਵਾਰ ਵਜੋਂ ਨਾਮਜ਼ਦਗੀ ਦਾਖ਼ਲ ਕੀਤੀ ਹੈ। ਹਲਕਾ ਸਮਰਾਲਾ ਦੇ ਕਾਂਗਰਸੀ ਵਿਧਾਇਕ ਅਮਰੀਕ ਸਿੰਘ ਢਿੱਲੋਂ ਨੂੰ ਸਮਰਾਲਾ ਤੋਂ ਟਿਕਟ ਨਹੀਂ ਦਿੱਤੀ ਗਈ , ਜਦਕਿ ਕਾਂਗਰਸ ਪਾਰਟੀ ਨੇ ਰੁਪਿੰਦਰ ਸਿੰਘ ਰਾਜਾ ਗਿੱਲ ਨੂੰ ਉਮੀਦਵਾਰ ਐਲਾਨਿਆ ਹੈ। ਅਮਰੀਕ ਸਿੰਘ ਨੇ ਅੱਜ ਨਾਮਜ਼ਦਗੀ ਦਾਖ਼ਲ ਕੀਤੀ ਹੈ।

ਭਾਜਪਾ ਨੇ ਪੰਜਾਬ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਅਗਲੀ ਸੂਚੀ ਕੀਤੀ ਜਾਰੀ
ਭਾਜਪਾ ਨੇ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸੀਟਾਂ ਲਈ ਉਮੀਦਵਾਰਾਂ ਦੀ ਅਗਲੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਸੂਚੀ ਵਿੱਚ 3 ਉਮੀਦਵਾਰਾਂ ਦੇ ਨਾਂ ਹਨ। ਜਾਣਕਾਰੀ ਅਨੁਸਾਰ ਅੰਮ੍ਰਿਤਸਰ ਕੇਂਦਰੀ ਵਿਧਾਨ ਸਭਾ ਹਲਕੇ ਤੋਂ ਡਾਕਟਰ ਰਾਮ ਚਾਵਲਾ , ਅੰਮ੍ਰਿਤਸਰ ਪੂਰਬੀ ਤੋਂ ਡਾਕਟਰ ਜਗਮੋਹਨ ਸਿੰਘ ਰਾਜੂ ,ਬਾਬਾ ਬਕਾਲਾ ਤੋਂ ਮਨਜੀਤ ਸਿੰਘ ਮੰਨਾ ਨੂੰ ਟਿਕਟ ਦੇ ਕੇ ਚੋਣ ਮੈਦਾਨ 'ਚ ਉਤਾਰਿਆ ਹੈ।

 

ਬਾਬਾ ਬਕਾਲਾ ਤੇ ਖਡੂਰ ਸਾਹਿਬ ਤੋਂ ਤਿੰਨ ਵਾਰ ਅਕਾਲੀ ਦਲ ਵੱਲੋਂ ਵਿਧਾਇਕ ਰਹੇ ਮਨਜੀਤ ਸਿੰਘ ਮੰਨਾ ਨੂੰ ਭਾਜਪਾ ਨੇ ਬਾਬਾ ਬਕਾਲਾ ਤੋਂ ਆਪਣਾ ਉਮੀਦਵਾਰ ਬਣਾਇਆ ਹੈ। ਮਨਜੀਤ ਸਿੰਘ ਮੰਨਾ ਇਸ ਵਾਰ ਅਕਾਲੀ ਦਲ ਵੱਲੋਂ ਦਾਵੇਦਾਰ ਸਨ ਪਰ ਅਕਾਲੀ ਦਲ ਨੇ ਸਾਬਕਾ ਵਿਧਾਇਕ ਬਲਜੀਤ ਸਿੰਘ ਜਲਾਲਉਸਮਾਂ ਨੂੰ ਟਿਕਟ ਦਿੱਤੀ। ਮੰਨਾ ਖਡੂਰ ਸਾਹਿਬ ਤੋਂ ਦੋ ਵਾਰ ਤੇ ਬਾਬਾ ਬਕਾਲਾ ਤੋਂ ਇਕ ਵਾਰ ਵਿਧਾਇਕ ਰਹੇ ਜਦਕਿ ਪਿਛਲੀ ਵਿਧਾਨ ਸਭਾ ਚੋਣਾ ਮੰਨਾ ਨੇ ਹਰਗੋਬਿੰਦਪੁਰ ਵਿਧਾਨ ਸਭਾ ਹਲਕੇ ਤੋਂ ਅਕਾਲੀ ਉਮੀਦਵਾਰ ਵਜੋੰ ਲੜੀ ਸੀ।
ਹਲਕਾ ਰਾਜਾਸਾਂਸੀ ਤੋਂ ਕਾਂਗਰਸੀ ਉਮੀਦਵਾਰ ਸੁਖਬਿੰਦਰ ਸਿੰਘ ਸੁੱਖਸਰਕਾਰੀਆ ਨੇ ਆਪਣਾ ਨਾਮਜਦਗੀ ਪੱਤਰ ਕੀਤਾ ਦਾਖਲ
ਅੰਮ੍ਰਿਤਸਰ 'ਚ ਅੱਜ ਵਿਧਾਨ ਸਭਾ ਹਲਕਾ ਰਾਜਾਸਾਂਸੀ ਤੋਂ ਕਾਂਗਰਸੀ ਉਮੀਦਵਾਰ ਤੇ ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸੁੱਖਸਰਕਾਰੀਆ ਨੇ ਰਾਜਾਸਾਂਸੀ ਵਿਖੇ ਰਿਟਰਨਿੰਗ ਅਧਿਕਾਰੀ ਕੋਲ ਆਪਣੇ ਨਾਮਜਦਗੀ ਪੱਤਰ ਦਾਖਲ ਕੀਤੇ।

ਸ਼੍ਰੋਮਣੀ ਅਕਾਲੀ ਦਲ ਵੱਲੋਂ ਅਜਨਾਲਾ ਹਲਕੇ ਤੋਂ ਸਾਬਕਾ ਵਿਧਾਇਕ ਅਮਰਪਾਲ ਸਿੰਘ ਬੋਨੀ ਅਜਨਾਲਾ ਨੇ ਅਜਨਾਲਾ ਵਿਖੇ ਅੇੈਸਡੀਅੇੈਮ ਦਫਤਰ ਵਿਖੇ ਰਿਟਰਨਿੰਗ ਅਧਿਕਾਰੀ ਕੋਲ ਨਾਮਜਦਗੀ ਪੱਤਰ ਦਾਖਲ ਕੀਤੇ
ਭਾਰਤੀ ਜਨਤਾ ਪਾਰਟੀ ਨੇ ਸਮਰਾਲਾ ਤੋਂ ਰਣਜੀਤ ਸਿੰਘ ਗਹਿਲੇਵਾਲ ਨੂੰ ਐਲਾਨਿਆ ਉਮੀਦਵਾਰ

ਭਾਰਤੀ ਜਨਤਾ ਪਾਰਟੀ ਨੇ ਸਮਰਾਲਾ ਵਿਧਾਨ ਸਭਾ ਹਲਕਾ ਤੋਂ ਰਣਜੀਤ ਸਿੰਘ ਗਹਿਲੇਵਾਲ ਨੂੰ ਉਮੀਦਵਾਰ ਐਲਾਨਿਆ। ਗਹਿਲੇਵਾਲ ਨੇ ਇਸ ਟਿਕਟ ਲਈ ਪ੍ਰਧਾਨਮੰਤਰੀ ਨਰਿੰਦਰ ਮੋਦੀ ਸਮੇਤ ਸਮੁੱਚੀ ਭਾਜਪਾ ਲੀਡਰਸ਼ਿਪ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਪਿੰਡਾਂ ਅੰਦਰ ਜਾ ਕੇ ਘਰਾਂ ਚ ਨੁੱਕੜ ਮੀਟਿੰਗਾਂ ਕਰਨਗੇ। ਹਰ ਬੂਥ ਉਪਰ ਪਾਰਟੀ ਨੂੰ ਮਜ਼ਬੂਤ ਬਣਾਇਆ ਜਾਵੇਗਾ। ਉਹਨਾਂ ਕਿਹਾ ਕਿ ਖੇਤੀ ਕਾਨੂੰਨ ਵਾਪਸ ਕਰਨ ਮਗਰੋਂ ਭਾਜਪਾ ਦਾ ਕਿਸੇ ਤਰ੍ਹਾਂ ਦਾ ਵਿਰੋਧ ਨਹੀਂ ਰਿਹਾ ਹੈ। ਪਿੰਡਾਂ ਅੰਦਰ ਲਗਾਤਾਰ ਮੁਹਿੰਮ ਜਾਰੀ ਹੈ ਕਿਸੇ ਨੇ ਉਹਨਾਂ ਦਾ ਵਿਰੋਧ ਨਹੀਂ ਕੀਤਾ। ਸਮਰਾਲਾ ਹਲਕਾ ਦੀ ਗੱਲ ਕਰਦਿਆਂ ਉਹਨਾਂ ਕਿਹਾ ਕਿ 75 ਸਾਲਾਂ ਦੌਰਾਨ ਹਲਕੇ ਦਾ ਕੋਈ ਵਿਕਾਸ ਨਹੀਂ ਹੋਇਆ।

ਪੰਜਾਬ 'ਚ ਪਾਰਟੀਆ ਸਿਰਫ ਗਰੰਟੀਆਂ ਦੇ ਰਹੀਆ ਹਨ : ਬੀਬੀ ਰਜਿੰਦਰ ਕੌਰ ਭੱਠਲ

ਲਹਿਰਾਗਾਗਾ ਤੋਂ ਕਾਂਗਰਸ ਉਮੀਦਵਾਰ ਬੀਬੀ ਰਜਿੰਦਰ ਕੌਰ ਭੱਠਲ ਨੇ ਕਿਹਾ ਹੈ ਕਿ ਪੰਜਾਬ 'ਚ ਪਾਰਟੀਆ ਸਿਰਫ ਗਰੰਟੀਆਂ ਦੇ ਰਹੀਆ ਹਨ । 2 ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਬਣ ਚੁੱਕੇ ਨਰਿੰਦਰ ਮੋਦੀ ਵੀ ਅਜੇ ਤੱਕ ਆਪਣੇ ਵਾਅਦੇ ਪੂਰੇ ਨਹੀ ਕਰ ਸਕੇ। ਬੀਜੇਪੀ ਵਾਲੇ ਆਪਣੇ ਵਾਅਦੇ ਪੂਰੇ ਨਹੀ ਕਰ ਸਕੇ। ਕੇਜਰੀਵਾਲ ਵੀ ਦੁਜੀ ਵਾਰ ਮੁੱਖ ਮੰਤਰੀ ਦਿੱਲੀ 'ਚ ਬਣ ਚੁਕਿਆ ਹੈ ਪਰ ਆਪਣੇ ਵਾਅਦੇ ਪੂਰੇ ਨਹੀ ਕਰ ਸਕਿਆ। ਪੰਜਾਬ ਵਿਚ ਵੀ ਉਹ ਝੂਠੀਆਂ ਗੱਲਾਂ ਕਰ ਰਹੇ ਹਨ।

ਮੁੱਖ ਮੰਤਰੀ ਚੰਨੀ ਨੇ ਰਾਹੁਲ ਗਾਂਧੀ ਨੂੰ ਕਿਹਾ ,ਤੁਸੀਂ ਕਿਸੇ ਨੂੰ ਵੀ CM ਦਾ ਚੇਹਰਾ ਬਣਾ ਦਿਓ, ਮੈਨੂੰ ਕੋਈ ਇਤਰਾਜ਼ ਨਹੀਂ

ਕਾਂਗਰਸ ਦੇ ਸੀਨੀਅਰ ਨੇਤਾ ਰਾਹੁਲ ਗਾਂਧੀ ਅੱਜ ਜਲੰਧਰ ਦੇ ਮਿੱਠਾਪੁਰ ਵਿੱਚ 'ਪੰਜਾਬ ਫਤਿਹ' ਵਰਚੁਅਲ ਰੈਲੀ ਨੂੰ ਸੰਬੋਧਨ ਕਰ ਰਹੇ ਹਨ। ਕੋਰੋਨਾ ਕਾਰਨ ਰੈਲੀਆਂ 'ਤੇ ਲੱਗੀ ਰੋਕ ਕਾਰਨ ਰਾਹੁਲ ਗਾਂਧੀ ਨੇ ਇਸ ਵਰਚੁਅਲ ਰੈਲੀ ਰਾਹੀਂ ਪੰਜਾਬ 'ਚ ਚੋਣ ਪ੍ਰਚਾਰ ਦੀ ਸ਼ੁਰੂਆਤ ਕੀਤੀ ਹੈ। ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਰਾਹੁਲ ਗਾਂਧੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ , ਸ੍ਰੀ ਗੁਰੂ ਰਵਿਦਾਸ ਜੀ ਦੇ ਬਚਨਾਂ 'ਤੇ ਚੱਲ ਕੇ ਮੈਨੂੰ ਮੁੱਖ ਮੰਤਰੀ ਬਣਾਇਆ ਹੈ।


ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ 111 ਦਿਨਾਂ 'ਚ ਲੰਬਾ ਸਮਾਂ ਕੰਮ ਕੀਤਾ, ਨਾ ਹੀ ਸੁੱਤਾ ਅਤੇ ਨਾ ਹੀ ਸੌਣ ਦਿੱਤਾ। ਉਨ੍ਹਾਂ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਕਿਹਾ ਇੰਨੇ ਦਿਨਾਂ ਵਿੱਚ ਪਤਾ ਨਹੀਂ ਕਿੰਨੇ ਮਸਲੇ ਹੱਲ ਹੋ ਗਏ। ਜੋ ਪੈਸਾ ਪਹਿਲਾਂ ਬਾਦਲ ਦੇ ਘਰ ਜਾਂਦਾ ਸੀ, ਉਹ ਆਮ ਲੋਕਾਂ ਦੇ ਘਰ ਜਾ ਰਿਹਾ ਹੈ। ਚੰਨੀ ਨੇ ਕਿਹਾ  ਸਾਰਾ ਕੰਮ ਰਾਹੁਲ ਗਾਂਧੀ ਦੀ ਅਗਵਾਈ 'ਚ ਹੋਇਆ ਹੈ। ਉਨ੍ਹਾਂ ਕਿਹਾ ਜੇਕਰ ਇਹ ਦਿਨ ਚੰਗੇ ਰਹੇ ਤਾਂ ਅਗਲੇ 5 ਸਾਲ ਵੀ ਦੇਖਣ ਦੇ ਰਾਹੁਲ ਜੀ।  

Punjab Election: CM ਫੇਸ ਐਲਾਨ ਕਰਨ 'ਤੇ ਰਾਹੁਲ ਦੀ ਵੱਡੀ ਗੱਲ

ਆਨਲਾਈਨ ਲੋਕਾਂ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ, 'ਚਰਨਜੀਤ ਸਿੰਘ ਚੰਨੀ ਅਤੇ ਨਵਜੋਤ ਸਿੰਘ ਸਿੱਧੂ ਦੋਵਾਂ ਨੇ ਕਿਹਾ ਕਿ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਪੰਜਾਬ 'ਚ ਕਾਂਗਰਸ ਦੀ ਅਗਵਾਈ ਕੌਣ ਕਰੇਗਾ? ਦੋਵਾਂ ਨੇ ਕਿਹਾ ਕਿ ਜੋ ਵੀ ਅਗਵਾਈ ਕਰੇਗਾ, ਦੂਜਾ ਆਪਣੀ ਪੂਰੀ ਤਾਕਤ ਨਾਲ ਮਦਦ ਕਰੇਗਾ।"


ਰਾਹੁਲ ਗਾਂਧੀ ਨੇ ਅੱਗੇ ਕਿਹਾ, ''ਜੇਕਰ ਕਾਂਗਰਸ ਚਾਹੇ ਅਤੇ ਵਰਕਰ ਚਾਹੇ ਅਤੇ ਪੰਜਾਬ ਚਾਹੇ ਤਾਂ ਅਸੀਂ ਮੁੱਖ ਮੰਤਰੀ ਦਾ ਫੈਸਲਾ ਲਵਾਂਗੇ। ਇਸ ਬਾਰੇ ਆਪਣੇ ਵਰਕਰਾਂ ਨੂੰ ਪੁੱਛਣ ਤੋਂ ਬਾਅਦ ਕੋਈ ਫੈਸਲਾ ਲਿਆ ਜਾਵੇਗਾ।"

Punjab Election 2022: CM ਫੇਸ ਨੂੰ ਲੈ ਕੇ ਕੀ ਬੋਲੇ ਰਾਹੁਲ ਗਾਂਧੀ

ਰਾਹੁਲ ਗਾਂਧੀ ਨੇ ਕਿਹਾ ਕਿ ਜੇ ਪਾਰਟੀ ਵਰਕਰ ਅਤੇ ਪੰਜਾਬ ਦੇ ਲੋਕ ਇਹ ਚਾਹੁੰਦੇ ਹਨ ਕਿ ਮੁੱਖ ਮੰਤਰੀ ਚਿਹਰੇ ਦਾ ਐਲਾਨ ਕੀਤਾ ਜਾਵੇ ਤਾਂ ਅਸੀਂ ਜਲਦੀ ਹੀ ਵਰਕਰਾਂ ਨਾਲ ਗੱਲ ਕਰਕੇ CM ਫੇਸ ਦਾ ਐਲਾਨ ਕਰ ਦੇਵਾਂਗੇ।

Punjab Election 2022: CM ਫੇਸ 'ਤੇ ਬੋਲੇ ਚਰਨਜੀਤ ਚੰਨੀ

ਮੁੱਖ ਮੰਤਰੀ ਚਰਨਜੀਤ ਚੰਨੀ ਨੇ ਵੀ ਇਹੀ ਕਿਹਾ ਕਿ ਚਾਹੇ ਕਿਸੇ ਨੂੰ ਵੀ ਚਿਹਰਾ ਐਲਾਨ ਕਰ ਦੇਣ ਉਹ ਫੈਸਲੇ ਦਾ ਸਵਾਗਤ ਕਰਨਗੇ।

Punjab Election: ਰਾਹੁਲ ਗਾਂਧੀ Jalandhar 'ਚ 'ਨਵੀ ਸੋਚ ਨਵਾਂ ਪੰਜਾਬ' ਵਰਚੁਅਲ ਰੈਲੀ ਨੂੰ ਸੰਬੋਧਨ ਕਰਦੇ ਹੋਏ

Punjab Election: ਨਵਜੋਤ ਸਿੱਧੂ ਨੇ ਰਾਹੁਲ ਤੋਂ ਮੰਗੀ ਫੈਸਲੇ ਲੈਣ ਦੀ ਪਾਵਰ, ਕਿਹਾ "ਮੈਂਨੂੰ ਦਰਸ਼ਨੀ ਘੋੜਾ ਨਾ ਬਣਾ ਦਿਓ"

ਰਾਹੁਲ ਗਾਂਧੀ ਅੱਜ ਜਲੰਧਰ ਦੇ ਮਿੱਠਾਪੁਰ ਵਿੱਚ ਵਰਚੂਅਲ ਰੈਲੀ ਕਰਨ ਪਹੁੰਚੇ। ਇਸ ਮੌਕੇ ਨਵਜੋਤ ਸਿੱਧੂ ਨੇ ਰਾਹੁਲ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਵਿਧਾਨ ਸਭਾ ਚੋਣਾਂ ਲਈ ਮੁੱਖ ਮੰਤਰੀ ਚਿਹਰੇ ਦਾ ਐਲਾਨ ਕਰਨ।ਸਿੱਧੂ ਨੇ ਰਾਹੁਲ ਗਾਂਧੀ ਤੋਂ ਫੈਸਲੇ ਲੈਣ ਦੀ ਪਾਵਰ ਦੀ ਮੰਗ ਕੀਤੀ ਅਤੇ ਕਿਹਾ ਕਿ ਮੈਂਨੂੰ ਦਰਸ਼ਨੀ ਘੋੜਾ ਨਾ ਬਣਾ ਦਿਓ।ਇਸ ਦੇ ਨਾਲ ਹੀ ਸਿੱਧੂ ਨੇ ਇਹ ਵੀ ਕਿਹਾ ਕਿ ਰਾਹੁਲ ਗਾਂਧੀ ਚਾਹੇ ਕਿਸੇ ਨੂੰ ਵੀ ਚਿਹਰਾ ਐਲਾਨ ਕਰਕੇ ਜਾਣ ਪੂਰੀ ਕਾਂਗਰਸ ਉਸ ਫੈਸਲੇ ਨੂੰ ਮਨ੍ਹੇਗੀ।


 

ਸੰਯੁਕਤ ਸਮਾਜ ਮੋਰਚੇ ਵੱਲੋਂ 12 ਹੋਰ ਉਮੀਦਵਾਰਾਂ ਦਾ ਐਲਾਨ , ਜਾਣੋਂ ਕਿਸਨੂੰ ਮਿਲੀ ਟਿਕਟ

ਸੰਯੁਕਤ ਸਮਾਜ ਮੋਰਚੇ ਨੇ ਅੱਜ 2022 ਦੀਆਂ ਵਿਧਾਨ ਸਭਾ ਚੋਣਾਂ ਲਈ 12 ਹੋਰ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਪਟਿਆਲਾ ਸ਼ਹਿਰੀ ਤੋਂ ਮੱਖਣ ਸਿੰਘ ਸੋਹਾਲੀ , ਮਹਿਲ ਕਲਾਂ ਤੋਂ ਐਡਵੋਕੇਟ ਜਸਵੀਰ ਸਿੰਘ ਖੇੜੀ ,ਬੱਲੂਆਣਾ ਤੋਂ ਰਾਮ ਕੁਮਾਰ ਕੁਲਾਰ ,ਹੁਸ਼ਿਆਰਪੁਰ ਤੋਂ ਐਡਵੋਕੇਟ ਹਰਿੰਦਰਦੀਪ ਸਿੰਘ ,ਪੱਟੀ ਤੋਂ ਸਰਤਾਜ ਸਿੰਘ , ਕਾਦੀਆਂ ਤੋਂ ਜਸਪਾਲ ਸਿੰਘ , ਸੁਜਾਨਪੁਰ ਤੋਂ ਬਿਸ਼ਨ ਦਾਸ ,  ਪਠਾਨਕੋਟ ਤੋਂ ਸੂਬਾ ਸਿੰਘ ਸਰਾਂ ,ਮਜੀਠਾ ਤੋਂ ਪਰਮਜੀਤ ਸਿੰਘ ,ਉੜਮੁੜ ਟਾਂਡਾ ਤੋਂ ਅਰਸ਼ਦੀਪ ਸਿੰਘ , ਫ਼ਾਜ਼ਿਲਕਾ ਤੋਂ ਰੇਸ਼ਮ ਸਿੰਘ , ਅੰਮ੍ਰਿਤਸਰ ਪੂਰਬੀ ਤੋਂ ਸੁਖਜਿੰਦਰ ਸਿੰਘ ਮਾਹੁ ,  ਹਲਕਾ ਭਦੌੜ ਤੋਂ ਗੋਰਾ ਸਿੰਘ ਢਿੱਲਵਾਂ ਚੋਣ ਲੜਨਗੇ।

ਸੰਗਰੂਰ ਤੋਂ 5 ਵੱਡੇ ਸਿਆਸੀ ਨੇਤਾਵਾਂ ਨੇ ਆਪਣੇ ਨਾਮਜ਼ਦਗੀ ਪੱਤਰ ਕੀਤੇ ਦਾਖਲ
ਅੱਜ ਸੰਗਰੂਰ ਤੋਂ 5 ਵੱਡੇ ਸਿਆਸੀ ਚਿਹਰਿਆਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ। ਜੇਕਰ ਸੰਗਰੂਰ ਦੀ ਗੱਲ ਕਰੀਏ ਤਾਂ ਜਿੱਥੋਂ ਅੱਜ ਅਰਵਿੰਦ ਖੰਨਾ ਅਤੇ ਕੈਬਨਿਟ ਮੰਤਰੀ  ਵਿਜੈ ਇੰਦਰ ਸਿੰਗਲਾ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਤੋਂ ਬਲਦੇਵ ਸਿੰਘ ਮਾਨ ਅਤੇ ਅਮਨ ਅਰੋੜਾ ਨੇ ਆਪਣੇ  ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ ਅਤੇ ਲਹਿਰਾਗਾਗਾ ਤੋਂ ਬੀਬੀ ਰਜਿੰਦਰ ਕੌਰ ਭੱਠਲ ਨੇ ਵੀ ਆਪਣਾ ਨਾਮਜ਼ਦਗੀ ਫਾਰਮ ਭਰਿਆ ਹੈ।

 

ਸਾਰੇ ਉਮੀਦਵਾਰਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਭਾਰੀ ਬਹੁਮਤ ਨਾਲ ਜਿੱਤਣਗੇ ਅਤੇ 2022 'ਚ ਉਨ੍ਹਾਂ ਦੀ ਪਾਰਟੀ ਦੀ ਸਰਕਾਰ ਬਣੇਗੀ ਪਰ ਇਸ ਦਾ ਫੈਸਲਾ ਸਮੇਂ ਦੀ ਕੁੱਖ 'ਚ ਛੁਪਿਆ ਹੋਇਆ ਹੈ, ਜਿਸ ਦਾ ਨਤੀਜਾ 10 ਮਾਰਚ ਨੂੰ ਹੀ ਪਤਾ ਲੱਗੇਗਾ ਕਿ ਪੰਜਾਬ ਵਿੱਚ ਕਿਹੜੀ ਪਾਰਟੀ ਸੱਤਾ ਵਿੱਚ ਹੋਵੇਗੀ। ਦੂਜੇ ਪਾਸੇ ਸੰਗਰੂਰ ਤੋਂ ਭਾਜਪਾ ਵੱਲੋਂ ਚੋਣ ਮੈਦਾਨ ਵਿੱਚ ਉਤਾਰੇ ਗਏ ਉਮੀਦਵਾਰ ਅਰਵਿੰਦ ਖੰਨਾ ਨੇ ਪਰਿਵਾਰ ਸਮੇਤ ਆਪਣਾ ਨਾਮਜ਼ਦਗੀ ਫਾਰਮ ਭਰਿਆ ਹੈ। 
Punjab Election: ਭਗਵੰਤ ਮਾਨ ਦਾ ਦਾਅਵਾ

ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਭਗਵੰਤ ਮਾਨ ਨੇ ਕਿਹਾ ਕਿ ਜਿਸ ਤਰਾਂ ਦਿੱਲੀ ਵਿੱਚ ਪਹਿਲੀ ਵਾਰ ਚੋਣ ਲੜਦਿਆਂ ਅਰਵਿੰਦ ਕੇਜਰੀਵਾਲ ਨੇ ਕਾਂਗਰਸ ਦੀ ਦਿੱਗਜ ਆਗੂ ਸ਼ੀਲਾ ਦੀਕਸ਼ਤ ਨੂੰ ਹਰਾਇਆ ਸੀ, ਉਸੇ ਤਰਾਂ ਪੰਜਾਬ ਦੇ ਲੋਕ ਇਸ ਵਾਰ ਕਾਂਗਰਸ ਤੇ ਅਕਾਲੀ ਦਲ ਦੇ ਦਿੱਗਜ ਆਗੂਆਂ ਨੂੰ ਸਬਕ ਸਿਖਾਉਣ ਲਈ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾਉਣਗੇ।

Punjab Election: ਕਾਂਗਰਸ ਦੀ ਸੁਖਬੀਰ ਬਾਦਲ ਨੂੰ ਚੁਣੌਤੀ

ਸ਼੍ਰੋਮਣੀ ਅਕਾਲੀ ਦਲ ਵੱਲੋਂ ਨਵਜੋਤ ਸਿੱਧੂ ਖਿਲਾਫ ਬਿਕਰਮ ਮਜੀਠੀਆ ਨੂੰ ਲੜਾਉਣ ਦੇ ਸਵਾਲ 'ਤੇ ਕਾਂਗਰਸ ਨੇ ਸੁਖਬੀਰ ਬਾਦਲ ਨੂੰ ਚੁਣੌਤੀ ਦਿੱਤੀ ਹੈ। ਕਾਂਗਰਸ ਦੇ ਲੀਡਰ ਭਾਰਤ ਭੂਸ਼ਨ ਆਸ਼ੂ ਨੇ ਕਿਹਾ ਹੈ ਕਿ ਸਾਰਾ ਅਕਾਲੀ ਦਲ ਵੀ ਨਵਜੋਤ ਸਿੱਧੂ ਖਿਲਾਫ ਲੜ ਲਵੇ ਤਾਂ ਵੀ ਸਿੱਧੂ ਜਿੱਤ ਕੇ ਹੀ ਆਉਣਗੇ। ਉਨ੍ਹਾਂ ਕਿਹਾ ਕਿ ਬਿਕਰਮ ਮਜੀਠੀਆ ਦੀ ਹਾਰ ਯਕੀਨੀ ਹੈ।

Punjab Election: ਸੁਖਪਾਲ ਖਹਿਰਾ ਨੂੰ ਹਾਈਕੋਰਟ ਤੋਂ ਮਿਲੀ ਜ਼ਮਾਨਤ, 50 ਫੀਸਦੀ ਜੰਗ ਜਿੱਤਣ ਦਾ ਦਾਅਵਾ

ਕਾਂਗਰਸੀ ਲੀਡਰ ਸੁਖਪਾਲ ਸਿੰਘ ਖਹਿਰਾ ਨੂੰ ਹਾਈਕੋਰਟ ਤੋਂ ਜ਼ਮਾਨਤ ਮਿਲ ਗਈ ਹੈ। ਅਦਾਲਤ ਨੇ ਉਨ੍ਹਾਂ ਨੂੰ ਰਿਹਾਅ ਕਰਨ ਦੇ ਆਦੇਸ਼ ਦੇ ਦਿੱਤੇ ਹਨ। ਸੁਖਪਾਲ ਸਿੰਘ ਖਹਿਰਾ ਦੇ ਬੇਟੇ ਮਹਿਤਾਬ ਸਿੰਘ ਖਹਿਰਾ ਨੇ ਦੱਸਿਆ ਕਿ ਅੱਜ ਹਾਈ ਕੋਰਟ ਨੇ ਉਨ੍ਹਾਂ ਗੇ ਪਿਤਾ ਸੁਖਪਾਲ ਸਿੰਘ ਖਹਿਰਾ ਨੂੰ ਜ਼ਮਾਨਤ ਤੇ ਰਿਹਾਅ ਕਰਨ ਦੇ ਆਦੇਸ਼ ਦੇ ਦਿੱਤੇ ਹਨ। 

ਹਲਕਾ ਦਾਖਾ ਤੋਂ ਕਾਂਗਰਸੀ ਆਗੂ ਕੈਪਟਨ ਸੰਦੀਪ ਸਿੰਘ ਸੰਧੂ ਨੇ ਭਰੀ ਨਾਮਜ਼ਦਗੀ

ਹਲਕਾ ਦਾਖਾ ਤੋਂ ਕਾਂਗਰਸੀ ਆਗੂ ਕੈਪਟਨ ਸੰਦੀਪ ਸਿੰਘ ਸੰਧੂ ਨੇ ਭਰੀ ਨਾਮਜ਼ਦਗੀ । ਕੈਪਟਨ ਸੰਦੀਪ ਸਿੰਘ ਸੰਧੂ ਨੇ ਜਿਥੇ ਪਾਰਟੀ ਹਾਈਕਮਾਂਡ ਦਾ ਟਿਕਟ ਦੇਣ ਲਈ ਧੰਨਵਾਦ ਕੀਤਾ ਉਥੇ ਹੀ ਕਿਹਾ ਕਿ ਬਹੁਤ ਜ਼ਿਆਦਾ ਵਿਕਾਸ ਕਾਰਜ ਅਜੇ ਵੀ ਬਾਕੀ ਹਨ ਜਿਨ੍ਹਾਂ ਨੂੰ ਪੂਰਾ ਕਰਨਾ ਚਾਹੁੰਦੇ ਹਨ। ਅਤੇ ਹਲਕਾ ਦਾਖਾ ਵਿੱਚ ਨਸੇ ਨੂੰ ਲੈ ਕੇ ਵੀ ਸੁਆਲ ਖੜੇ ਕੀਤੇ । ਤਦੇ ਕਿਹਾ ਕਿ ਮੁੜ ਸਰਕਾਰ ਆਉਣ ਤੇ ਕੀਤਾ ਜਾਵੇਗਾ ਜੜ ਤੋਂ ਖਾਤਮਾ

Punjab Election: ਭਾਜਪਾ ਵੱਲੋਂ 27 ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ

ਭਾਜਪਾ ਨੇ ਪੰਜਾਬ ਵਿਧਾਨ ਸਭਾ ਚੋਣਾਂ ਲਈ ਆਪਣੀ ਦੂਜੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਸੂਚੀ ਵਿੱਚ 27 ਉਮੀਦਵਾਰਾਂ ਦੇ ਨਾਂ ਹਨ।

ਸੁਖਬੀਰ ਬਾਦਲ ਦੀ ਲਲਕਾਰ, ਸਿੱਧੂ ਹੋ ਜਾਏ ਤਿਆਰ

ਸ਼੍ਰੋਮਣੀ ਅਕਾਲੀ ਦਲ ਨੇ ਅੰਮ੍ਰਿਤਸਰ ਪੂਰਬੀ ਸੀਟ ਤੋਂ ਨਵਜੋਤ ਸਿੰਘ ਸਿੱਧੂ ਖਿਲਾਫ ਅਕਾਲੀ ਆਗੂ ਬਿਕਰਮ ਮਜੀਠੀਆ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਦਾਅਵਾ ਕੀਤਾ ਹੈ ਕਿ ਨਵਜੋਤ ਸਿੰਘ ਸਿੱਧੂ ਦਾ ਸਿਆਸੀ ਜੀਵਨ ਖ਼ਤਮ ਹੋਣ ਜਾ ਰਿਹਾ ਹੈ। ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਨਵਜੋਤ ਸਿੱਧੂ ਦੀ ਜ਼ਮਾਨਤ ਜ਼ਬਤ ਹੋ ਜਾਵੇਗੀ। ਸੁਖਬੀਰ ਬਾਦਲ ਨੇ ਪੰਜਾਬ ਕਾਂਗਰਸ ਪ੍ਰਧਾਨ ਸਿੱਧੂ ਨੂੰ ਲਲਕਾਰਦਿਆਂ ਕਿਹਾ ਕਿ ਨਵਜੋਤ ਸਿੱਧੂ ਤਿਆਰ ਹੋ ਜਾਓ। ਮਜੀਠੀਆ ਅੰਮ੍ਰਿਤਸਰ ਪੂਰਬੀ ਸੀਟ ਤੋਂ ਨਵਜੋਤ ਸਿੱਧੂ ਖਿਲਾਫ ਲੜਨਗੇ।ਨਵਜੋਤ ਸਿੱਧੂ ਦੀ ਹਉਮੈ ਨੂੰ ਤੋੜਨਾ ਪਵੇਗਾ।

ਰਾਹੁਲ ਗਾਂਧੀ ਦਰਬਾਰ ਸਾਹਿਬ ਹੋਏ ਨਤਮਸਤਕ

ਕਾਂਗਰਸੀ ਆਗੂ ਰਾਹੁਲ ਗਾਂਧੀ ਅੰਮ੍ਰਿਤਸਰ ਪਹੁੰਚ ਚੁੱਕੇ ਹਨ। ਜਿੱਥੇ ਪਹੁੰਚ ਤੇ ਉਹ ਸਭ ਤੋਂ ਪਹਿਲਾਂ  ਦਰਬਾਰ ਸਾਹਿਬ  ਨਤਮਸਤਕ ਹੋਏ। ਇਸ ਦੌਰਾਨ ਉਹਨਾਂ ਨਾਲ ਸੀਐੱਮ ਚੰਨੀ ਅਤੇ ਨਵਜੋਤ ਸਿੰਘ ਸਿੱਧੂ ਵੀ ਮੌਜੂਦ ਹਨ। 

ਬਿਕਰਮ ਮਜੀਠੀਆ ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਹਤ

ਨਵੀਂ ਦਿੱਲੀ: ਨਸ਼ਾ ਤਸਕਰੀ ਦੇ ਮਾਮਲੇ ਵਿੱਚ ਘਿਰੇ ਸਾਬਕਾ ਅਕਾਲੀ ਮੰਤਰੀ ਬਿਕਰਮ ਮਜੀਠੀਆ ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਅਦਾਲਤ ਨੇ ਗ੍ਰਿਫਤਾਰੀ 'ਤੇ 31 ਜਨਵਰੀ ਤੱਕ ਰੋਕ ਲਾ ਦਿੱਤੀ ਹੈ। ਸੁਪਰੀਮ ਕੋਰਟ ਮਜੀਠੀਆ ਦੀ ਜ਼ਮਾਨਤ ਅਰਜ਼ੀ 'ਤੇ ਸੁਣਵਾਈ ਲਈ ਤਿਆਰ ਹੈ। 


ਸੁਪਰੀਮ ਕੋਰਟ ਇਸ ਮਾਮਲੇ 'ਤੇ ਅਗਲੇ ਸੋਮਵਾਰ ਨੂੰ ਸੁਣਵਾਈ ਕਰੇਗੀ। ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਜ਼ਮਾਨਤ ਅਰਜ਼ੀ ਦੀ ਸੁਣਵਾਈ ਤੱਕ ਕੋਈ ਕਾਰਵਾਈ ਨਾ ਕਰਨ ਲਈ ਕਿਹਾ ਹੈ।

ਕੇਜਰੀਵਾਲ ਮੁੜ ਚੜ੍ਹਾਉਣਗੇ ਪੰਜਾਬ ਦਾ ਸਿਆਸੀ ਪਾਰਾ

ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ 28 ਜਨਵਰੀ ਤੋਂ ਪੰਜਾਬ ਦੌਰੇ 'ਤੇ ਆ ਰਹੇ ਹਨ। ਉਹ 28 ਤੋਂ 30 ਜਨਵਰੀ ਤੱਕ ਪੰਜਾਬ ਦੌਰਾ ਕਰਨਗੇ। ਇਸ ਦੌਰਾਨ ਕੇਜਰੀਵਾਲ ਕਈ ਵਿਧਾਨ ਸਭਾ ਹਲਕਿਆਂ ਦਾ ਦੌਰਾ ਕਰਨਗੇ। ਕੇਜਰੀਵਾਲ ਜਲੰਧਰ ਤੇ ਅੰਮ੍ਰਿਤਸਰ ਵੀ ਜਾਣਗੇ।

ਰਾਹੁਲ ਗਾਂਧੀ ਕਰਨਗੇ ਪੰਜਾਬ 'ਚ ਸੀਐਮ ਚਿਹਰੇ ਦਾ ਐਲਾਨ?

ਅਹਿਮ ਗੱਲ ਹੈ ਕਿ ਰਾਹੁਲ ਗਾਂਧੀ ਦੇ ਦੌਰੇ ਨੂੰ ਲੈ ਕੇ ਸਭ ਦੀਆਂ ਨਜ਼ਰਾਂ ਪੰਜਾਬ 'ਚ ਕਾਂਗਰਸ ਦੇ ਮੁੱਖ ਮੰਤਰੀ ਦੇ ਚਿਹਰੇ 'ਤੇ ਟਿਕੀਆਂ ਹੋਈਆਂ ਹਨ। ਕਾਂਗਰਸੀਆਂ ਤੋਂ ਇਲਾਵਾ ਵਿਰੋਧੀ ਪਾਰਟੀਆਂ ਵੀ ਇਸ ਨੂੰ ਲੈ ਕੇ ਚੌਕਸ ਹਨ। ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਤੇ ਮੌਜੂਦਾ ਸੀਐਮ ਚਰਨਜੀਤ ਚੰਨੀ ਵਿੱਚ ਸੀਐਮ ਚਿਹਰੇ ਨੂੰ ਲੈ ਕੇ ਜੰਗ ਜਾਰੀ ਹੈ। ਇਸ ਕਾਰਨ ਕਾਂਗਰਸ ਧੜੇਬੰਦੀ ਵਿੱਚ ਵੰਡੀ ਹੋਈ ਹੈ।

ਮੁਕਤਸਰ 'ਚ ਬੀਜੇਪੀ ਉਮੀਦਵਾਰ ਵੱਲੋਂ ਜੋਰ ਸ਼ੋਰ ਨਾਲ ਕੀਤਾ ਜਾ ਰਿਹਾ ਹੈ ਚੋਣ ਪ੍ਰਚਾਰ

ਪੰਜਾਬ ਵਿੱਚ ਪਹਿਲੀ ਵਾਰ ਬੀਜੇਪੀ ਦੇ ਵੱਲੋਂ 65 ਸਿੱਟਾਂ ਦੇ ਉੱਪਰ ਆਪਣੇ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰੇ ਹਨ। ਉੱਥੇ ਹੀ ਹਲਕਾ ਸ੍ਰੀ ਮੁਕਤਸਰ ਸਾਹਿਬ ਤੋਂ ਬੀਜੇਪੀ ਦੇ ਵੱਲੋਂ ਰਾਜੇਸ਼ ਕੁਮਾਰ ਗੋਰਾ ਪਠੇਲਾ ਨੂੰ ਆਪਣਾ ਉਮੀਦਵਾਰ ਐਲਾਨਿਆ ਗਿਆ। ਚੋਣ ਮੈਦਾਨ ਵਿੱਚ ਉਤਾਰੇ ਰਾਜੇਸ਼ ਕੁਮਾਰ ਗੋਰਾ ਪਠੇਲਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਪਿੰਡਾਂ-ਸ਼ਹਿਰਾਂ ਵਿੱਚ ਲੋਕਾਂ ਦਾ ਪਿਆਰ ਅਤੇ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਲੋਕਾਂ ਵੱਲੋਂ ਬੀਜੇਪੀ ਕਿਸੇ ਤਰ੍ਹਾਂ ਦਾ ਕੋਈ ਵਿਰੋਧ ਨਹੀਂ ਕੀਤਾ ਜਾ ਰਿਹਾ।

ਅਸ਼ਵਨੀ ਸ਼ਰਮਾ ਸ਼ੁਰੂ ਕਰਨਗੇ ਪ੍ਰਚਾਰ

ਭਾਜਪਾ ਪੰਜਾਬ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੂੰ ਭਾਜਪਾ ਨੇ ਪਠਾਨਕੋਟ ਤੋਂ ਉਮੀਦਵਾਰ ਬਣਾਇਆ ਹੈ।


ਕਾਲੀ ਮਾਤਾ ਮੰਦਰ ਅਤੇ ਗੁਰਦੁਆਰਾ ਸਾਹਿਬ ਵਿਖੇ ਪ੍ਰਚਾਰ ਸ਼ੁਰੂ ਕਰਨਗੇ

ਭਾਜਪਾ ਨੇ ਕੀਤੀ ਪੰਜਾਬ 'ਚ ਰੈੱਡ ਅਲਰਟ ਦੀ ਮੰਗ

ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਨੇ ਕਾਨੂੰਨ ਵਿਵਸਥਾ ਦਾ ਮੁੱਦਾ ਚੁੱਕਿਆ ਹੈ। ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਦੋਸ਼ ਲਾਇਆ ਹੈ ਕਿ ਪੰਜਾਬ ਵਿੱਚ ਕਾਨੂੰਨ ਵਿਵਸਥਾ ਢਹਿ ਗਈ ਹੈ। ਇਸ ਦੇ ਨਾਲ ਹੀ ਤਰੁਣ ਚੁੱਘ ਨੇ ਰਾਜ ਵਿੱਚ ਰੈੱਡ ਅਲਰਟ ਜਾਰੀ ਕਰਨ ਅਤੇ ਕੇਂਦਰੀ ਬਲਾਂ ਦੀ ਤਾਇਨਾਤੀ ਦੀ ਮੰਗ ਕੀਤੀ। ਚੁੱਘ ਨੇ ਇੱਕ ਬਿਆਨ ਵਿੱਚ ਕਿਹਾ, “ਪੰਜਾਬ ਵਿੱਚ ਰੈੱਡ ਅਲਰਟ ਜਾਰੀ ਕੀਤਾ ਜਾਣਾ ਚਾਹੀਦਾ ਹੈ ਅਤੇ ਕੇਂਦਰੀ ਬਲਾਂ ਨੂੰ ਤਾਇਨਾਤ ਕੀਤਾ ਜਾਣਾ ਚਾਹੀਦਾ ਹੈ।

ਬਸਪਾ ਨੇ ਚੰਨੀ ਦੇ ਮੁਕਾਬਲੇ ਇਸ ਉਮੀਦਵਾਰ ਨੂੰ ਦਿੱਤੀ ਟਿਕਟ

20 ਫਰਵਰੀ ਨੂੰ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਬਹੁਜਨ ਸਮਾਜ ਪਾਰਟੀ ਨੇ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕਰ ਦਿੱਤੀ ਹੈ। ਹੁਣ ਬਸਪਾ ਨੇ ਆਪਣੀ ਦੂਜੀ ਸੂਚੀ ਵਿੱਚ 6 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਹੈ। ਬਸਪਾ ਨੇ ਸੂਬੇ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਿਰੁੱਧ ਆਪਣਾ ਉਮੀਦਵਾਰ ਖੜ੍ਹਾ ਕੀਤਾ ਹੈ। ਹਰਮੋਹਨ ਸਿੰਘ ਚਮਕੌਰ ਸਾਹਿਬ ਸੀਟ ਤੋਂ ਚਰਨਜੀਤ ਸਿੰਘ ਖਿਲਾਫ ਚੋਣ ਲੜਨਗੇ। ਮਹਿਲ ਕਲਾਂ ਤੋਂ ਚਮਕੌਰ ਸਿੰਘ ਨੂੰ ਮੈਦਾਨ ਵਿੱਚ ਉਤਾਰਿਆ ਗਿਆ ਹੈ।

ਪੰਜਾਬ ਵਿੱਚ ‘ਆਪ’ ਦੇ ਸੀਐਮ ਉਮੀਦਵਾਰ ਭਗਵੰਤ ਮਾਨ ਨੇ ਵੀ ਆਪਣੇ ਚੋਣ ਵਾਅਦੇ ਵਿੱਚ ਕਿਹਾ ਹੈ ਕਿ ਜੇਕਰ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਹੈ ਤਾਂ ਸੂਬੇ ਨੂੰ ਨਸ਼ਾ ਮੁਕਤ ਕਰਨ ਲਈ ਪੁਲੀਸ ਨੂੰ ਪੂਰੀ ਖੁੱਲ੍ਹ ਦਿੱਤੀ ਜਾਵੇਗੀ। ਮਾਨ ਨੇ ਇਹ ਵੀ ਕਿਹਾ ਕਿ ਪੰਜਾਬ ਨੂੰ ਨਸ਼ਾ ਮੁਕਤ ਪੰਜਾਬ ਬਣਾਉਣ ਲਈ ਆਮ ਆਦਮੀ ਪਾਰਟੀ ਡਰੱਗ ਟਾਸਕ ਫੋਰਸ ਦਾ ਗਠਨ ਕਰੇਗੀ।
ਲੋਕ ਇਨਸਾਫ ਪਾਰਟੀ ਨੇ 10 ਉਮੀਦਵਾਰਾਂ ਦੀ ਦੂਜੀ ਸੂਚੀ

ਲੋਕ ਇਨਸਾਫ ਪਾਰਟੀ ਨੇ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ 10 ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕਰ ਦਿੱਤੀ ਹੈ।  ਜਾਣਕਾਰੀ ਅਨੁਸਾਰ ਫਗਵਾੜਾ ਤੋਂ ਜਰਨੈਲ ਨੰਗਲ ,ਬਰਨਾਲਾ ਤੋਂ ਕਰਮਜੀਤ ਸਿੰਘ , ਨਕੋਦਰ ਤੋਂ ਦਵਿੰਦਰ ਸਿੰਘ ਸੰਗੋਵਾਲ , ਫਤਹਿਗੜ ਚੂੜੀਆਂ ਤੋਂ ਮਨਜੀਤ ਸਿੰਘ ਚਿਤੌੜਗੜ੍ਹ , ਬਾਬਾ ਬਕਾਲਾ ਤੋਂ ਹਰਪ੍ਰੀਤ ਸਿੰਘ , ਕੋਟਕਪੂਰਾ ਤੋਂ ਕੁਲਵਿੰਦਰ ਸਿੰਘ ਸੰਧੂ , ਜੀਰਾ ਤੋਂ ਦਵਿੰਦਰ ਸਿੰਘ , ਬੁਢਲਾਡਾ ਤੋਂ ਰਣਜੀਤ ਸਿੰਘ ,ਚਮਕੌਰ ਸਾਹਿਬ ਤੋਂ ਰਘਵੀਰ ਸਿੰਘ ਗੜਾਂਗ , ਭਦੌੜ ਤੋਂ ਬਾਬਾ ਜਗਰੂਪ ਸਿੰਘ ਚੋਣ ਲੜਨਗੇ।

ਪੰਜਾਬ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਕਰ ਰਹੀਆਂ ਸਾਰੀਆਂ ਪਾਰਟੀਆਂ

ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਭਲਕੇ ਤੋਂ 30 ਜਨਵਰੀ ਤੱਕ ਪੰਜਾਬ ਦੇ ਦੌਰੇ 'ਤੇ ਹੋਣਗੇ। ਇਸ ਦੇ ਨਾਲ ਹੀ ਕਾਂਗਰਸ ਨੇਤਾ ਰਾਹੁਲ ਗਾਂਧੀ 27 ਜਨਵਰੀ ਨੂੰ ਪੰਜਾਬ ਦਾ ਦੌਰਾ ਕਰਨਗੇ। ਇਹ ਜਾਣਕਾਰੀ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਦਿੱਤੀ।

ਪਿਛੋਕੜ

Punjab Assembly Election 2022 Live Update: ਪੰਜਾਬ ਵਿੱਚ ਅਗਲੇ ਮਹੀਨੇ ਹੋਣ ਜਾ ਰਹੀਆਂ ਚੋਣਾਂ ਲਈ ਹੁਣ ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਰਿਹਾ ਹੈ। ਇਸ ਵਾਰ ਇੱਕ ਪਾਸੇ ਜਿੱਥੇ ਕਾਂਗਰਸ ਨੇ ਪੁਰਾਣੇ ਮੁੱਖ ਮੰਤਰੀ ਦਾ ਚਿਹਰਾ ਬਦਲ ਕੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾ ਕੇ ਸੱਤਾ ਵਿਰੋਧੀ ਲਹਿਰ ਨੂੰ ਘੱਟ ਕਰਨ ਦੀ ਕੋਸ਼ਿਸ਼ ਕੀਤੀ ਹੈ, ਉੱਥੇ ਹੀ ਦੂਜੇ ਪਾਸੇ ਆਮ ਆਦਮੀ ਪਾਰਟੀ ਵੀ ਪੂਰੀ ਤਰ੍ਹਾਂ ਨਾਲ ਜ਼ੋਰ ਮਾਰ ਰਹੀ ਹੈ। ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਵੀ ਭਾਜਪਾ ਨਾਲ ਗਠਜੋੜ ਕਰਕੇ ਸਖ਼ਤ ਟੱਕਰ ਦੇਣ ਦੀ ਕੋਸ਼ਿਸ਼ ਕਰ ਰਹੀ ਹੈ। ਅਜਿਹੇ 'ਚ ਸਵਾਲ ਇਹ ਹੈ ਕਿ ਸੂਬੇ ਦੇ ਲੋਕ ਕਿਸ 'ਤੇ ਮਹਿਰਬਾਨ ਹੁੰਦੇ ਹਨ ਅਤੇ ਕਿਸਨੂੰ ਸਭ ਤੋਂ ਵੱਧ ਪਿਆਰ ਦਿੰਦੇ ਹਨ?


ਏਬੀਪੀ ਨਿਊਜ਼ ਸੀ ਵੋਟਰ ਸਰਵੇ ਮੁਤਾਬਕ ਸੂਬੇ ਦੇ 6 ਫੀਸਦੀ ਲੋਕ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਵਜੋਂ ਪਸੰਦ ਕਰ ਰਹੇ ਹਨ। ਸੂਬੇ ਦੇ ਲੋਕ ਸੁਖਬੀਰ ਸਿੰਘ ਬਾਦਲ ਨੂੰ 15 ਫੀਸਦੀ, ਅਰਵਿੰਦ ਕੇਜਰੀਵਾਲ ਨੂੰ 17 ਫੀਸਦੀ, ਚਰਨਜੀਤ ਸਿੰਘ ਚੰਨੀ ਨੂੰ 29 ਫੀਸਦੀ, ਨਵਜੋਤ ਸਿੰਘ ਸਿੱਧੂ ਨੂੰ 6 ਫੀਸਦੀ, ਭਗਵੰਤ ਮਾਨ ਨੂੰ 23 ਫੀਸਦੀ ਅਤੇ ਹੋਰਨਾਂ ਨੂੰ 4 ਫੀਸਦੀ ਮੁੱਖ ਮੰਤਰੀ ਵਜੋਂ ਦੇਖਣਾ ਚਾਹੁੰਦੇ ਹਨ।


ਪੰਜਾਬ 'ਚ ਮੁੱਖ ਮੰਤਰੀ ਦੀ ਪਸੰਦ ਕੌਣ?


ਸੀ-ਵੋਟਰ ਸਰਵੇਖਣ


ਕੈਪਟਨ ਅਮਰਿੰਦਰ - 6%


ਸੁਖਬੀਰ ਬਾਦਲ - 15%


ਅਰਵਿੰਦ ਕੇਜਰੀਵਾਲ - 17%


ਚਰਨਜੀਤ ਚੰਨੀ-29%


ਨਵਜੋਤ ਸਿੰਘ ਸਿੱਧੂ-6%


ਭਗਵੰਤ ਮਾਨ -23%


ਹੋਰ - 4%


ਕਿਸ ਖੇਤਰ ਵਿੱਚ ਕਿੰਨੀਆਂ ਸੀਟਾਂ?


ਦੋਆਬਾ ਖੇਤਰ-


ਏਬੀਪੀ ਨਿਊਜ਼ ਸੀ ਵੋਟਰ ਸਰਵੇ ਮੁਤਾਬਕ ਪੰਜਾਬ ਚੋਣਾਂ ਵਿੱਚ ਦੋਆਬਾ ਖੇਤਰ ਦੀਆਂ ਕੁੱਲ 23 ਵਿਧਾਨ ਸਭਾ ਸੀਟਾਂ ਵਿੱਚੋਂ ਕਾਂਗਰਸ ਨੂੰ 7 ਤੋਂ 11 ਸੀਟਾਂ ਮਿਲ ਸਕਦੀਆਂ ਹਨ। ਜਦਕਿ 7 ਤੋਂ 11 ਸੀਟਾਂ ਆਮ ਆਦਮੀ ਪਾਰਟੀ ਦੇ ਖਾਤੇ 'ਚ ਜਾ ਸਕਦੀਆਂ ਹਨ। ਅਕਾਲੀ ਦਲ ਦੇ ਹਿੱਸੇ 2 ਤੋਂ 6 ਸੀਟਾਂ ਜਾ ਸਕਦੀਆਂ ਹਨ, ਜਦਕਿ ਭਾਜਪਾ ਇਕ ਸੀਟ 'ਤੇ ਹੀ ਸੀਮਤ ਰਹਿ ਸਕਦੀ ਹੈ।


ਮਾਝਾ ਖੇਤਰ-


ਪੰਜਾਬ ਦੇ ਮਾਝਾ ਖੇਤਰ ਵਿੱਚ ਕੁੱਲ 25 ਵਿਧਾਨ ਸਭਾ ਸੀਟਾਂ ਹਨ। ਸੀ ਵੋਟਰ ਸਰਵੇ ਮੁਤਾਬਕ ਇਸ ਵਾਰ ਚੋਣਾਂ 'ਚ ਕਾਂਗਰਸ ਨੂੰ ਮਾਝਾ ਖੇਤਰ ਤੋਂ 14 ਤੋਂ 18 ਸੀਟਾਂ ਮਿਲ ਸਕਦੀਆਂ ਹਨ। ਜਦਕਿ ਆਮ ਆਦਮੀ ਪਾਰਟੀ ਨੂੰ 3 ਤੋਂ 7 ਸੀਟਾਂ, ਅਕਾਲੀ ਦਲ ਨੂੰ 2 ਤੋਂ 6 ਸੀਟਾਂ, ਭਾਰਤੀ ਜਨਤਾ ਪਾਰਟੀ ਨੂੰ ਸਿਰਫ਼ 1 ਸੀਟ ਨਾਲ ਹੀ ਸਬਰ ਕਰਨਾ ਪੈ ਸਕਦਾ ਹੈ।


ਮਾਲਵਾ ਖੇਤਰ-


ਪੰਜਾਬ ਦਾ ਮਾਲਵਾ ਖੇਤਰ ਸੀਟਾਂ ਦੇ ਲਿਹਾਜ਼ ਨਾਲ ਸਭ ਤੋਂ ਵੱਡਾ ਹੈ। ਇੱਥੇ ਕੁੱਲ 69 ਸੀਟਾਂ ਹਨ। ਮਾਲਵਾ ਖੇਤਰ ਵਿੱਚ ਕਾਂਗਰਸ ਨੂੰ 13 ਤੋਂ 17 ਸੀਟਾਂ ਮਿਲ ਸਕਦੀਆਂ ਹਨ। ਮਾਲਵਾ ਖੇਤਰ ਵਿੱਚ ਆਮ ਆਦਮੀ ਪਾਰਟੀ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰ ਰਹੀ ਹੈ।'ਆਪ' ਇੱਥੇ 39 ਤੋਂ 43 ਸੀਟਾਂ ਜਿੱਤ ਸਕਦੀ ਹੈ। ਜਦਕਿ ਅਕਾਲੀ ਦਲ ਨੂੰ 10 ਤੋਂ 14 ਸੀਟਾਂ, ਭਾਜਪਾ ਨੂੰ 2 ਅਤੇ ਹੋਰਾਂ ਨੂੰ 1 ਸੀਟ ਮਿਲ ਸਕਦੀ ਹੈ।


ਨੋਟ- 5 ਰਾਜਾਂ ਵਿੱਚ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਹੋ ਗਿਆ ਹੈ। ਅਜਿਹੀ ਸਥਿਤੀ ਵਿੱਚ, abp ਖ਼ਬਰਾਂ ਲਈ, ਸੀ ਵੋਟਰ ਨੂੰ ਚੋਣ ਵਾਲੇ ਰਾਜਾਂ ਦਾ ਮੂਡ ਜਾਣਨਾ ਹੋਵੇਗਾ। 5 ਰਾਜਾਂ ਦੇ ਇਸ ਸਭ ਤੋਂ ਵੱਡੇ ਸਰਵੇਖਣ ਵਿੱਚ 89 ਹਜ਼ਾਰ ਤੋਂ ਵੱਧ ਲੋਕਾਂ ਦੀ ਰਾਏ ਲਈ ਗਈ ਹੈ। ਚੋਣ ਵਾਲੇ ਰਾਜਾਂ ਦੀਆਂ ਸਾਰੀਆਂ 690 ਵਿਧਾਨ ਸਭਾ ਸੀਟਾਂ 'ਤੇ ਲੋਕਾਂ ਨਾਲ ਗੱਲਬਾਤ ਕੀਤੀ ਗਈ ਹੈ। ਇਹ ਸਰਵੇਖਣ 12 ਦਸੰਬਰ ਤੋਂ 8 ਜਨਵਰੀ ਦਰਮਿਆਨ ਕੀਤਾ ਗਿਆ ਸੀ। ਸਰਵੇਖਣ ਵਿੱਚ ਗਲਤੀ ਦਾ ਮਾਰਜਿਨ ਮਾਇਨਸ ਪਲੱਸ 3 ਤੋਂ ਮਾਈਨਸ ਪਲੱਸ 5 ਫੀਸਦੀ ਹੈ।

- - - - - - - - - Advertisement - - - - - - - - -

TRENDING NOW

© Copyright@2025.ABP Network Private Limited. All rights reserved.