ਚੰਡੀਗੜ੍ਹ : ਪੰਜਾਬ ਸਰਕਾਰ (Punjab Government) ਦੇ ਨਵੇਂ ਮੁੱਖ ਮੰਤਰੀ ਵੱਜੋਂ ਭਗਵੰਤ ਮਾਨ (Bhagwant Mann) ਨੇ 16 ਮਾਰਚ ਨੂੰ ਖਟਕੜ ਕਲਾਂ ਵਿਖੇ ਸਹੁੰ ਚੁੱਕ ਲਈ ਹੈ ਅਤੇ ਉਨ੍ਹਾਂ ਪੰਜਾਬ ਸਕੱਤਰੇਤ ਵਿਖੇ ਪੁੱਜ ਕੇ ਚਾਰਜ ਸੰਭਾਲਣ ਤੋਂ ਬਾਅਦ ਕੰਮ ਵੀ ਸ਼ੁਰੂ ਕਰ ਦਿੱਤਾ ਹੈ। ਆਮ ਆਦਮੀ ਪਾਰਟੀ (Aam Aadmi Party) ਸਰਕਾਰ ਵੱਲੋਂ ਪੰਜਾਬ ਵਿਧਾਨ ਸਭਾ ਦਾ ਪਹਿਲਾ ਸੈਸ਼ਨ ਵੀਰਵਾਰ ਤੋਂ ਸੱਦਿਆ ਗਿਆ ਹੈ ,ਜਿੱਥੇ ਵਿਧਾਇਕ ਸਹੁੰ ਚੁੱਕਣਗੇ।

 

ਇਹ ਵਿਧਾਨ ਸਭਾ ਸੈਸ਼ਨ 17, 21 ਅਤੇ 22 ਮਾਰਚ ਨੂੰ ਤਿੰਨ ਦਿਨ ਆਯੋਜਿਤ ਕੀਤਾ ਗਿਆ ਹੈ। ਇਸ ਦੇ ਲਈ ਡਾ. ਇੰਦਰਬੀਰ ਸਿੰਘ ਨਿੱਝਰ ਨੂੰ ਪ੍ਰੋਟੈਮ ਸਪੀਕਰ ਨਿਯੁਕਤ ਕੀਤਾ ਗਿਆ ਹੈ। ਇੰਦਰਬੀਰ ਸਿੰਘ ਨਿੱਝਰ ਅੰਮ੍ਰਿਤਸਰ ਦੱਖਣੀ ਤੋਂ ਵਿਧਾਇਕ ਹਨ। ਜਾਣਕਾਰੀ ਅਨੁਸਾਰ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਅੱਜ ਸ਼ੁਰੂ ਹੋਣ ਜਾ ਰਿਹਾ ਹੈ। ਸੈਸ਼ਨ ਸਵੇਰੇ 11 ਵਜੇ ਸ਼ੁਰੂ ਹੋਵੇਗਾ।
  

 

ਸੂਤਰਾਂ ਅਨੁਸਾਰ ਸ਼ੁਰੂ ਵਿੱਚ ਸਿਰਫ਼ 6 ਤੋਂ 7 ਮੰਤਰੀ ਹੀ ਮੰਤਰੀ ਮੰਡਲ ਵਿੱਚ ਸ਼ਾਮਲ ਕੀਤੇ ਜਾਣੇ ਹਨ। ਪੰਜਾਬ ਕੈਬਨਿਟ ਵਿੱਚ ਮੁੱਖ ਮੰਤਰੀ ਸਮੇਤ 18 ਮੈਂਬਰ ਹੋ ਸਕਦੇ ਹਨ, ਜਿਨ੍ਹਾਂ ਦੇ ਨਾਂ ਸ਼ਾਮਲ ਕੀਤੇ ਜਾਣ ਦੀ ਸੰਭਾਵਨਾ ਹੈ, ਉਨ੍ਹਾਂ ਵਿਚ ਹਰਪਾਲ ਚੀਮਾ, ਅਮਨ ਅਰੋੜਾ, ਹਰਜੋਤ ਬੈਂਸ, ਬਲਜਿੰਦਰ ਕੌਰ, ਨੀਨਾ ਮਿੱਤਲ ਤੇ ਬੁੱਧ ਰਾਮ ਸ਼ਾਮਲ ਹਨ। 

 

ਪੰਜਾਬ ਵਿੱਚ ਤਾਜ਼ਾ ਵਿਧਾਨ ਸਭਾ ਚੋਣਾਂ ਮਗਰੋਂ AAP ਨੂੰ ਵੱਡੀ ਜਿੱਤ ਮਿਲੀ ਹੈ ਤੇ ਧੂਰੀ ਸੀਟ ਤੋਂ ਭਗਵੰਤ ਮਾਨ ਨੇ ਪਰਚਮ ਲਹਿਰਾਇਆ ਹੈ। ਭਗਵੰਤ ਮਾਨ ਨੇ ਧੂਰੀ ਵਿਧਾਨ ਸਭਾ ਸੀਟ ਤੋਂ ਕਾਂਗਰਸੀ ਉਮੀਦਵਾਰ ਦਲਵੀਰ ਸਿੰਘ ਗੋਲਡੀ ਨੂੰ 58,206 ਵੋਟਾਂ ਦੇ ਫਰਕ ਨਾਲ ਹਰਾ ਕੇ ਜਿੱਤ ਹਾਸਲ ਕੀਤੀ ਤੇ ਪੂਰੇ ਪੰਜਾਬ 'ਚ ਆਪ ਨੇ 92 ਸੀਟਾਂ ਨਾਲ ਹੁੰਝਾ ਫੇਰ ਜਿੱਤ ਹਾਸਲ ਕੀਤੀ।

 

ਦੱਸ ਦੇਈਏ ਕਿ 10 ਮਾਰਚ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜੇ ਐਲਾਨੇ ਗਏ ਸੀ ਅਤੇ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਗਈ ਹੈ। ਆਮ ਆਦਮੀ ਪਾਰਟੀ 92 ਸੀਟਾਂ ਜਿੱਤ ਚੁੱਕੀ ਹੈ, ਜਦਕਿ ਕਾਂਗਰਸ ਦਾ ਸਫ਼ਾਇਆ ਹੋ ਗਿਆ ਹੈ। ਕਾਂਗਰਸ ਸਿਰਫ਼ 18 ਸੀਟਾਂ ਹੀ ਜਿੱਤਣ 'ਚ ਕਾਮਯਾਬ ਰਹੀ, ਜਦਕਿ ਅਕਾਲੀ -ਬਸਪਾ ਗਠਜੋੜ ਨੂੰ 4 ਸੀਟਾਂ ਅਤੇ ਭਾਜਪਾ ਨੂੰ  2 ਸੀਟਾਂ ਮਿਲੀਆਂ ਹਨ। ਇਸ ਦੇ ਇਲਾਵਾ 1 ਸੀਟ ਆਜ਼ਾਦ ਦੇ ਹਿੱਸੇ ਆਈ ਹੈ।