ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦਾ ਮਾਨਸੂਨ ਇਜਲਾਸ ਅੱਜ ਯਾਨੀ ਸ਼ੁੱਕਰਵਾਰ ਤੋਂ ਸ਼ੁਰੂ ਹੋ ਰਿਹਾ ਹੈ। ਬੇਸ਼ੱਕ ਇਜਲਾਸ ਪੰਜ ਦਿਨ ਲੰਮਾ ਹੈ ਪਰ ਇਸ ਵਿੱਚ ਕੰਮਕਾਜ ਵਾਲੇ ਦਿਨ ਦੋ ਹੀ ਰਹਿਣਗੇ। ਮੀਹਾਂ ਦੀ ਰੁੱਤੇ ਖ਼ੁਸ਼ਗਵਾਰ ਮੌਸਮ ਵਿੱਚ ਸੀਬੀਆਈ ਵੱਲੋਂ ਬਰਗਾੜੀ ਬੇਅਦਬੀ ਕੇਸ ਬੰਦ ਕਰਨ ਦੀ ਰਿਪੋਰਟ ਸਮੇਤ ਹੋਰਨਾਂ ਮੁੱਦਿਆਂ 'ਤੇ ਹਾਕਮ ਤੇ ਵਿਰੋਧੀ ਧਿਰਾਂ ਦਰਮਿਆਨ ਤਲਖ਼ੀ ਸਿਆਸੀ ਪਾਰਾ ਚਾੜ੍ਹ ਸਕਦੀ ਹੈ।

ਵਿਧਾਨ ਸਭਾ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨੇ ਭਾਵੇਂ ਸੂਬੇ ਦੇ ਭਖਦੇ ਮੁੱਦਿਆਂ ’ਤੇ ਸਰਕਾਰ ਨੂੰ ਘੇਰਨ ਦਾ ਐਲਾਨ ਕੀਤਾ ਹੈ, ਪਰ ਕਲੋਜ਼ਰ ਰਿਪੋਰਟ ਦਾ ਮੁੱਦਾ ਮੌਨਸੂਨ ਦੇ ਇਸ ਸੰਖੇਪ ਜਿਹੰ ਸੈਸ਼ਨ ਦੌਰਾਨ ਸਭ ਤੋਂ ਭਖ਼ਵਾਂ ਰਹਿਣ ਦੇ ਆਸਾਰ ਹਨ। ਉਂਝ ਵੀ ਇਸ ਮੁੱਦੇ ’ਤੇ ਕਾਂਗਰਸ ਅਤੇ ਅਕਾਲੀ ਦਲ ਵੱਲੋਂ ਇੱਕ ਦੂਜੇ ’ਤੇ ਦੂਸ਼ਣਬਾਜ਼ੀ ਜਾਰੀ ਹੈ।

ਸੱਤਾਧਾਰੀ ਕਾਂਗਰਸ ਵੀ ਇਸ ਮੁੱਦੇ ’ਤੇ ਫਸੀ ਮਹਿਸੂਸ ਕਰ ਰਹੀ ਹੈ ਕਿਉਂਕਿ ਸਰਕਾਰ ਨੇ ਬੇਅਦਬੀ ਕਾਂਡ ਦੀ ਜਾਂਚ ਸੀਬੀਆਈ ਤੋਂ ਵਾਪਸ ਲੈਣ ਦਾ ਐਲਾਨ ਤਾਂ ਕਰ ਦਿੱਤਾ, ਪਰ ਇਸ ਨੂੰ ਅਮਲੀ ਜਾਮਾ ਨਹੀਂ ਪਹਿਨਾ ਸਕੀ। ਇਸੇ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ‘ਕਲੋਜ਼ਰ ਰਿਪੋਰਟ’ ਦੇ ਮਾਮਲੇ ’ਤੇ ਸੀਬੀਆਈ ਵਿਰੁੱਧ ਸਖ਼ਤ ਬਿਆਨਬਾਜ਼ੀ ਸ਼ੁਰੂ ਕਰ ਦਿੱਤੀ ਹੈ।

ਸ਼੍ਰੋਮਣੀ ਅਕਾਲੀ ਦਲ ਅਤੇ ‘ਆਪ’ ਵੱਲੋਂ ਵਿਧਾਨ ਸਭਾ ਸੈਸ਼ਨ ਦੀਆਂ ਬੈਠਕਾਂ ਵਧਾਉਣ ਦੀ ਮੰਗ ਵੀ ਕੀਤੀ ਗਈ ਹੈ ਤੇ ਸਦਨ ਦੀ ਕਾਰਜ ਸਲਾਹਕਾਰ ਕਮੇਟੀ ਵਿੱਚ ਇਹ ਮੁੱਦਾ ਉਠਾਉਣ ਦਾ ਐਲਾਨ ਕੀਤਾ ਹੈ। ਪਰ ਸਰਕਾਰੀ ਧਿਰ ਦਾ ਕਹਿਣਾ ਹੈ ਕਿ ਜ਼ਿਆਦਾ ਕੰਮਕਾਜ ਨਾ ਹੋਣ ਕਾਰਨ ਸੈਸ਼ਨ ਦੀਆਂ ਬੈਠਕਾਂ ਵਧਣ ਦੇ ਕੋਈ ਆਸਾਰ ਨਹੀਂ ਹਨ।

ਅੱਜ ਸਦਨ ਵਿੱਚ ਵਿੱਛੜੀਆਂ ਹਸਤੀਆਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਜਾਣਗੀਆਂ ਅਤੇ ਦੋ ਛੁੱਟੀਆਂ ਤੋਂ ਬਾਅਦ ਸਦਨ ਸੋਮਵਾਰ ਨੂੰ ਜੁੜੇਗਾ। ਇਸ ਤਰ੍ਹਾਂ ਨਾਲ ਦੋ ਦਿਨਾਂ ਦੌਰਾਨ ਹੀ ਸਿਆਸੀ ਪਾਰਟੀਆਂ ਦਰਮਿਆਨ ਤਿੱਖੀ ਨੋਕ-ਝੋਕ ਹੋਣ ਦੀ ਸੰਭਾਵਨਾ ਹੈ।