Punjab News: ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਆਪਣੀ ਮੁਹਿੰਮ ਦੌਰਾਨ ਪੰਜਾਬ ਦੇ ਭੂਮੀ ਰਿਕਾਰਡ ਵਿਭਾਗ ਦੇ ਡਾਇਰੈਕਟਰ ਦੇ ਦਫ਼ਤਰ ਵਿੱਚ ਤਾਇਨਾਤ ਇੱਕ ਠੇਕਾ ਅਧਾਰਤ ਕਰਮਚਾਰੀ ਪਰਵੇਸ਼ ਨੂੰ ਗ੍ਰਿਫਤਾਰ ਕੀਤਾ ਹੈ।

Continues below advertisement

ਉਸ ਨੇ ਇੱਕ ਸ਼ਿਕਾਇਤਕਰਤਾ ਤੋਂ ਜ਼ਮੀਨੀ ਰਿਕਾਰਡ ਮੁਹੱਈਆ ਕਰਵਾਉਣ ਦੇ ਬਦਲੇ 4000 ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਸੀ। ਰਾਜ ਵਿਜੀਲੈਂਸ ਬਿਊਰੋ ਦੇ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਦੋਸ਼ੀ ਨੂੰ ਪਿੰਡ ਚੋਕਰਾ, ਤਹਿਸੀਲ ਦਸੂਹਾ, ਜ਼ਿਲ੍ਹਾ ਐਸਬੀਐਸ ਨਗਰ ਦੇ ਇੱਕ ਨਿਵਾਸੀ ਵਲੋਂ ਦਰਜ ਕੀਤੀ ਗਈ ਸ਼ਿਕਾਇਤ ਦੇ ਆਧਾਰ 'ਤੇ ਗ੍ਰਿਫ਼ਤਾਰ ਕੀਤਾ ਗਿਆ ਹੈ।

Continues below advertisement

ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸਦੀ ਪਤਨੀ ਨੇ ਦਸੂਹਾ ਅਦਾਲਤ ਵਿੱਚ ਇੱਕ ਸਿਵਲ ਮੁਕੱਦਮਾ ਦਾਇਰ ਕੀਤਾ ਸੀ, ਜਿਸ ਵਿੱਚ 12 ਏਕੜ ਜੱਦੀ ਜ਼ਮੀਨ ਵਿੱਚ ਆਪਣਾ ਕਾਨੂੰਨੀ ਹਿੱਸਾ ਮੰਗਿਆ ਗਿਆ ਸੀ। ਇਸ ਸਬੰਧੀ ਜ਼ਮੀਨ ਦੀ ਮਾਲਕੀ ਸਾਬਤ ਕਰਨ ਲਈ ਜਮ੍ਹਾਂਬੰਦੀ, ਜ਼ਮੀਨ ਦੀ ਅਲਾਟਮੈਂਟ ਅਤੇ ਜ਼ਮਾਨ ਰਿਕਾਰਡ ਦੀਆਂ ਪ੍ਰਮਾਣਿਤ ਕਾਪੀਆਂ ਦੀ ਲੋੜ ਸੀ।

ਉਨ੍ਹਾਂ ਨੇ ਅੱਗੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਆਪਣੇ ਜ਼ਮੀਨੀ ਰਿਕਾਰਡ ਪ੍ਰਾਪਤ ਕਰਨ ਲਈ ਡਾਇਰੈਕਟਰ ਆਫ਼ ਲੈਂਡ ਰਿਕਾਰਡ, ਪੰਜਾਬ ਦੇ ਜਲੰਧਰ ਦਫ਼ਤਰ ਵਿੱਚ ਅਰਜ਼ੀ ਦਿੱਤੀ ਸੀ। ਵਾਰ-ਵਾਰ ਜਾਣ ਦੇ ਬਾਵਜੂਦ, ਜ਼ਰੂਰੀ ਰਿਕਾਰਡ ਪ੍ਰਦਾਨ ਨਹੀਂ ਕੀਤੇ ਗਏ।

ਇਸ ਪ੍ਰਕਿਰਿਆ ਦੌਰਾਨ, ਦੋਸ਼ੀ, ਪਰਵੇਸ਼, ਸ਼ਿਕਾਇਤਕਰਤਾ ਕੋਲ ਪਹੁੰਚਿਆ ਅਤੇ ਦਾਅਵਾ ਕੀਤਾ ਕਿ ਉਹ ਜ਼ਰੂਰੀ ਰਿਕਾਰਡ ਪ੍ਰਦਾਨ ਕਰੇਗਾ ਅਤੇ ਉਨ੍ਹਾਂ ਦਾ ਉਰਦੂ ਤੋਂ ਪੰਜਾਬੀ ਵਿੱਚ ਅਨੁਵਾਦ ਕਰੇਗਾ। ਉਸ ਨੇ ਕੁੱਲ 22,000 ਰੁਪਏ ਦੀ ਮੰਗ ਕੀਤੀ, ਜਿਸ ਵਿੱਚ ਰਿਕਾਰਡ ਪ੍ਰਦਾਨ ਕਰਨ ਲਈ 10,000 ਰੁਪਏ ਅਤੇ ਅਨੁਵਾਦ ਦੇ ਕੰਮ ਲਈ 12,000 ਰੁਪਏ ਸ਼ਾਮਲ ਹਨ।

ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸਨੇ ਪਹਿਲਾਂ ਦੋਸ਼ੀ ਪਰਵੇਸ਼ ਨੂੰ ਗੂਗਲ ਪੇਅ ਅਤੇ ਨਕਦੀ ਸਮੇਤ ਵੱਖ-ਵੱਖ ਤਰੀਕਿਆਂ ਰਾਹੀਂ ₹18,000 ਦੀ ਰਕਮ ਅਦਾ ਕੀਤੀ ਸੀ। ਉਸਨੇ ਅੱਗੇ ਦੱਸਿਆ ਕਿ ਪਰਵੇਸ਼ ਨੇ ₹4,000 ਦੀ ਵਾਧੂ ਮੰਗ ਕੀਤੀ। ਬੁਲਾਰੇ ਨੇ ਅੱਗੇ ਦੱਸਿਆ ਕਿ ਉਸਦੀ ਸ਼ਿਕਾਇਤ ਦੀ ਮੁੱਢਲੀ ਜਾਂਚ ਤੋਂ ਬਾਅਦ, ਵਿਜੀਲੈਂਸ ਬਿਊਰੋ ਦੀ ਟੀਮ ਨੇ ਜਾਲ ਵਿਛਾਇਆ ਅਤੇ ਦੋ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿੱਚ ਸ਼ਿਕਾਇਤਕਰਤਾ ਤੋਂ ₹4,000 ਦੀ ਰਿਸ਼ਵਤ ਲੈਂਦੇ ਹੋਏ ਦੋਸ਼ੀ ਨੂੰ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ।