ਨਵਾਂ ਸ਼ਹਿਰ/ਚੰਡੀਗੜ੍ਹ: ਪੰਜਾਬ ਵਿਜੀਲੈਂਸ ਬਿਊਰੋ ਨੇ ਕਜਲਾ ਬਹੁਮੰਤਵੀ ਸਹਿਕਾਰੀ ਸਭਾ ਲਿਮਟਿਡ ਕਜਲਾ, ਸ਼ਹੀਦ ਭਗਤ ਸਿੰਘ ਨਗਰ ’ਚ ਹੋਏ ਬਹੁ-ਕਰੋੜੀ ਘਪਲੇ ਦਾ ਪਰਦਾਫਾਸ਼ ਕੀਤਾ ਹੈ। ਵਿਜੀਲੈਂਸ ਬਿਊਰੋ ਨੇ ਉਕਤ ਸਭਾ ਵਿਚ ਘਪਲਾ ਕਰਨ ਲਈ ਜ਼ਿੰਮੇਵਾਰ ਸੱਤ ਦੋਸ਼ੀਆਂ ਖਿਲਾਫ਼ ਮੁਕੱਦਮਾ ਦਰਜ ਕੀਤਾ ਹੈ, ਜਿਸ ’ਚੋਂ ਤਿੰਨ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੂਬਾ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਬਿਊਰੋ ਵੱਲੋਂ ਜਾਂਚ ਦੌਰਾਨ ਉਕਤ ਕੋਆਪ੍ਰੇਟਿਵ ਸੋਸਾਇਟੀ ਦੇ ਅਧਿਕਾਰੀਆਂ/ਕਰਮਚਾਰੀਆਂ ਵੱਲੋਂ ਮਿਲੀਭੁਗਤ ਕਰਕੇ 4,24,02,561 ਰੁਪਏ ਦਾ ਗਬਨ ਸਾਹਮਣੇ ਆਇਆ ਹੈ।


ਇਸ ਸਬੰਧੀ ਬਿਊਰੋ ਵੱਲੋਂ ਸਾਬਕਾ ਸਕੱਤਰ ਪ੍ਰੇਮ ਸਿੰਘ, ਸਕੱਤਰ ਮੁਅੱਤਲੀ ਅਧੀਨ ਭੁਪਿੰਦਰ ਸਿੰਘ, ਸਾਬਕਾ ਪ੍ਰਧਾਨ ਜਸਵਿੰਦਰ ਸਿੰਘ, ਹਰਵੇਲ ਸਿੰਘ ਮੀਤ ਪ੍ਰਧਾਨ, ਹਰਜੀਤ ਸਿੰਘ ਸਾਬਕਾ ਮੈਂਬਰ, ਬਲਕਾਰ ਸਿੰਘ ਸਾਬਕਾ ਮੈਂਬਰ (ਸਾਰੇ ਵਾਸੀ ਪਿੰਡ ਕਜਲਾ) ਅਤੇ ਰਾਮ ਪਾਲ ਸਾਬਕਾ ਮੈਂਬਰ ਵਾਸੀ ਪੱਦੀ ਮੱਟਵਾਲੀ ਖਿਲਾਫ਼ ਮੁਕੱਦਮਾ ਨੰਬਰ 16 ਮਿਤੀ 05.09.2022 ਅ/ਧ 408, 420, 465, 467, 468, 477-ਏ, 120-ਬੀ-ਆਈ. ਪੀ. ਸੀ. ਅਤੇ 13(1)ਏ, 13(2) ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਥਾਣਾ ਵਿਜੀਲੈਂਸ ਬਿਊਰੋ, ਰੇਂਜ ਜਲੰਧਰ ਵਿਖੇ ਦਰਜ ਕੀਤਾ ਗਿਆ ਹੈ।


ਇਨ੍ਹਾਂ ’ਚੋਂ ਤਿੰਨ ਦੋਸ਼ੀ ਪ੍ਰੇਮ ਸਿੰਘ, ਭੁਪਿੰਦਰ ਸਿੰਘ ਅਤੇ ਹਰਜੀਤ ਸਿੰਘ ਨੂੰ ਅੱਜ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਕਜਲਾ ਬਹੁਮੰਤਵੀ ਕੋਆਪ੍ਰੇਟਿਵ ਸੋਸਾਇਟੀ ਪਿੰਡ ਕਜਲਾ ’ਚ ਤਕਰੀਬਨ 1220 ਖਾਤਾਧਾਰਕ/ਮੈਂਬਰ ਹਨ, ਉਕਤ ਸਭਾ ਕੋਲ  2 ਟਰੈਕਟਰ ਵੱਡੀ ਮਾਤਰਾ ’ਚ ਵਾਹੀਯੋਗ ਜ਼ਮੀਨ ਨਾਲ ਸਬੰਧਿਤ ਖੇਤੀਬਾੜੀ ਦੇ ਸੰਦ ਹਨ। ਇਸ ਤੋਂ ਇਲਾਵਾ ਉਕਤ ਸੁਸਾਇਟੀ ਵੱਲੋਂ ਖਾਦਾਂ ਅਤੇ ਕੀਟਨਾਸ਼ਕ ਦਵਾਈਆਂ ਆਦਿ ਵੀ ਕਿਸਾਨਾਂ ਨੂੰ ਵੇਚੀਆਂ ਜਾਂਦੀਆਂ ਹਨ। ਉਕਤ ਸੁਸਾਇਟੀ ’ਚ ਕੁਲ 2 ਕਰਮਚਾਰੀ ਵੱਖ-ਵੱਖ ਜਗ੍ਹਾ ਕੰਮ ਕਰ ਰਹੇ ਹਨ ਅਤੇ ਇਨ੍ਹਾਂ ਕਰਮਚਾਰੀਆਂ ਨੂੰ ਉਕਤ ਸਭਾ ਵੱਲੋਂ ਹੀ ਤਨਖਾਹ ਦਿੱਤੀ ਜਾਂਦੀ ਹੈ।


ਪਿੰਡ ਦੇ ਲੋਕਾਂ ਵੱਲੋਂ ਉਕਤ ਸਭਾ ’ਚ ਕਰੋੜਾਂ ਰੁਪਿਆਂ ਦੀਆਂ ਐੱਫ. ਡੀ. ਆਰਜ਼ ਕਰਵਾਈਆਂ ਗਈਆਂ ਹਨ। ਬੁਲਾਰੇ ਨੇ ਦੱਸਿਆ ਕਿ ਵਿਜੀਲੈਂਸ ਦੀ ਤਕਨੀਕੀ ਟੀਮ ਵੱਲੋਂ ਉਕਤ ਸੁਸਾਇਟੀ ਦੀ ਅਚਨਚੇਤ ਚੈਕਿੰਗ ਕੀਤੀ ਗਈ ਅਤੇ ਟੀਮ ਵੱਲੋਂ ਤਿਆਰ ਕੀਤੀ ਗਈ ਰਿਪੋਰਟ ਮੁਤਾਬਿਕ ਉਕਤ ਸਭਾ ’ਚ ਸਾਲ 2012-13 ਤੋਂ ਲੈ ਕੇ ਸਾਲ 2017-18 ਤੱਕ ਸਭਾ ਦੇ ਮੈਂਬਰਾਂ ਵੱਲੋਂ ਲਏ ਕਰਜ਼ੇ ਅਤੇ ਮੈਂਬਰਾਂ ਦੀਆਂ ਅਮਾਨਤਾਂ ’ਚ 4,24,02,561 ਰੁਪਏ ਦਾ ਗਬਨ ਹੋਣਾ ਪਾਇਆ ਗਿਆ। ਉਨ੍ਹਾਂ ਦੱਸਿਆ ਕਿ ਇਸ ਘਪਲੇ ’ਚ ਸ਼ਾਮਲ ਹੋਰ ਅਧਿਕਾਰੀਆਂ/ਕਰਮਚਾਰੀਆਂ ਦੀ ਭੂਮਿਕਾ ਨੂੰ ਮੁਕੱਦਮੇ ਦੀ ਤਫਤੀਸ਼ ਦੌਰਾਨ ਵਿਚਾਰਿਆ ਜਾਵੇਗਾ ਅਤੇ ਇਸ ਮੁਕੱਦਮੇ ਦੀ ਹੋਰ ਤਫ਼ਤੀਸ਼ ਜਾਰੀ ਹੈ।