ਫ਼ਤਹਿਗੜ੍ਹ ਸਾਹਿਬ : ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਪਿੰਡ ਕੋਟਲਾ ਸੁਲੇਮਾਨ, ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਸਾਬਕਾ ਸਰਪੰਚ ਤਰਲੋਚਨ ਸਿੰਘ, ਅਧਿਕਾਰਤ ਪੰਚ ਰਣਜੋਧ ਸਿੰਘ, ਬੀਡੀਪੀਓ ਦਫ਼ਤਰ ਫਤਹਿਗਡ਼੍ਹ ਸਾਹਿਬ ਦੇ ਦੋ ਜੂਨੀਅਰ ਇੰਜਨੀਅਰ ਲਲਿਤ ਗੋਇਲ ਜੂਨੀਅਰ ਇੰਜੀਨੀਅਰ ਅਤੇ ਲੁਕੇਸ਼ ਥੰਮ੍ਹਣ ਸਮੇਤ ਪੰਚਾਇਤ ਸਕੱਤਰ ਪਵਿੱਤਰ ਸਿੰਘ ਨੂੰ ਗ੍ਰਾਮ ਪੰਚਾਇਤ ਦੇ ਫੰਡਾਂ ਵਿੱਚ 20.67 ਲੱਖ ਰੁਪਏ ਦਾ ਘਪਲਾ ਕਰਨ ਅਤੇ ਪੰਚਾਇਤ ਦੀ 2.86 ਕਰੋੜ ਰੁਪਏ ਦੇ ਹਿਸਾਬ ਵਾਲੀ ਮਾਪ ਪੁਸਤਕ ਖੁਰਦ-ਬੁਰਦ ਕਰਨ ਬਦਲੇ ਵੱਖ-ਵੱਖ ਫੌਜਦਾਰੀ ਧਾਰਾਵਾਂ ਹੇਠ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।

 

ਇੱਥੇ ਇਹ ਜਾਣਕਾਰੀ ਦਿੰਦੇ ਹੋਏ ਪੰਜਾਬ ਵਿਜੀਲੈਂਸ ਬਿਊਰੋ ਦੇ ਇਕ ਬੁਲਾਰੇ ਨੇ ਦੱਸਿਆ ਕਿ ਉਕਤ ਦੋਸ਼ੀਆਂ ਖਿਲਾਫ ਖ਼ਿਲਾਫ਼ ਵਿਜੀਲੈਂਸ ਬਿਉਰੋ ਦੇ ਥਾਣਾ ਪਟਿਆਲਾ ਵਿਖੇ ਆਈ.ਪੀ.ਸੀ ਦੀ ਧਾਰਾ 409, 201, 120-B ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 13 (1)ਏ ਤੇ 13(2) ਤਹਿਤ ਅੱਜ ਮਿਤੀ 25-05-2022 ਨੂੰ ਮੁਕੱਦਮਾ ਨੰਬਰ 10 ਦਰਜ ਕਰਕੇ ਮੁਲਜਮਾਂ ਦੀ ਗ੍ਰਿਫਤਾਰੀ ਲਈ ਟੀਮਾਂ ਗਠਿਤ ਕਰ ਦਿੱਤੀਆਂ ਹਨ। ਵਿਜੀਲੈਂਸ ਬਿਊਰੋ ਫ਼ਤਹਿਗੜ੍ਹ ਸਾਹਿਬ ਦੇ ਇੰਚਾਰਜ ਇੰਸਪੈਕਟਰ ਪ੍ਰਿਤਪਾਲ ਸਿੰਘ ਸੰਧੂ ਨੇ ਦੱਸਿਆ ਕਿ ਇਸ ਮਾਮਲੇ ਵਿਚ ਪਵਿੱਤਰ ਸਿੰਘ ਪੰਚਾਇਤ ਸੈਕਟਰੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ,ਜਦੋਂ ਕਿ ਬਾਕੀਆਂ ਦੀ ਭਾਲ ਜਾਰੀ ਹੈ। 

 


ਦੱਸ ਦੇਈਏ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਰਿਸ਼ਵਤ , ਭ੍ਰਿਸ਼ਟਾਚਾਰ ਖ਼ਤਮ ਕਰਨ ਲਈ ਜ਼ੋਰ ਲਾਇਆ ਜਾ ਰਿਹਾ ਹੈ। ਜਿਸ ਸਬੰਧੀ ਵਟਸਐਪ ਨੰਬਰ ਵੀ ਜਾਰੀ ਕੀਤਾ ਗਿਆ ਹੈ। ਹੈਲਪਲਾਈਨ ਬਾਰੇ ਜਾਣਕਾਰੀ ਦਿੰਦਿਆਂ ਮਾਨ ਨੇ ਦਸਿਆ ਕਿ ਇਸ ਹੈਲਪਲਾਈਨ ਦੀਆਂ ਸ਼ਿਕਾਇਤਾਂ ਸਿੱਧਾ ਸੀਐਮ ਤੱਕ ਪਹੁੰਚਣਗੀਆਂ। ਇਸ ਦੇ ਨਾਲ ਮਾਨ ਨੇ ਕਿਹਾ ਕਿ ਪੰਜਾਬ ਦੇ ਲੋਕ ਵਟ੍ਹਸਐਪ `ਤੇ ਵੀ ਸ਼ਿਕਾਇਤ ਭੇਜ ਸਕਣਗੇ।


ਉੱਧਰ ਸੀਐਮ ਨੇ ਇਹ ਵੀ ਕਿਹਾ ਕਿ ਹੁਣ ਪੰਜਾਬ `ਚ ਗ਼ੁੰਡਾਗਰਦੀ ਵੀ ਖ਼ਤਮ ਹੋਵੇਗੀ। ਇਸ ਦੇ ਨਾਲ ਹਫ਼ਤਾ ਵਸੂਲੀ ਦਾ ਸਿਸਟਮ ਪੂਰੀ ਤਰ੍ਹਾਂ ਖ਼ਤਮ ਕਰ ਦਿਤਾ ਜਾਵੇਗਾ। ਜੇ ਕੋਰੀ ਵੀ ਅਫ਼ਸਰ ਕਿਸੇ ਵੀ ਆਮ ਆਦਮੀ ਤੋਂ ਹਫ਼ਤਾ ਵਸੂਲੀ ਕਰਦਾ ਦੇਖਿਆ ਗਿਆ। ਉਸ ਵਿਰੁੱਧ ਤੁਰੰਤ ਕਾਰਵਾਈ ਕੀਤੀ ਜਾਵੇਗੀ। ਸੀਐਮ ਮਾਨ ਨੇ ਕਿਹਾ ਕਿ 99% ਲੋਕ ਇਮਾਨਦਾਰ ਹਨ ਪਰ ਜਿਹੜੇ 1 % ਲੋਕ ਬੇਇਮਾਨ ਹਨ, ਉਨ੍ਹਾਂ ਦੀ ਵਜ੍ਹਾ ਕਰਕੇ ਪੰਜਾਬ ਦਾ ਸਿਸਟਮ ਖ਼ਰਾਬ ਨਹੀਂ ਹੋਣ ਦਿਤਾ ਜਾਵੇਗਾ।