Punjab Weather Update: ਪੰਜਾਬ ਵਿੱਚ ਗਰਮੀ ਦਾ ਕਹਿਰ ਜਾਰੀ ਹੈ। ਤਾਜ਼ਾ ਹਾਲਾਤ ਨੂੰ ਵੇਖਦਿਆਂ ਮੌਸਮ ਵਿਭਾਗ ਨੇ ਪੰਜਾਬ ਦੇ ਨਾਲ-ਨਾਲ ਉੱਤਰੀ ਭਾਰਤ ਦੇ ਕਈ ਰਾਜਾਂ ਵਿੱਚ ਰੈੱਡ ਅਲਰਟ ਜਾਰੀ ਕਰ ਦਿੱਤਾ ਹੈ। ਮੌਸਮ ਵਿਭਾਗ ਮੁਤਾਬਕ ਇਹ ਤਾਂ ਸ਼ੁਰੂਆਤ ਹੈ। 25 ਮਈ ਤੋਂ ਨੌਤਪਾ ਸ਼ੁਰੂ ਹੋ ਰਿਹਾ ਹੈ। ਇਸ ਦੌਰਾਨ ਸੂਰਜ ਹੋਰ ਅੱਗ ਉਗਲੇਗਾ।
ਮੌਸਮ ਵਿਭਾਗ ਦਾ ਅਨੁਮਾਨ ਹੈ ਕਿ ਇਸ ਸਾਲ ਗਰਮੀ ਪਿਛਲੇ ਸਾਰੇ ਰਿਕਾਰਡ ਤੋੜਨ ਵਾਲੀ ਹੈ। ਮੌਜੂਦਾ ਹਾਲਾਤ ਦੀ ਗੱਲ ਕਰੀਏ ਤਾਂ ਐਤਵਾਰ ਸ਼ਾਮ ਨੂੰ ਪੰਜਾਬ ਦੇ ਬਠਿੰਡਾ ਦਾ ਤਾਪਮਾਨ 46.3 ਡਿਗਰੀ ਦਰਜ ਕੀਤਾ ਗਿਆ। ਬਠਿੰਡਾ ਵਿੱਚ ਇੱਕੋ ਹੀ ਦਿਨ ਪਾਰੇ ਵਿੱਚ 7 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ, ਜੋ ਹੈਰਾਨੀਜਨਕ ਹੈ। ਇਸ ਦੇ ਨਾਲ ਹੀ ਪਠਾਨਕੋਟ ਦਾ ਤਾਪਮਾਨ 45.5 ਡਿਗਰੀ, ਪਟਿਆਲਾ ਦਾ 45 ਤੇ ਲੁਧਿਆਣਾ ਦਾ 44.2 ਡਿਗਰੀ ਦਰਜ ਕੀਤਾ ਗਿਆ।
ਮੌਸਮ ਵਿਭਾਗ ਨੇ ਪੰਜਾਬ ਦੇ ਫਾਜ਼ਿਲਕਾ, ਮੁਕਤਸਰ, ਬਠਿੰਡਾ ਤੇ ਮਾਨਸਾ ਵਿੱਚ ਰੈੱਡ ਅਲਰਟ ਜਾਰੀ ਕੀਤਾ ਹੈ। ਬਾਕੀ ਸਾਰੇ ਜ਼ਿਲ੍ਹਿਆਂ ਵਿੱਚ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਮੰਗਲਵਾਰ ਨੂੰ ਪੰਜਾਬ ਦੇ 10 ਜ਼ਿਲ੍ਹਿਆਂ ਅੰਮ੍ਰਿਤਸਰ, ਤਰਨ ਤਾਰਨ, ਫ਼ਿਰੋਜ਼ਪੁਰ, ਫ਼ਾਜ਼ਿਲਕਾ, ਫ਼ਰੀਦਕੋਟ, ਮੋਗਾ, ਬਠਿੰਡਾ, ਬਰਨਾਲਾ ਤੇ ਮਾਨਸਾ ਵਿੱਚ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ।
ਹਾਸਲ ਜਾਣਕਾਰੀ ਮੁਤਾਬਕ ਪੰਜਾਬ ਵਿੱਚ ਵੱਧ ਤੋਂ ਵੱਧ ਤਾਪਮਾਨ 21 ਮਈ 1978 ਨੂੰ ਦਰਜ ਕੀਤਾ ਗਿਆ ਸੀ। ਉਸ ਸਮੇਂ ਅੰਮ੍ਰਿਤਸਰ ਦਾ ਤਾਪਮਾਨ 47.7 ਡਿਗਰੀ ਤੱਕ ਪਹੁੰਚ ਗਿਆ ਸੀ। ਉਸ ਦਿਨ ਪੰਜਾਬ ਵਿੱਚ ਸਭ ਤੋਂ ਵੱਧ ਗਰਮੀ ਦਾ ਰਿਕਾਰਡ ਬਣਿਆ ਸੀ ਜੋ ਹੁਣ ਤੱਕ ਕਾਇਮ ਹੈ। ਉਧਰ, 25 ਮਈ ਤੋਂ ਨੌਤਪਾ ਸ਼ੁਰੂ ਹੋ ਰਿਹਾ ਹੈ। ਮੌਸਮ ਵਿਭਾਗ ਨੇ ਇਸੇ ਦਿਨ ਅੰਮ੍ਰਿਤਸਰ ਵਿੱਚ ਵੱਧ ਤੋਂ ਵੱਧ ਤਾਪਮਾਨ 48 ਡਿਗਰੀ ਦੇ ਆਸਪਾਸ ਰਹਿਣ ਦੀ ਭਵਿੱਖਬਾਣੀ ਕੀਤੀ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਸੂਬੇ ਦਾ ਸਭ ਤੋਂ ਵੱਧ ਗਰਮੀ ਦਾ 46 ਸਾਲ ਪੁਰਾਣਾ ਰਿਕਾਰਡ ਟੁੱਟ ਜਾਵੇਗਾ।
ਦਰਅਸਲ ਭਾਰਤ ਵਿੱਚ ਨੌਤਪਾ ਇਸ ਸਾਲ 25 ਮਈ ਤੋਂ ਸ਼ੁਰੂ ਹੋ ਰਿਹਾ ਹੈ। ਇਹ ਉਹ ਦਿਨ ਹਨ ਜਦੋਂ ਸੂਰਜ ਧਰਤੀ ਦੇ ਸਭ ਤੋਂ ਨੇੜੇ ਹੋਵੇਗਾ ਤੇ ਅੱਗ ਉਗਲਣਾ ਸ਼ੁਰੂ ਕਰ ਦੇਵੇਗਾ। ਇਨ੍ਹਾਂ ਦਿਨਾਂ 'ਚ ਤਾਪਮਾਨ 'ਚ ਲਗਾਤਾਰ ਵਾਧਾ ਹੋਵੇਗਾ। ਨੌਤਪਾ 25 ਮਈ ਤੋਂ ਸ਼ੁਰੂ ਹੋਵੇਗਾ ਤੇ ਇਸ ਦਾ ਪ੍ਰਭਾਵ 2 ਜੂਨ ਤੱਕ ਰਹੇਗਾ। ਇਹ 9 ਦਿਨ ਸਭ ਤੋਂ ਗਰਮ ਰਹਿਣਗੇ। ਦੱਸ ਦਈਏ ਕਿ ਨੌਤਪਾ ਦੀ ਸ਼ੁਰੂਆਤ ਜੇਠ ਮਹੀਨੇ ਦੀ ਸ਼ੁਰੂਆਤ 'ਚ ਹੁੰਦੀ ਹੈ। ਹਾਲਾਂਕਿ ਨੌਤਪਾ 15 ਦਿਨਾਂ ਤੱਕ ਰਹਿੰਦਾ ਹੈ, ਪਰ ਪਹਿਲੇ 9 ਦਿਨ ਸਭ ਤੋਂ ਗਰਮ ਹੁੰਦੇ ਹਨ। ਇਸ ਕਾਰਨ ਇਸ ਨੂੰ ਨੌਤਪਾ ਕਿਹਾ ਜਾਂਦਾ ਹੈ।
ਮੌਸਮ ਵਿਭਾਗ ਮੁਤਾਬਕ ਅੰਮ੍ਰਿਤਸਰ ਵਿੱਚ ਐਤਵਾਰ ਨੂੰ ਵੱਧ ਤੋਂ ਵੱਧ ਤਾਪਮਾਨ 43.9 ਡਿਗਰੀ ਦਰਜ ਕੀਤਾ ਗਿਆ। ਅੱਜ ਤਾਪਮਾਨ 44 ਡਿਗਰੀ ਨੂੰ ਪਾਰ ਕਰਨ ਦੀ ਸੰਭਾਵਨਾ ਹੈ। ਜਲੰਧਰ ਵਿੱਚ ਬੀਤੇ ਦਿਨ ਸ਼ਹਿਰ ਦਾ ਤਾਪਮਾਨ 43.1 ਡਿਗਰੀ ਦਰਜ ਕੀਤਾ ਗਿਆ। ਅੱਜ ਤਾਪਮਾਨ 44 ਡਿਗਰੀ ਦੇ ਆਸਪਾਸ ਰਹਿਣ ਦਾ ਅਨੁਮਾਨ ਹੈ। ਲੁਧਿਆਣਾ ਵਿੱਚ ਬੀਤੇ ਦਿਨ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 44.2 ਡਿਗਰੀ ਦਰਜ ਕੀਤਾ ਗਿਆ। ਅੱਜ ਤਾਪਮਾਨ 45 ਡਿਗਰੀ ਦੇ ਆਸਪਾਸ ਰਹਿਣ ਦਾ ਅਨੁਮਾਨ ਹੈ।
ਇਸੇ ਤਰ੍ਹਾਂ ਪਟਿਆਲਾ ਵਿੱਚ ਬੀਤੇ ਦਿਨ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 45 ਡਿਗਰੀ ਦਰਜ ਕੀਤਾ ਗਿਆ। ਅੱਜ ਵੀ ਇਹ ਤਾਪਮਾਨ ਇਸੇ ਤਰ੍ਹਾਂ ਰਹਿਣ ਦੀ ਸੰਭਾਵਨਾ ਹੈ। ਮੁਹਾਲੀ ਸ਼ਹਿਰ 'ਚ ਐਤਵਾਰ ਨੂੰ ਤਾਪਮਾਨ 43.4 ਡਿਗਰੀ ਦਰਜ ਕੀਤਾ ਗਿਆ। ਅੱਜ ਤਾਪਮਾਨ 44 ਡਿਗਰੀ ਦੇ ਆਸਪਾਸ ਰਹਿਣ ਦਾ ਅਨੁਮਾਨ ਹੈ।