ਪੰਜਾਬ 'ਚ ਮੌਸਮ ਹੌਲੀ-ਹੌਲੀ ਕਰਵਟ ਲੈ ਰਿਹਾ ਹੈ, ਹੁਣ ਸਵੇਰੇ-ਸ਼ਾਮ ਦੇ ਨਾਲ ਦਿਨ ਦੇ ਵਿੱਚ ਠੰਡ ਮਹਿਸੂਸ ਹੋ ਰਹੀ ਹੈ। ਲੋਕ ਮੋਟੇ ਕੱਪੜਿਆਂ ਦੀ ਵਰਤੋਂ ਕਰ ਰਹੇ ਹਨ। ਰਾਤਾਂ ਆਮ ਨਾਲੋਂ 2 ਡਿਗਰੀ ਠੰਡੀਆਂ ਹੋ ਗਈਆਂ ਹਨ। ਵੈਸਟਰਨ ਡਿਸਟਰਬੈਂਸ ਦੀ ਸਰਗਰਮੀ ਤੇ ਲਾ ਨੀਨਾ ਦਾ ਅਸਰ ਇਸ ਸਾਲ ਦਸੰਬਰ 'ਚ ਲੋਕਾਂ ਨੂੰ ਕਾਂਬਾ ਛੇੜੇਗਾ। ਪਿਛਲੇ ਦਿਨਾਂ ਤੋਂ ਵੈਸਟਨ ਡਿਸਟਰਬੈਂਸ ਦੇ ਸਰਗਰਮ ਹੋਣ ਕਾਰਨ ਨਵੰਬਰ ਦੀ ਸ਼ੁਰੂਆਤ ਤੋਂ ਹੀ ਤਾਪਮਾਨ ਲਗਾਤਾਰ ਘਟ ਰਿਹਾ ਹੈ, ਜਿਸ ਨਾਲ ਸਵੇਰ ਤੇ ਰਾਤ ਦੀ ਠੰਡ ਵਧ ਗਈ ਹੈ। ਇਸੇ ਕਰਕੇ ਘੱਟੋ-ਘੱਟ ਤਾਪਮਾਨ ਆਮ ਨਾਲੋਂ 2 ਡਿਗਰੀ ਤੱਕ ਘੱਟ ਦਰਜ ਹੋ ਰਿਹਾ ਹੈ।
ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਦੇ ਡਾਇਰੈਕਟਰ ਡਾ. ਸੁਰਿੰਦਰਪਾਲ ਸਿੰਘ ਦਾ ਕਹਿਣਾ ਹੈ ਕਿ 13 ਨਵੰਬਰ ਤੱਕ ਇਸ ਹਫ਼ਤੇ ਦੌਰਾਨ ਵੱਧ ਤੋਂ ਵੱਧ ਤਾਪਮਾਨ ਆਮ ਪੱਧਰ ਦੇ ਨੇੜੇ ਰਹਿਣ ਦੀ ਸੰਭਾਵਨਾ ਹੈ। ਉੱਤਰੀ ਅਤੇ ਪੂਰਬੀ ਜ਼ਿਲ੍ਹਿਆਂ ਵਿੱਚ ਤਾਪਮਾਨ 24 ਤੋਂ 26 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿਣ ਦੀ ਉਮੀਦ ਹੈ, ਜਦਕਿ ਸੂਬੇ ਦੇ ਹੋਰ ਹਿੱਸਿਆਂ ਵਿੱਚ ਇਹ 26 ਤੋਂ 28 ਡਿਗਰੀ ਸੈਲਸੀਅਸ ਦੇ ਵਿਚਕਾਰ ਰਹੇਗਾ।
ਲਾ ਨੀਨਾ ਕਰਕੇ ਵੱਧੇਗੀ ਠੰਡ
ਉੱਥੇ, ਪਠਾਨਕੋਟ, ਗੁਰਦਾਸਪੁਰ ਅਤੇ ਅੰਮ੍ਰਿਤਸਰ ਜ਼ਿਲ੍ਹਿਆਂ ਵਿੱਚ ਘੱਟੋ-ਘੱਟ ਤਾਪਮਾਨ 6 ਤੋਂ 8 ਡਿਗਰੀ ਸੈਲਸੀਅਸ ਤੱਕ ਜਾ ਸਕਦਾ ਹੈ। ਜਦੋਂ ਕਿ ਰਾਜ ਦੇ ਹੋਰ ਇਲਾਕਿਆਂ ਵਿੱਚ ਘੱਟੋ-ਘੱਟ ਤਾਪਮਾਨ 8 ਤੋਂ 10 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ। ਇਸ ਸਥਿਤੀ ਵਿੱਚ ਉੱਤਰੀ ਅਤੇ ਪੱਛਮੀ ਜ਼ਿਲ੍ਹਿਆਂ ਵਿੱਚ ਘੱਟੋ-ਘੱਟ ਤਾਪਮਾਨ ਆਮ ਤੋਂ ਘੱਟ ਰਹਿ ਸਕਦਾ ਹੈ। ਜਦੋਂ ਕਿ ਹੋਰ ਹਿੱਸਿਆਂ ਵਿੱਚ ਤਾਪਮਾਨ ਆਮ ਦੇ ਨੇੜੇ ਰਹਿਣ ਦੀ ਉਮੀਦ ਹੈ। ਇਸ ਨਾਲ ਹੀ, ਇਸ ਸਾਲ ਲਾ ਨੀਨਾ ਪ੍ਰਭਾਵ ਵੀ ਠੰਢ ਵਧਣ ਦਾ ਇੱਕ ਕਾਰਨ ਹੈ। ਇਸ ਸਾਲ ਪੰਜਾਬ ਦੇ ਤਾਪਮਾਨ ਵਿੱਚ ਗਿਰਾਵਟ ਦੇ ਪਿੱਛੇ ਇਹ ਵੱਡਾ ਕਾਰਨ ਮੰਨਿਆ ਜਾ ਰਿਹਾ ਹੈ। ਲਾ ਨੀਨਾ ਪ੍ਰਭਾਵ ਦਸੰਬਰ ਵਿੱਚ ਉੱਤਰ ਭਾਰਤ ਵਿੱਚ ਦਿਖਾਈ ਦਿੰਦਾ ਹੈ।
ਜਾਣੋ ਕੀ ਹੈ ਲਾ-ਨੀਨਾ
ਲਾ ਨੀਨਾ ਇੱਕ ਮੌਸਮੀ ਘਟਨਾ ਹੈ ਜੋ ਤਾਂ ਹੁੰਦੀ ਹੈ ਜਦੋਂ ਪ੍ਰਸ਼ਾਂਤ ਮਹਾਸਾਗਰ ਦੇ ਵਿਚਕਾਰ ਅਤੇ ਪੂਰਬੀ ਹਿੱਸੇ ਦਾ ਪਾਣੀ ਆਮ ਤੋਂ ਵੱਧ ਠੰਢਾ ਹੋ ਜਾਂਦਾ ਹੈ। ਇਹ ਠੰਢਾ ਪਾਣੀ ਸਮੁੰਦਰ ਦੀ ਸਤਹਿ ਦੇ ਹੇਠਾਂ ਤੋਂ ਉੱਤੇ ਆਉਂਦਾ ਹੈ। ਇਸ ਨਾਲ ਆਸ-ਪਾਸ ਦੇ ਇਲਾਕਿਆਂ ਦਾ ਮੌਸਮ ਬਦਲ ਜਾਂਦਾ ਹੈ।
ਸਰਲ ਭਾਸ਼ਾ ਵਿੱਚ ਸਮਝੋ ਤਾਂ ਜਦੋਂ ਸਮੁੰਦਰ ਦਾ ਪਾਣੀ ਠੰਢਾ ਹੋ ਜਾਂਦਾ ਹੈ, ਤਾਂ ਇਸ ਨਾਲ ਠੰਢੀਆਂ ਹਵਾਵਾਂ ਨਿਕਲਦੀਆਂ ਹਨ, ਜਿਸ ਨਾਲ ਉੱਥੇ ਦਾ ਮੌਸਮ ਠੰਢਾ ਹੋ ਜਾਂਦਾ ਹੈ। ਇਹ ਖਾਸ ਤੌਰ 'ਤੇ ਭਾਰਤ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਸਰਦੀ ਨੂੰ ਵਧਾ ਦਿੰਦਾ ਹੈ ਅਤੇ ਬਾਰਿਸ਼ ਦੇ ਪੈਟਰਨ ਨੂੰ ਵੀ ਪ੍ਰਭਾਵਿਤ ਕਰਦਾ ਹੈ।
ਮੌਸਮ ਵਿਸ਼ੇਸ਼ਗਿਆਨਾਂ ਦੇ ਅਨੁਸਾਰ, ਲਾ ਨੀਨਾ ਦੇ ਅਸਰ ਕਾਰਨ ਅਕਤੂਬਰ ਤੋਂ ਦਸੰਬਰ ਦੇ ਦਰਮਿਆਨ ਉੱਤਰੀ ਭਾਰਤ 'ਚ ਠੰਡ ਆਮ ਨਾਲੋਂ ਜ਼ਿਆਦਾ ਰਹਿੰਦੀ ਹੈ। ਇਸ ਨਾਲ ਪਹਾੜੀ ਇਲਾਕਿਆਂ 'ਚ ਬਰਫਬਾਰੀ ਤੇ ਮੈਦਾਨੀ ਇਲਾਕਿਆਂ 'ਚ ਠੰਡ ਦੀ ਤੀਬਰਤਾ ਵਧ ਜਾਂਦੀ ਹੈ।
ਇਸ ਸਾਲ ਵੀ ਲਾ ਨੀਨਾ ਦੀ ਸਥਿਤੀ ਦੇ ਕਾਰਨ ਉੱਤਰੀ ਭਾਰਤ ਵਿੱਚ ਦਸੰਬਰ ਮਹੀਨੇ ਦੌਰਾਨ ਠੰਡ ਵਧਣ ਅਤੇ ਸ਼ੀਤਲਹਿਰ ਚਲਣ ਦੀ ਸੰਭਾਵਨਾ ਹੈ। ਇਹ ਸਮਾਂ ਸਰਦੀਆਂ ਦੀ ਸ਼ੁਰੂਆਤ ਦਾ ਹੁੰਦਾ ਹੈ, ਜਦੋਂ ਵੈਸਟਨ ਡਿਸਟਰਬੈਂਸ ਵੀ ਸਰਗਰਮ ਰਹਿੰਦਾ ਹੈ, ਜਿਸ ਨਾਲ ਠੰਡ ਦਾ ਅਸਰ ਹੋਰ ਵਧ ਜਾਂਦਾ ਹੈ। ਇਸ ਕਰਕੇ ਪੰਜਾਬ ਸਮੇਤ ਪੂਰੇ ਉੱਤਰੀ ਭਾਰਤ 'ਚ ਦਸੰਬਰ ਮਹੀਨੇ ਦੌਰਾਨ ਠੰਡ ਜ਼ਿਆਦਾ ਮਹਿਸੂਸ ਕੀਤੀ ਜਾਂਦੀ ਹੈ।
ਪੰਜਾਬ ਦੇ ਪ੍ਰਮੁੱਖ ਸ਼ਹਿਰਾਂ ਦਾ ਹਾਲ
ਪੰਜਾਬ ਦੇ ਮੁੱਖ ਸ਼ਹਿਰਾਂ ਵਿੱਚ ਮੌਸਮ ਸਾਫ਼ ਰਹੇਗਾ ਤੇ ਧੁੱਪ ਖਿੜੀ ਰਹੇਗੀ। ਅੰਮ੍ਰਿਤਸਰ ਵਿੱਚ ਅਧਿਕਤਮ ਤਾਪਮਾਨ 26 ਡਿਗਰੀ ਸੈਲਸੀਅਸ ਅਤੇ ਨਿਊਨਤਮ 11 ਡਿਗਰੀ ਰਹੇਗਾ। ਜਲੰਧਰ ਵਿੱਚ ਅਧਿਕਤਮ ਤਾਪਮਾਨ 25 ਡਿਗਰੀ ਅਤੇ ਨਿਊਨਤਮ 11 ਡਿਗਰੀ ਰਹੇਗਾ, ਇੱਥੇ ਹਲਕੀ ਧੁੱਪ ਰਹੇਗੀ। ਲੁਧਿਆਣਾ ਦਾ ਤਾਪਮਾਨ 29 ਡਿਗਰੀ ਅਧਿਕਤਮ ਅਤੇ 12 ਡਿਗਰੀ ਨਿਊਨਤਮ ਰਹੇਗਾ ਤੇ ਧੁੱਪ ਦਿਨ ਭਰ ਰਹੇਗੀ। ਪਟਿਆਲਾ ਵਿੱਚ ਅਧਿਕਤਮ ਤਾਪਮਾਨ 28 ਡਿਗਰੀ ਅਤੇ ਨਿਊਨਤਮ 12 ਡਿਗਰੀ ਰਹੇਗਾ, ਮੌਸਮ ਸਾਫ਼ ਰਹੇਗਾ। ਮੋਹਾਲੀ ਵਿੱਚ ਵੀ ਸਾਫ਼ ਮੌਸਮ ਰਹੇਗਾ, ਜਿੱਥੇ ਅਧਿਕਤਮ ਤਾਪਮਾਨ 27 ਡਿਗਰੀ ਤੇ ਨਿਊਨਤਮ 13 ਡਿਗਰੀ ਰਹੇਗਾ। ਕੁੱਲ ਮਿਲਾ ਕੇ ਸਾਰੇ ਇਲਾਕਿਆਂ 'ਚ ਮੌਸਮ ਸੁਹਾਵਣਾ ਤੇ ਠੰਡਾ ਰਹੇਗਾ।