Punjab Weather: ਪੰਜਾਬ ਵਿੱਚ ਠੰਢ ਤੇ ਧੁੰਦ ਦਾ ਕਹਿਰ ਜਾਰੀ ਹੈ। ਵੀਰਵਾਰ ਨੂੰ ਹੋਈ ਬੂੰਦਾਂਬਾਂਦੀ ਨਾਲ ਲੋਕਾਂ ਨੂੰ ਸੁੱਕੀ ਠੰਢ ਤੋਂ ਨਿਜਾਤ ਮਿਲਣ ਦੀ ਸੰਭਾਵਨਾ ਬਣੀ ਹੈ ਪਰ ਧੁੰਦ ਅੱਜ ਵੀ ਛਾਈ ਰਹੀ। ਮੌਸਮ ਵਿਭਾਗ ਮੁਤਾਬਕ ਕਿਣਮਿਣ ਨਾਲ ਹਵਾ ਵਿੱਚ ਫੈਲੀ ਗਰਦ ਬੈਠ ਗਈ ਹੈ ਜਿਸ ਨਾਲ ਬਿਮਾਰੀਆਂ ਦਾ ਖਦਸ਼ਾ ਘਟ ਗਿਆ ਹੈ।


ਉਧਰ, ਇਹ ਕਿਣਮਿਣ ਕਣਕ ਦੀ ਫਸਲ ਲਈ ਲਾਹੇਵੰਦ ਦੱਸੀ ਜਾ ਰਹੀ ਹੈ। ਖੇਤੀਬਾੜੀ ਮਹਿਕਮੇ ਦੇ ਅਫਸਰਾਂ ਦਾ ਕਹਿਣਾ ਹੈ ਕਿ ਇਹ ਕਿਣਮਿਣ ਕਣਕ ਲਈ ਖਾਦ ਦਾ ਕੰਮ ਕਰੇਗੀ। ਉਨ੍ਹਾਂ ਮੁਤਾਬਕ ਇਸ ਨਾਲ ਕਿਸਾਨਾਂ ਨੂੰ ਵੱਡੀ ਰਾਹਤ ਮਿਲੇਗੀ। ਇਸ ਦੇ ਨਾਲ ਹੀ ਕਿਣਮਿਣ ਨਾਲ ਲੋਕਾਂ ਨੂੰ ਸਾਹ ਲੈਣ ਵਿੱਚ ਵੀ ਸੌਖ ਮਹਿਸੂਸ ਹੋ ਰਹੀ ਹੈ। 


ਮੌਸਮ ਵਿਭਾਗ ਅਨੁਮਾਨ ਅਨੁਸਾਰ ਅਗਲੇ ਦੋ-ਤਿੰਨ ਦਿਨਾਂ ਤੱਕ ਮੀਂਹ ਪੈਣ ਦੀ ਸੰਭਾਵਨਾ ਨਾਲ ਕਿਸਾਨਾਂ ਦੀਆਂ ਚਿੰਤਾਵਾਂ ਦੂਰ ਹੋ ਜਾਣਗੀਆਂ। ਪਿਛਲੇ ਕਈ ਦਿਨਾਂ ਤੋਂ ਪੈ ਰਹੀ ਕੜਾਕੇ ਦੀ ਠੰਢ ਨੇ ਜਨ-ਜੀਵਨ ਨੂੰ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਕੀਤਾ ਸੀ।


 


ਕਈ ਇਲਾਕਿਆਂ 'ਚ ਘੱਟੋ-ਘੱਟ ਤਾਪਮਾਨ 10 ਡਿਗਰੀ ਸੈਲਸੀਅਸ ਤੋਂ ਹੇਠਾਂ 


ਪੰਜਾਬ ਤੇ ਹਰਿਆਣਾ ਵਿੱਚ ਕੜਾਕੇ ਦੀ ਠੰਡ ਜਾਰੀ ਹੈ। ਵੀਰਵਾਰ ਨੂੰ ਦੋਵਾਂ ਰਾਜਾਂ ਦੇ ਕਈ ਇਲਾਕਿਆਂ 'ਚ ਘੱਟੋ-ਘੱਟ ਤਾਪਮਾਨ 10 ਡਿਗਰੀ ਸੈਲਸੀਅਸ ਤੋਂ ਹੇਠਾਂ ਦਰਜ ਕੀਤਾ ਗਿਆ। ਧੁੰਦ ਨੇ ਦੋਹਾਂ ਰਾਜਾਂ ਦੇ ਕਈ ਹਿੱਸਿਆਂ ਨੂੰ ਵੀ ਘੇਰ ਲਿਆ, ਜਿਸ ਨਾਲ ਸਵੇਰ ਦੇ ਸਮੇਂ ਵਿਜ਼ੀਬਿਲਟੀ ਘਟ ਗਈ। ਮੌਸਮ ਵਿਭਾਗ ਮੁਤਾਬਕ ਹਰਿਆਣਾ ਦਾ ਹਿਸਾਰ ਸਭ ਤੋਂ ਠੰਢਾ ਸਥਾਨ ਰਿਹਾ, ਜਿੱਥੇ ਘੱਟੋ-ਘੱਟ ਤਾਪਮਾਨ 4.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਜਦਕਿ ਪੰਜਾਬ ਦੇ ਰੂਪਨਗਰ ਵਿੱਚ 4.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।


ਹਰਿਆਣਾ ਵਿੱਚ ਕਰਨਾਲ ਵਿੱਚ 6.2 ਡਿਗਰੀ ਸੈਲਸੀਅਸ, ਨਾਰਨੌਲ ਵਿੱਚ 6.4 ਡਿਗਰੀ ਸੈਲਸੀਅਸ, ਅੰਬਾਲਾ ਵਿੱਚ 8.6 ਡਿਗਰੀ ਸੈਲਸੀਅਸ, ਸਿਰਸਾ ਵਿੱਚ 8.2 ਡਿਗਰੀ ਸੈਲਸੀਅਸ ਅਤੇ ਰੋਹਤਕ ਵਿੱਚ 8.4 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਪੰਜਾਬ 'ਚ ਅੰਮ੍ਰਿਤਸਰ 'ਚ ਘੱਟੋ-ਘੱਟ ਤਾਪਮਾਨ 7.8 ਡਿਗਰੀ ਸੈਲਸੀਅਸ, ਲੁਧਿਆਣਾ 'ਚ 8.4 ਡਿਗਰੀ, ਪਟਿਆਲਾ 'ਚ 8.1 ਡਿਗਰੀ ਸੈਲਸੀਅਸ, ਬਠਿੰਡਾ 'ਚ 6 ਡਿਗਰੀ ਸੈਲਸੀਅਸ ਅਤੇ ਮੋਹਾਲੀ 'ਚ 8.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਚੰਡੀਗੜ੍ਹ ਵਿੱਚ ਘੱਟੋ-ਘੱਟ ਤਾਪਮਾਨ 8.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।