Punjab Weather Report: ਪੰਜਾਬ ਤੇ ਹਰਿਆਣਾ ਵਿੱਚ ਅੱਜ ਤੇ ਕੱਲ੍ਹ ਮੌਸਮ ਵਿਗੜੇਗਾ। ਮੌਸਮ ਵਿਭਾਗ ਨੇ 29 ਤੇ 30 ਜਨਵਰੀ ਨੂੰ ਦੋਹਾਂ ਸੂਬਿਆਂ ਵਿੱਚ ਠੰਢੀਆਂ ਹਵਾਵਾਂ ਚੱਲਣ ਤੇ ਹਲਕਾ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਗਈ ਹੈ। ਮੌਸਮ ਵਿਗਿਆਨੀਆਂ ਅਨੁਸਾਰ ਅਗਲੇ 48 ਘੰਟੇ ਮੀਂਹ ਪੈਣ ਦੇ ਆਸਾਰ ਹਨ। ਇਸ ਦੇ ਬਾਵਜੂਦ ਘੱਟ ਤੋਂ ਘੱਟ ਤਾਪਮਾਨ ਵਿੱਚ 4 ਤੋਂ 6 ਡਿਗਰੀ ਸੈਲਸੀਅਸ ਦਾ ਵਾਧਾ ਹੋਣ ਦੀ ਸੰਭਾਵਨਾ ਹੈ। ਉਸ ਤੋਂ ਬਾਅਦ ਅਗਲੇ 24 ਘੰਟੇ ਤਾਪਮਾਨ ਵਿੱਚ ਕੋਈ ਬਦਲਾਅ ਨਹੀਂ ਹੋਵੇਗਾ। ਇਸ ਉਪਰੰਤ ਮੁੜ ਠੰਢ ਵਧ ਸਕਦੀ ਹੈ ਕਿਉਂਕਿ ਘੱਟੋ-ਘੱਟ ਤਾਪਮਾਨ ਵਿੱਚ 2 ਤੋਂ 4 ਡਿਗਰੀ ਸੈਲਸੀਅਸ ਗਿਰਾਵਟ ਦਰਜ ਕੀਤੀ ਜਾ ਸਕਦੀ ਹੈ।
ਦੱਸ ਦਈਏ ਕਿ ਪੰਜਾਬ ਤੇ ਹਰਿਆਣਾ ਵਿੱਚ ਰਾਤ ਸਮੇਂ ਠੰਢ ਦਾ ਦੌਰ ਜਾਰੀ ਹੈ ਤੇ ਦਿਨ ਵੇਲੇ ਧੁੱਪ ਚੜ੍ਹਨ ਕਾਰਨ ਲੋਕਾਂ ਨੇ ਠੰਢ ਤੋਂ ਮਾਮੂਲੀ ਰਾਹਤ ਮਿਲਦੀ ਹੈ। ਮੌਸਮ ਵਿਭਾਗ ਅਨੁਸਾਰ ਸ਼ਨਿਚਰਵਾਰ ਨੂੰ ਪੰਜਾਬ ਵਿੱਚ ਬਠਿੰਡਾ ਤੇ ਹਰਿਆਣਾ ਵਿੱਚ ਮਹਿੰਦਰਗੜ੍ਹ ਸਭ ਤੋਂ ਠੰਢੇ ਸ਼ਹਿਰ ਰਹੇ। ਬਠਿੰਡਾ ਵਿੱਚ ਘੱਟੋ-ਘੱਟ ਤਾਪਮਾਨ 1.2 ਡਿਗਰੀ ਸੈਲਸੀਅਸ ਤੇ ਮਹਿੰਦਰਗੜ੍ਹ ਵਿੱਚ ਤਾਪਮਾਨ 0.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
29 ਤੇ 30 ਨੂੰ ਮੀਂਹ ਪੈਣ ਦੀ ਸੰਭਾਵਨਾ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮੌਸਮ ਵਿਭਾਗ ਦੇ ਵਿਗਿਆਨੀ ਡਾ. ਰਾਜ ਕੁਮਾਰ ਪਾਲ ਮੁਤਾਬਕ ਬੀਤੇ ਦੋ ਦਿਨ ਮੌਸਮ ਸਾਫ਼ ਰਹਿਣ ਮਗਰੋਂ 29 ਤੇ 30 ਜਨਵਰੀ ਨੂੰ ਮੀਂਹ ਪੈਣ ਦੀ ਸੰਭਾਵਨਾ ਹੈ। ਉਸ ਤੋਂ ਬਾਅਦ ਫਰਵਰੀ ਦੇ ਆਰੰਭ ਵਿੱਚ ਮੌਸਮ ਖੁਸ਼ਕ ਰਹਿਣ ਦੀ ਉਮੀਦ ਹੈ। ਇਸੇ ਦੌਰਾਨ ਬਠਿੰਡਾ ਸਥਿਤ ਖੇਤਰੀ ਖੋਜ ਕੇਂਦਰ ਦੇ ਵਿਗਿਆਨੀ ਡਾ. ਜੀਐਸ ਰੋਮਾਣਾ ਨੇ ਦੱਸਿਆ ਕਿ ਕਿਸਾਨਾਂ ਨੂੰ ਫ਼ਸਲਾਂ ਦੀ ਸੰਭਾਲ ਲਈ ਪਾਣੀ ਦੇਣਾ ਚਾਹੀਦਾ ਹੈ ਤੇ ਯੂਰੀਆ ਖਾਦ ਦੀ ਰਹਿੰਦੀ ਖੁਰਾਕ ਖੇਤਾਂ ਵਿੱਚ ਪਾਉਣੀ ਚਾਹੀਦੀ ਹੈ ਤਾਂ ਜੋ ਹਾੜੀ ਦੀਆਂ ਫ਼ਸਲਾਂ ਵੱਧ-ਫੁੱਲ ਸਕਣ।
ਪੰਜਾਬ ਵਿੱਚ ਘੱਟੋ-ਘੱਟ ਤਾਪਮਾਨ
ਮੌਸਮ ਵਿਭਾਗ ਅਨੁਸਾਰ ਸ਼ਨੀਵਾਰ ਨੂੰ ਰਾਜਧਾਨੀ ਚੰਡੀਗੜ੍ਹ ਵਿੱਚ ਘੱਟੋ-ਘੱਟ ਤਾਪਮਾਨ 7 ਡਿਗਰੀ ਸੈਲਸੀਅਸ, ਅੰਮ੍ਰਿਤਸਰ ’ਚ 3.3 ਡਿਗਰੀ, ਲੁਧਿਆਣਾ ਵਿੱਚ 8 ਡਿਗਰੀ, ਪਟਿਆਲਾ ਵਿੱਚ 5.6 ਡਿਗਰੀ, ਪਠਾਨਕੋਟ ਵਿੱਚ 5.8 ਡਿਗਰੀ, ਫਰੀਦਕੋਟ ਵਿੱਚ 2.6 ਡਿਗਰੀ, ਗੁਰਦਾਸਪੁਰ ਵਿੱਚ 5.2 ਡਿਗਰੀ, ਨਵਾਂ ਸ਼ਹਿਰ ਵਿੱਚ 7.1 ਡਿਗਰੀ, ਬਰਨਾਲਾ ਵਿੱਚ 3.7 ਡਿਗਰੀ, ਫਤਹਿਗੜ੍ਹ ਸਾਹਿਬ ਵਿੱਚ 7 ਡਿਗਰੀ, ਫਿਰੋਜ਼ਪੁਰ ਵਿੱਚ 2.7 ਡਿਗਰੀ, ਮੋਗਾ ਵਿੱਚ 2.2 ਡਿਗਰੀ ਤੇ ਮੁਕਤਸਰ ਵਿੱਚ 1.9 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ।
ਹਰਿਆਣਾ ਵਿੱਚ ਘੱਟੋ ਘੱਟ ਤਾਪਮਾਨ
ਇਸੇ ਤਰ੍ਹਾਂ ਹਰਿਆਣਾ ਦੇ ਅੰਬਾਲਾ ਸ਼ਹਿਰ ਵਿੱਚ ਘੱਟੋ-ਘੱਟ ਤਾਪਮਾਨ 8 ਡਿਗਰੀ ਸੈਲਸੀਅਸ, ਹਿਸਾਰ ਵਿੱਚ 3.1 ਡਿਗਰੀ, ਕਰਨਾਲ ਵਿੱਚ 4.2 ਡਿਗਰੀ, ਸੋਨੀਪਤ ਵਿੱਚ 2.9 ਡਿਗਰੀ, ਹਿਸਾਰ ਵਿੱਚ 1.1 ਡਿਗਰੀ, ਫਤਿਆਬਾਦ ਵਿੱਚ 2.8 ਡਿਗਰੀ, ਸਿਰਸਾ ਵਿੱਚ 2.2 ਡਿਗਰੀ, ਰੋਹਤਕ ਵਿੱਚ 4.6 ਡਿਗਰੀ ਤੇ ਮੇਵਾਤ ਵਿੱਚ 4.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।