ਪੰਜਾਬ ਦੇ ਕਈ ਹਿੱਸਿਆਂ ਵਿੱਚ ਅੱਜਕੱਲ ਮੀਂਹ ਪੈ ਰਿਹਾ ਹੈ। ਅੱਜ ਅਤੇ ਅਗਲੇ ਦੋ ਦਿਨ ਕੁਝ ਥਾਵਾਂ ‘ਤੇ ਤੇਜ਼ ਮੀਂਹ ਹੋਣ ਦੀ ਸੰਭਾਵਨਾ ਹੈ। ਚੰਡੀਗੜ੍ਹ ਮੌਸਮ ਵਿਭਾਗ ਨੇ 15 ਅਗਸਤ ਤੱਕ ਯੈਲੋ ਅਲਰਟ ਜਾਰੀ ਕੀਤਾ ਹੈ। ਪਿਛਲੇ 24 ਘੰਟਿਆਂ ਵਿੱਚ ਔਸਤ ਵੱਧ ਤੋਂ ਵੱਧ ਤਾਪਮਾਨ 0.6 ਡਿਗਰੀ ਘਟਿਆ ਹੈ, ਜੋ ਹੁਣ ਸਧਾਰਣ ਤੋਂ 3.5 ਡਿਗਰੀ ਘੱਟ ਹੈ।

ਬਠਿੰਡਾ ਵਿੱਚ ਸਭ ਤੋਂ ਵੱਧ 36.3 ਡਿਗਰੀ ਤਾਪਮਾਨ ਦਰਜ ਹੋਇਆ, ਜਦਕਿ ਪਟਿਆਲਾ ਵਿੱਚ 8.4 ਮਿ.ਮੀ. ਮੀਂਹ ਪਿਆ। ਇਸ ਦਰਮਿਆਨ, ਪੌਂਗ ਡੈਮ ਤੋਂ ਪਾਣੀ ਛੱਡੇ ਜਾਣ ਤੋਂ ਬਾਅਦ ਬਿਆਸ ਦਰਿਆ ਦਾ ਪਾਣੀ ਵੱਧ ਗਿਆ ਹੈ, ਜਿਸ ਨਾਲ ਹੁਸ਼ਿਆਰਪੁਰ, ਫਿਰੋਜ਼ਪੁਰ ਅਤੇ ਕਪੂਰਥਲਾ ਵਿੱਚ ਹੜ੍ਹ ਵਰਗੇ ਹਾਲਾਤ ਬਣ ਗਏ ਹਨ।

ਜੀਰਾ ਖੇਤਰ ਵਿੱਚ ਹਰੀਕੇ ਹੈੱਡ ਵਰਕਸ ਤੋਂ ਛੱਡੇ ਗਏ ਪਾਣੀ ਕਾਰਨ 7 ਪਿੰਡਾਂ ਦੀ ਲਗਭਗ 600 ਏਕੜ ਜ਼ਮੀਨ ਪਾਣੀ ਵਿੱਚ ਡੁੱਬ ਗਈ ਹੈ। ਇਨ੍ਹਾਂ ਪਿੰਡਾਂ ਵਿੱਚ ਨਿਜ਼ਾਮ ਵਾਲਾ, ਸੁਲਤਾਨਾ ਵਾਲਾ, ਚਮੜੀਆਂ ਵਾਲੀ, ਬਸਤੀ ਰਾਮ ਲਾਲ, ਬਸਤੀ ਖਾਨ, ਲਡੂ ਅਤੇ ਮੁਠਿਠਿਆਂ ਸ਼ਾਮਲ ਹਨ। ਇਸ ਦੇ ਨਾਲ ਹੀ, ਹੁਸੈਨੀਵਾਲਾ ਵਿੱਚ ਵੀ ਪਾਣੀ ਭਰਨ ਦੀ ਸਥਿਤੀ ਬਣ ਗਈ ਹੈ। ਪਹਾੜੀ ਇਲਾਕਿਆਂ ਵਿੱਚ ਹੋ ਰਹੀ ਭਾਰੀ ਬਾਰਿਸ਼ ਅਤੇ ਬਿਆਸ-ਸਤਲੁਜ ਦਰਿਆਵਾਂ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਹਰੀਕੇ ਹੈੱਡ ਵਰਕਸ ਤੋਂ 20,000 ਤੋਂ 52,000 ਕਿਊਸਿਕ ਪਾਣੀ ਡਾਊਨਸਟ੍ਰੀਮ ਵੱਲ ਛੱਡਿਆ ਜਾ ਰਿਹਾ ਹੈ, ਜਿਸ ਨੇ ਨੀਵੇਂ ਇਲਾਕਿਆਂ ਵਿੱਚ ਹੜ੍ਹ ਵਰਗੇ ਹਾਲਾਤ ਪੈਦਾ ਕਰ ਦਿੱਤੇ ਹਨ। ਕਿਸਾਨਾਂ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਬਿਨਾਂ ਪਹਿਲਾਂ ਸੂਚਨਾ ਦਿੱਤੇ ਪਾਣੀ ਛੱਡਣ ਨਾਲ ਉਨ੍ਹਾਂ ਦੀਆਂ ਫਸਲਾਂ ਨੂੰ ਭਾਰੀ ਨੁਕਸਾਨ ਹੋਇਆ ਹੈ, ਅਤੇ ਉਨ੍ਹਾਂ ਵੱਲੋਂ ਬਣਾਏ ਅਸਥਾਈ ਬੰਨ੍ਹ ਵੀ ਟੁੱਟ ਗਏ ਹਨ। ਕਿਸਾਨਾਂ ਨੇ ਡਰੇਨੇਜ ਵਿਭਾਗ 'ਤੇ ਅਣਗਹਿਲੀ ਦੇ ਦੋਸ਼ ਲਾਏ ਅਤੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ।

6 ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਦੀ ਚੇਤਾਵਨੀ

ਮੌਸਮ ਵਿਭਾਗ ਦੇ ਮੁਤਾਬਕ, ਅੱਜ ਹਿਮਾਚਲ ਨਾਲ ਲੱਗਦੇ ਛੇ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਦੀ ਸੰਭਾਵਨਾ ਹੈ। ਇਨ੍ਹਾਂ ਜ਼ਿਲ੍ਹਿਆਂ ਵਿੱਚ ਗੁਰਦਾਸਪੁਰ, ਹੁਸ਼ਿਆਰਪੁਰ, ਨਵਾਂਸ਼ਹਿਰ, ਰੂਪਨਗਰ, ਮੋਹਾਲੀ ਅਤੇ ਫਤਿਹਗੜ੍ਹ ਸਾਹਿਬ ਸ਼ਾਮਲ ਹਨ। ਇਨ੍ਹਾਂ ਜ਼ਿਲ੍ਹਿਆਂ ਦੇ 75 ਤੋਂ 100 ਫੀਸਦੀ ਖੇਤਰ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ।

ਜਦਕਿ ਹੋਰ 6 ਜ਼ਿਲ੍ਹਿਆਂ ਵਿੱਚ ਕੁਝ ਥਾਵਾਂ ‘ਤੇ 25 ਤੋਂ 50 ਫੀਸਦੀ ਖੇਤਰ ਵਿੱਚ ਮੀਂਹ ਹੋਵੇਗਾ। ਇਨ੍ਹਾਂ ਵਿੱਚ ਅੰਮ੍ਰਿਤਸਰ, ਕਪੂਰਥਲਾ, ਜਲੰਧਰ, ਲੁਧਿਆਣਾ, ਸੰਗਰੂਰ ਅਤੇ ਪਟਿਆਲਾ ਸ਼ਾਮਲ ਹਨ। ਇਸ ਤੋਂ ਇਲਾਵਾ ਫਿਰੋਜ਼ਪੁਰ, ਮੋਗਾ, ਫ਼ਾਜ਼ਿਲਕਾ, ਮੁਕਤਸਰ, ਫ਼ਰੀਦਕੋਟ, ਬਠਿੰਡਾ, ਬਰਨਾਲਾ, ਸੰਗਰੂਰ ਅਤੇ ਮਾਨਸਾ ਵਿੱਚ ਵੀ ਕੁਝ ਥਾਵਾਂ ‘ਤੇ ਮੀਂਹ ਪੈਣ ਦੀ ਸੰਭਾਵਨਾ ਹੈ, ਜਿੱਥੇ ਲਗਭਗ 25 ਫੀਸਦੀ ਖੇਤਰ ਵਿੱਚ ਮੀਂਹ ਹੋ ਸਕਦਾ ਹੈ।

ਆਉਣ ਵਾਲੇ ਦੋ ਦਿਨ ਅਜਿਹਾ ਰਹੇਗਾ ਮੌਸਮ

14 ਅਗਸਤ ਨੂੰ ਗੁਰਦਾਸਪੁਰ, ਹੁਸ਼ਿਆਰਪੁਰ, ਨਵਾਂਸ਼ਹਿਰ, ਰੂਪਨਗਰ, ਫਤਿਹਗੜ੍ਹ ਸਾਹਿਬ ਅਤੇ ਮੋਹਾਲੀ ਵਿੱਚ ਜ਼ਿਆਦਾਤਰ ਥਾਵਾਂ ‘ਤੇ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਜਦਕਿ ਅੰਮ੍ਰਿਤਸਰ, ਕਪੂਰਥਲਾ, ਜਲੰਧਰ, ਲੁਧਿਆਣਾ, ਸੰਗਰੂਰ ਅਤੇ ਪਟਿਆਲਾ ਵਿੱਚ ਕਈ ਥਾਵਾਂ ‘ਤੇ ਮੀਂਹ ਹੋਣ ਦਾ ਅਨੁਮਾਨ ਹੈ। ਬਾਕੀ ਬਚੇ ਨੌਂ ਜ਼ਿਲ੍ਹਿਆਂ ਵਿੱਚ ਕੁਝ ਥਾਵਾਂ ‘ਤੇ ਮੀਂਹ ਪੈਣ ਦੀ ਸੰਭਾਵਨਾ ਹੈ।

15 ਅਗਸਤ ਨੂੰ ਗੁਰਦਾਸਪੁਰ, ਹੋਸ਼ਿਆਰਪੁਰ, ਰੂਪਨਗਰ ਅਤੇ ਮੋਹਾਲੀ ਵਿੱਚ ਕਈ ਥਾਵਾਂ ‘ਤੇ ਹਲਕੀ ਤੋਂ ਦਰਮਿਆਨੀ ਮੀਂਹ ਪੈਣ ਦੀ ਸੰਭਾਵਨਾ ਹੈ। ਜਦਕਿ ਅੰਮ੍ਰਿਤਸਰ, ਕਪੂਰਥਲਾ, ਜਲੰਧਰ, ਨਵਾਂਸ਼ਹਿਰ, ਲੁਧਿਆਣਾ, ਪਟਿਆਲਾ ਅਤੇ ਫਤਿਹਗੜ੍ਹ ਸਾਹਿਬ ਵਿੱਚ ਕੁਝ ਥਾਵਾਂ ‘ਤੇ ਮੀਂਹ ਹੋਵੇਗਾ। ਬਾਕੀ ਜ਼ਿਲ੍ਹਿਆਂ ਵਿੱਚ ਲਗਭਗ 25 ਫੀਸਦੀ ਖੇਤਰ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ।