Punjab News:  ਅਪ੍ਰੈਲ ਦੇ ਅੰਤ ਤੱਕ, ਪੱਛਮੀ ਗੜਬੜੀ ਦੀ ਦਸਤਕ ਨੇ ਇੱਕ ਵਾਰ ਫਿਰ ਮੌਸਮ ਵਿੱਚ ਤਬਦੀਲੀ ਲਿਆਂਦੀ ਹੈ। ਜਿਸ ਕਰਕੇ ਪਿਛਲੇ ਕੁਝ ਦਿਨਾਂ ਤੋ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਜਾ ਰਹੀ ਸੀ ਪਰ ਸ਼ੁੱਕਰਵਾਰ ਨੂੰ ਦਿਨ ਸਮੇਂ ਤਪਿਸ਼ ਰਹੀ । ਪਰ ਸ਼ਾਮ ਹੁੰਦੇ-ਹੁੰਦੇ ਮੌਸਮ ਨੇ ਆਪਣਾ ਰੰਗ ਬਦਲਿਆ ਤੇ ਲੋਕਾਂ ਦੇ ਚਿਹਰੇ ਖਿੜ ਉਠੇ। ਤੇਜ਼ ਹਵਾਵਾਂ ਚੱਲਣੀਆਂ ਸ਼ੁਰੂ ਹੋ ਗਈਆਂ ਅਤੇ ਹਲਕੀ ਬੂੰਦਾ-ਬਾਂਦੀ ਤੋਂ ਬਾਅਦ ਮੀਂਹ ਦੇ ਤੇਜ਼ ਛਰਾਟਿਆਂ ਨੇ ਮੌਮਸ ਵਿੱਚ ਠੰਡਕ ਲੈ ਆਂਦੀ। ਸ਼ਾਨੀਵਾਰ ਨੂੰ ਮੌਸਮ ਕਾਫੀ ਸੁਹਾਵਣਾ ਰਿਹਾ। ਜਿਸ ਕਰਕੇ ਸ਼ਾਮ ਸਮੇਂ ਪੰਜਾਬ ਦੇ ਕਈ ਜ਼ਿਲ੍ਹਿਆਂ ਦਾ ਮੌਸਮ ਮੀਂਹ ਪੈਣ ਕਾਰਨ ਠੰਡਾ ਹੋ ਗਿਆ। ਤੇਜ਼ ਹਨ੍ਹੇਰੀ ਕਾਰਨ ਰਾਹਗੀਰਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਵੀ ਕਰਨਾ ਪਿਆ। ਤੇਜ਼ ਹਵਾਵਾਂ ਦੇ ਚਲਣ ਕਾਰਨ ਕਈ ਜਗ੍ਹਾਂ ’ਤੇ ਸਟਰੀਟ ਲਾਈਟਾਂ ਵਾਲੇ ਖੰਬੇ ਡਿੱਗਣ ਕਾਰਨ ਵਾਹਨ ਤੇ ਰੇਹੜੀਆਂ ਨੁਕਸਾਨੀਆਂ ਗਈਆਂ। ਮੌਸਮ ਵਿਭਾਗ ਚੰਡੀਗੜ੍ਹ ਤੋਂ ਮਿਲੀ ਜਾਣਕਾਰੀ ਮੁਤਾਬਿਕ ਅਗਲੇ ਤਿੰਨ ਦਿਨ ਪੰਜਾਬ ਭਰ ਵਿੱਚ ਤੇਜ਼ ਹਵਾਵਾਂ ਅਤੇ ਹਲਕੇ ਤੋਂ ਦਰਮਿਆਨਾ ਮੀਂਹ ਪੈਣ ਦੀ ਸੰਭਾਵਨਾ ਹੈ।


ਕਈ ਜ਼ਿਲ੍ਹਿਆਂ ਵਿੱਚ ਹਲਕਾ ਮੀਂਹ ਪਿਆ


ਐਤਵਾਰ ਸਵੇਰ ਤੋਂ ਕਈ ਜ਼ਿਲ੍ਹਿਆਂ ਵਿੱਚ ਹਲਕਾ ਮੀਂਹ ਪਿਆ, ਜਿਸ ਕਰਕੇ ਮੌਸਮ ਵਿੱਚ ਕਾਫੀ ਠੰਡ ਮਹਿਸੂਸ ਹੋਈ। ਕੱਲ ਦੇ ਮੁਕਾਬਲੇ ਅੱਜ ਤਾਪਮਾਨ ਵਿਚ 1.4 ਡਿਗਰੀ ਸੈਲਸੀਅਸ ਦੀ ਕਮੀ ਆਈ ਹੈ। ਸੂਬੇ ਵਿਚ ਸਭ ਤੋਂ ਵੱਧ ਤਾਪਮਾਨ ਹੁਸ਼ਿਆਰਪੁਰ ਦਾ 362 ਡਿਗਰੀ ਸੈਲਸੀਅਸ ਰਿਹਾ, ਜਦ ਕਿ ਸਭ ਤੋਂ ਘੱਟ ਤਾਪਮਾਨ ਗੁਰਦਾਸਪੁਰ ਦਾ 17.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਮੌਸਮ ਵਿਭਾਗ ਅਨੁਸਾਰ 30 ਅਪ੍ਰੈਲ ਨੂੰ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ, ਮੱਧ ਪ੍ਰਦੇਸ਼, ਰਾਜਸਥਾਨ ਵਿਚ ਵੱਖ-ਵੱਖ ਥਾਵਾਂ ’ਤੇ ਮੀਂਹ, ਬਿਜਲੀ ਡਿੱਗਣ ਦੇ ਨਾਲ-ਨਾਲ ਤੂਫਾਨ ਆਉਣ ਦੀ ਸੰਭਾਵਨਾ ਵੀ ਹੈ।


ਪੰਜਾਬ ਵਿਚ ਯੈਲੋ ਅਲਰਟ ਜਾਰੀ


ਪੰਜਾਬ 'ਚ ਪਹਿਲਾਂ 30 ਅਪ੍ਰੈਲ ਤੱਕ ਅਲਰਟ ਜਾਰੀ ਕੀਤਾ ਗਿਆ ਸੀ ਪਰ ਹੁਣ ਮੌਸਮ ਵਿਭਾਗ ਨੇ ਵੈਸਟਰਨ ਡਿਸਟਰਬੈਂਸ ਦੇ ਪ੍ਰਭਾਵ ਨੂੰ ਦੇਖਦੇ ਹੋਏ 1 ਮਈ ਤੱਕ ਯੈਲੋ ਅਲਰਟ ਜਾਰੀ ਕਰ ਦਿੱਤਾ ਹੈ। ਇਸ ਦੌਰਾਨ ਰਾਜ ਦੇ ਕਈ ਜ਼ਿਲ੍ਹਿਆਂ ਵਿੱਚ ਗਰਜ ਅਤੇ ਬਿਜਲੀ ਦੇ ਨਾਲ-ਨਾਲ ਹਵਾਵਾਂ ਚੱਲਣਗੀਆਂ ਅਤੇ ਹਲਕੀ ਬਾਰਿਸ਼ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਜਿਸ ਕਾਰਨ ਤਾਪਮਾਨ ਵਿੱਚ 5 ਡਿਗਰੀ ਤੱਕ ਦੀ ਗਿਰਾਵਟ ਦਰਜ ਕੀਤੀ ਜਾ ਸਕਦੀ ਹੈ।