Punjab Weather Update News: ਨਵੀਂ ਵੈਸਟਰਨ ਡਿਸਟਰਬੈਂਸ ਦੇ ਪ੍ਰਭਾਵ ਕਾਰਨ ਪੰਜਾਬ ਵਿੱਚ ਮੌਸਮ ਵਿੱਚ ਤਬਦੀਲੀ ਆਉਣ ਵਾਲੀ ਹੈ। ਮੌਸਮ ਵਿਭਾਗ ਮੁਤਾਬਕ ਬੁੱਧਵਾਰ ਅਤੇ ਵੀਰਵਾਰ ਨੂੰ ਪੰਜਾਬ 'ਚ ਕੁੱਝ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਸ ਕਾਰਨ ਰਾਤ ਦੇ ਤਾਪਮਾਨ ਵਿੱਚ ਦੋ ਤੋਂ ਤਿੰਨ ਡਿਗਰੀ ਸੈਲਸੀਅਸ ਅਤੇ ਦਿਨ ਦੇ ਤਾਪਮਾਨ ਵਿੱਚ ਇੱਕ ਤੋਂ ਦੋ ਡਿਗਰੀ ਸੈਲਸੀਅਸ ਦੀ ਗਿਰਾਵਟ ਆ ਸਕਦੀ ਹੈ। ਇਸ ਦੇ ਨਾਲ ਹੀ ਧੁੰਦ ਦਾ ਕਹਿਰ ਵੀ ਵਧੇਗਾ। ਵੀਰਵਾਰ ਤੋਂ ਬਾਅਦ ਅਗਲੇ ਚਾਰ ਦਿਨਾਂ ਭਾਵ 1 ਦਸੰਬਰ ਤੋਂ 4 ਦਸੰਬਰ ਤੱਕ ਮੌਸਮ ਖੁਸ਼ਕ ਰਹੇਗਾ।


ਚੰਡੀਗੜ੍ਹ 'ਚ ਮੰਗਲਵਾਰ ਨੂੰ ਹਲਕੀ ਬਾਰਿਸ਼ ਹੋਈ ਪਰ ਪੰਜਾਬ 'ਚ ਕਿਤੇ ਵੀ ਮੀਂਹ ਨਹੀਂ ਪਿਆ। ਪਰ, ਸੂਰਜ ਦੇਵਤਾ ਦਿਨ ਭਰ ਲੁਕਣਮੀਟੀ ਖੇਡਦੇ ਨਜ਼ਰ ਆ ਰਹੇ ਸੀ। ਦਿਨ ਦੇ ਤਾਪਮਾਨ 'ਚ 3.6 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ ਜਦਕਿ ਘੱਟੋ-ਘੱਟ ਤਾਪਮਾਨ 'ਚ 0.4 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ। ਪਠਾਨਕੋਟ ਵਿੱਚ ਸਭ ਤੋਂ ਘੱਟ ਤਾਪਮਾਨ 11.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਦੇ ਨਾਲ ਹੀ ਅੰਮ੍ਰਿਤਸਰ ਦਾ ਘੱਟੋ-ਘੱਟ ਤਾਪਮਾਨ 12.8, ਲੁਧਿਆਣਾ ਦਾ 11.7, ਪਟਿਆਲਾ ਦਾ 13.2, ਬਠਿੰਡਾ ਦਾ 14.0, ਫਰੀਦਕੋਟ ਦਾ 14.0, ਜਲੰਧਰ ਦਾ 11.4, ਮੋਗਾ ਦਾ 13.4 ਅਤੇ ਰੋਪੜ ਦਾ 13.0 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।


ਮਾਹਿਰਾਂ ਦੀ ਸਲਾਹ - ਖਾਦਾਂ ਤੇ ਕੀਟਨਾਸ਼ਕਾਂ ਦੀ ਨਾ ਕਰੋ ਵਰਤੋਂ 


ਮੌਸਮ ਵਿਭਾਗ ਨੇ ਬਰਸਾਤ ਦੇ ਮੌਸਮ ਦੇ ਮੱਦੇਨਜ਼ਰ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਮਾਹਿਰਾਂ ਨੇ ਕਿਸਾਨਾਂ ਨੂੰ ਫ਼ਸਲਾਂ ਨੂੰ ਖੁੱਲ੍ਹੇ ਵਿੱਚ ਨਾ ਰੱਖਣ ਅਤੇ ਫ਼ਸਲਾਂ ਵਿੱਚ ਖਾਦਾਂ ਅਤੇ ਕੀਟਨਾਸ਼ਕਾਂ ਦੀ ਵਰਤੋਂ ਨਾ ਕਰਨ ਦੀ ਸਲਾਹ ਦਿੱਤੀ ਹੈ। ਇਸ ਦੇ ਨਾਲ ਹੀ ਲੋਕਾਂ ਨੂੰ ਬਾਰਿਸ਼ ਦੌਰਾਨ ਸਾਵਧਾਨੀ ਨਾਲ ਵਾਹਨ ਚਲਾਉਣ ਅਤੇ ਦਰਖਤਾਂ ਦੇ ਹੇਠਾਂ ਸ਼ਰਨ ਨਾ ਲੈਣ ਜਾਂ ਪਾਣੀ ਦੇ ਨੇੜੇ ਨਾ ਜਾਣ ਲਈ ਵੀ ਕਿਹਾ ਗਿਆ ਹੈ।


ਧੁੰਦ ਕਾਰਨ ਫ਼ਿਰੋਜ਼ਪੁਰ ਡਵੀਜ਼ਨ ਦੀਆਂ 11 ਟਰੇਨਾਂ ਰਹਿਣਗੀਆਂ ਰੱਦ 


ਰੇਲਵੇ 'ਤੇ ਹੌਲੀ-ਹੌਲੀ ਧੂੰਆਂ ਪੈਣ ਲੱਗਾ ਹੈ। ਇਸੇ ਲਈ ਰੇਲਵੇ ਪ੍ਰਸ਼ਾਸਨ ਨੇ ਦਸੰਬਰ 2023 ਤੋਂ 29 ਫਰਵਰੀ 2024 ਤੱਕ ਉੱਤਰੀ ਰੇਲਵੇ ਦੀਆਂ 55 ਟਰੇਨਾਂ ਨੂੰ ਰੱਦ ਕਰਨ ਦਾ ਐਲਾਨ ਕੀਤਾ ਹੈ। ਇਨ੍ਹਾਂ ਵਿੱਚ ਫ਼ਿਰੋਜ਼ਪੁਰ ਡਵੀਜ਼ਨ ਦੀਆਂ 11 ਗੱਡੀਆਂ ਸ਼ਾਮਲ ਹਨ। ਰੇਲਵੇ ਅਧਿਕਾਰੀਆਂ ਮੁਤਾਬਕ ਧੁੰਦ ਕਾਰਨ ਟਰੇਨਾਂ ਆਪਣੇ ਨਿਰਧਾਰਿਤ ਸਟੇਸ਼ਨਾਂ 'ਤੇ ਦੇਰੀ ਨਾਲ ਪੁੱਜਣੀਆਂ ਸ਼ੁਰੂ ਹੋ ਗਈਆਂ ਹਨ। ਯਾਤਰੀਆਂ ਦੀ ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ ਧੁੰਦ 'ਚ ਟਰੇਨਾਂ ਦੀ ਰਫਤਾਰ ਵੀ ਧੀਮੀ ਕੀਤੀ ਜਾਂਦੀ ਹੈ। ਰੇਲਵੇ ਨੇ ਅਜਿਹੀਆਂ ਕਈ ਟਰੇਨਾਂ ਨੂੰ ਰੱਦ ਕਰ ਦਿੱਤਾ ਹੈ ਤਾਂ ਜੋ ਹੋਰ ਮਹੱਤਵਪੂਰਨ ਟਰੇਨਾਂ ਪ੍ਰਭਾਵਿਤ ਨਾ ਹੋਣ। ਇਸੇ ਲਈ ਉੱਤਰੀ ਰੇਲਵੇ ਨੇ ਦਸੰਬਰ 2023 ਤੋਂ 29 ਫਰਵਰੀ 2024 ਤੱਕ 55 ਟਰੇਨਾਂ ਨੂੰ ਰੱਦ ਕਰਨ ਦਾ ਐਲਾਨ ਕੀਤਾ ਹੈ।