Punjab Weather Update: ਪੰਜਾਬ ਤੇ ਹਰਿਆਣਾ ਸਣੇ ਉੱਤਰੀ ਭਾਰਤ ਦਾ ਮੌਸਮ ਸੁਧਰਨ ਲੱਗਾ ਹੈ। ਪਿਛਲੇ ਦੋ ਦਿਨ ਨਿਕਲੀ ਧੁੱਪ ਦਾ ਅਸਰ ਦੇਖਣ ਨੂੰ ਮਿਲਿਆ ਹੈ। ਪੰਜਾਬ ਦਾ ਔਸਤ ਤਾਪਮਾਨ 2.5 ਡਿਗਰੀ, ਹਰਿਆਣਾ ਦਾ 3 ਡਿਗਰੀ ਤੇ ਚੰਡੀਗੜ੍ਹ ਦਾ ਇੱਕ ਡਿਗਰੀ ਵਧਿਆ ਹੈ। ਇਸ ਦੇ ਨਾਲ ਹੀ ਹੁਣ ਪੰਜਾਬ ਤੇ ਹਰਿਆਣਾ 'ਚ ਪੈ ਰਹੀ ਸੁੱਕੀ ਠੰਢ ਤੋਂ ਲੋਕਾਂ ਨੂੰ ਰਾਹਤ ਮਿਲਣ ਦੀ ਉਮੀਦ ਹੈ। 


ਮੌਸਮ ਵਿਭਾਗ ਮੁਤਾਬਕ ਉੱਤਰੀ ਭਾਰਤ ਵਿੱਚ ਦੋ ਮਹੀਨਿਆਂ ਦੇ ਸੋਕੇ ਤੋਂ ਬਾਅਦ ਬਾਰਸ਼ ਦੇ ਆਸਾਰ ਬਣੇ ਹਨ। ਦੋ ਫਰਵਰੀ ਤੋਂ ਪੱਛਮੀ ਗੜਬੜੀ ਉੱਤਰ ਭਾਰਤ ਦੇ ਮੈਦਾਨੀ ਇਲਾਕਿਆਂ ਵਿੱਚ ਵੀ ਸਰਗਰਮ ਹੋ ਰਹੀ ਹੈ। ਇਸ ਲਈ ਮੌਸਮ ਵਿਭਾਗ ਦਾ ਅਨੁਮਾਨ ਹੈ ਕਿ 2 ਫਰਵਰੀ ਤੇ ਉਸ ਤੋਂ ਬਾਅਦ ਪੰਜਾਬ ਤੇ ਹਰਿਆਣਾ 'ਚ ਬਾਰਸ਼ ਹੋ ਸਕਦੀ ਹੈ।



ਇਸ ਦੇ ਨਾਲ ਹੀ ਮੌਸਮ ਵਿਭਾਗ ਮੁਤਾਬਕ ਪੰਜਾਬ ਦੇ 17 ਜ਼ਿਲ੍ਹਿਆਂ ਵਿੱਚ ਧੁੰਦ ਪਈ ਹੈ। ਇਨ੍ਹਾਂ ਜ਼ਿਲ੍ਹਿਆਂ ਵਿੱਚ ਗੁਰਦਾਸਪੁਰ, ਅੰਮ੍ਰਿਤਸਰ, ਤਰਨ ਤਾਰਨ, ਕਪੂਰਥਲਾ, ਜਲੰਧਰ, ਫ਼ਿਰੋਜ਼ਪੁਰ, ਫ਼ਾਜ਼ਿਲਕਾ, ਫ਼ਰੀਦਕੋਟ, ਮੁਕਤਸਰ, ਮੋਗਾ, ਬਠਿੰਡਾ, ਲੁਧਿਆਣਾ, ਬਰਨਾਲਾ, ਮਾਨਸਾ, ਸੰਗਰੂਰ, ਪਟਿਆਲਾ ਤੇ ਮਲੇਰਕੋਟਲਾ ਸ਼ਾਮਲ ਹਨ। ਚੰਡੀਗੜ੍ਹ ਵਿੱਚ ਅੱਜ ਸਵੇਰੇ ਧੁੰਦ ਪਈ ਹੈ।


ਇਸੇ ਤਰ੍ਹਾਂ ਹਰਿਆਣਾ ਦੇ ਅੰਬਾਲਾ, ਯਮੁਨਾਨਗਰ, ਕੁਰੂਕਸ਼ੇਤਰ, ਕੈਥਲ, ਕਰਨਾਲ, ਸਿਰਸਾ, ਫਤਿਹਾਬਾਦ ਤੇ ਜੀਂਦ 'ਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਦੂਜੇ ਪਾਸੇ ਹਿਮਾਚਲ ਵਿੱਚ 31 ਜਨਵਰੀ ਤੱਕ ਮੀਂਹ ਤੇ ਬਰਫ਼ਬਾਰੀ ਦੀ ਸੰਭਾਵਨਾ ਹੈ। ਕਿਨੌਰ, ਲਾਹੌਲ-ਸਪੀਤੀ, ਸ਼ਿਮਲਾ, ਸੋਲਨ, ਸਿਰਮੌਰ, ਮੰਡੀ, ਕੁੱਲੂ ਤੇ ਚੰਬਾ ਦੇ ਕੁਝ ਖੇਤਰਾਂ ਵਿੱਚ ਮੀਂਹ ਤੇ ਬਰਫ਼ਬਾਰੀ ਦੀ ਸੰਭਾਵਨਾ ਹੈ। 27 ਜਨਵਰੀ ਤੋਂ ਸਰਗਰਮ ਹੋਏ ਵੈਸਟਰਨ ਡਿਸਟਰਬੈਂਸ ਕਾਰਨ ਮੌਸਮ 'ਚ ਇਹ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ।



ਅੱਜ ਚੰਡੀਗੜ੍ਹ ਵਿੱਚ ਸਵੇਰੇ ਧੁੰਦ ਪਈ ਹੈ ਪਰ ਦੁਪਹਿਰ ਨੂੰ ਧੁੱਪ ਨਿਕਲੇਗੀ। ਤਾਪਮਾਨ 8 ਤੋਂ 20 ਡਿਗਰੀ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ। ਅੰਮ੍ਰਿਤਸਰ ਵਿੱਚ ਧੁੰਦ ਦਾ ਅਲਰਟ ਜਾਰੀ ਕੀਤਾ ਗਿਆ ਹੈ। ਤਾਪਮਾਨ 7 ਤੋਂ 18 ਡਿਗਰੀ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ। ਜਲੰਧਰ ਵਿੱਚ ਅੱਜ ਧੁੰਦ ਦਾ ਅਲਰਟ ਜਾਰੀ ਕੀਤਾ ਗਿਆ ਹੈ। ਅਸਮਾਨ ਸਾਫ਼ ਰਹੇਗਾ, ਪਰ ਹਲਕੇ ਬੱਦਲਾਂ ਦੀ ਵੀ ਉਮੀਦ ਹੈ। ਤਾਪਮਾਨ 7 ਤੋਂ 17 ਡਿਗਰੀ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ।


ਲੁਧਿਆਣਾ ਵਿੱਚ ਸਵੇਰੇ ਧੁੰਦ ਪੈਣ ਦੀ ਸੰਭਾਵਨਾ ਹੈ। ਦਿਨ ਭਰ ਧੁੱਪ ਰਹੇਗੀ, ਪਰ ਹਲਕੇ ਬੱਦਲ ਹੋ ਸਕਦੇ ਹਨ। ਤਾਪਮਾਨ 7 ਤੋਂ 19 ਡਿਗਰੀ ਦੇ ਵਿਚਕਾਰ ਰਹੇਗਾ। ਮੋਹਾਲੀ ਵਿੱਚ ਜ਼ਿਆਦਾ ਧੁੰਦ ਪੈਣ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਦਿਨ ਵੇਲੇ ਧੁੱਪ ਨਿਕਲਣ ਦੀ ਸੰਭਾਵਨਾ ਹੈ। ਤਾਪਮਾਨ 10 ਤੋਂ 19 ਡਿਗਰੀ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ।