Punjab Weather: ਨਵਾਂ ਸਾਲ ਚੜ੍ਹਦਿਆਂ ਹੀ ਠੰਢ ਤੇ ਧੁੰਦ ਦਾ ਕਹਿਰ ਹੋਰ ਵਧ ਗਿਆ ਹੈ। ਅੱਜ ਪੂਰੀ ਪੰਜਾਬ ਧੁੰਦ ਦੀ ਚਿੱਟੀ ਚਾਦਰ ਵਿੱਚ ਲਿਪਟਿਆ ਦਿਖਾਈ ਦਿੱਤਾ। ਧੁੰਦ ਇੰਨੀ ਸੰਘਣੀ ਹੈ ਕਿ ਕੋਲ ਖੜ੍ਹਾ ਬੰਦਾ ਨਜ਼ਰ ਨਹੀਂ ਆ ਰਿਹਾ। ਉੱਧਰ ਮੌਸਮ ਵਿਭਾਗ ਨੇ ਚੇਤਾਵਨੀ ਜਾਰੀ ਕੀਤੀ ਹੈ ਕਿ ਆਉਣ ਵਾਲੇ 4 ਦਿਨਾਂ ਤੱਕ ਤਾਪਮਾਨ ਵਿੱਚ ਲਗਾਤਾਰ ਗਿਰਾਵਟ ਜਾਰੀ ਰਹੇਗੀ।
ਦੱਸ ਦਈਏ ਕਿ ਮੌਸਮ ਵਿਭਾਗ ਧੁੰਦ ਨੂੰ ਲੈ ਕੇ ਵਾਰ-ਵਾਰ ਚੇਤਾਵਨੀਆਂ ਜਾਰੀ ਕਰ ਰਿਹਾ ਹੈ। ਪੰਜਾਬ ਦਾ ਵੱਡਾ ਹਿੱਸਾ ਅੱਜ ਸਵੇਰੇ 2 ਵਜੇ ਤੋਂ ਹੀ ਧੁੰਦ ਦੀ ਲਪੇਟ 'ਚ ਹੈ। ਮੌਸਮ ਵਿਭਾਗ ਨੇ ਸਵੇਰੇ 7 ਵਜੇ ਸੈਟੇਲਾਈਟ ਚਿੱਤਰ ਜਾਰੀ ਕਰਕੇ ਲੋਕਾਂ ਨੂੰ ਸੀਤ ਲਹਿਰ ਤੇ ਧੁੰਦ ਬਾਰੇ ਸੁਚੇਤ ਕੀਤਾ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਆਉਣ ਵਾਲੇ 4 ਦਿਨਾਂ ਤੱਕ ਤਾਪਮਾਨ ਵਿੱਚ ਲਗਾਤਾਰ ਗਿਰਾਵਟ ਦੀ ਚੇਤਾਵਨੀ ਜਾਰੀ ਕੀਤੀ ਹੈ।
ਮੌਸਮ ਵਿਭਾਗ ਵੱਲੋਂ ਜਾਰੀ ਚੇਤਾਵਨੀ ਅਨੁਸਾਰ ਪੰਜਾਬ ਦਾ ਮਾਝਾ ਤੇ ਦੋਆਬਾ ਧੁੰਦ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੈ। ਧੁੰਦ ਕਾਰਨ ਅੰਮ੍ਰਿਤਸਰ-ਚੰਡੀਗੜ੍ਹ ਤੇ ਅੰਮ੍ਰਿਤਸਰ-ਦਿੱਲੀ ਮਾਰਗ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋ ਰਹੇ ਹਨ। ਪੰਜਾਬ ਸਰਕਾਰ ਨੇ ਵੀ ਮੌਸਮ ਵਿਭਾਗ ਦੀ ਚਿਤਾਵਨੀ ਦੇ ਮੱਦੇਨਜ਼ਰ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਤੇ ਅਧਿਆਪਕਾਂ ਦੀਆਂ ਛੁੱਟੀਆਂ 8 ਜਨਵਰੀ ਤੱਕ ਵਧਾ ਦਿੱਤੀਆਂ ਹਨ।
ਕਾਬਿਲੇਗ਼ੌਰ ਹੈ ਕਿ ਪੂਰੇ ਉੱਤਰ ਭਾਰਤ 'ਚ ਮੌਸਮ ਖਰਾਬ ਚੱਲ ਰਿਹਾ ਹੈ। ਪੰਜਾਬ ਹਰਿਆਣਾ ਦੇ ਨਾਲ ਨਾਲ ਠੰਡ ਨੇ ਦਿੱਲੀ 'ਚ ਵੀ ਹਾਲਤ ਬੁਰੀ ਕੀਤੀ ਹੈ। ਇਸ ਦੇ ਨਾਲ ਨਾਲ ਪੱਛਮੀ ਦੇਸ਼ਾਂ ਵੀ ਹਾਲਾਤ ਕਾਫੀ ਖਰਾਬ ਹਨ। ਅਮਰੀਕਾ 'ਚ ਤੇਜ਼ ਤੂਫਾਨ ਤੇ ਬਰਫਬਾਰੀ ਦਾ ਭਿਆਨਕ ਮੰਜ਼ਰ ਦੇਖਣ ਨੂੰ ਮਿਲ ਰਿਹਾ ਹੈ।
ਅਮਰੀਕਾ ਵਿੱਚ ਕੁਦਰਤ ਦਾ ਕਹਿਰ ਵਰ੍ਹ ਰਿਹਾ ਹੈ। ਨਵੇਂ ਸਾਲ ਦੀ ਸ਼ੁਰੂਆਤ ਤੋਂ ਪਹਿਲਾਂ ਭਿਆਨਕ ਤੂਫਾਨ ਮਗਰੋਂ ਕੈਲੀਫੋਰਨੀਆ ਦੇ ਵਧੇਰੇ ਹਿੱਸਿਆਂ ’ਚ ਭਾਰੀ ਮੀਂਹ ਪਿਆ ਤੇ ਬਰਫਬਾਰੀ ਹੋਈ। ਇਸ ਕਾਰਨ ਆਵਾਜਾਈ ਪ੍ਰਭਾਵਿਤ ਹੋਈ ਤੇ ਕਈ ਰਾਜਮਾਰਗ ਬੰਦ ਹੋ ਗਏ ਜਦਕਿ ਸਿਏਰਾ ਨੇਵਾਦਾ ’ਚ ਦੋ ਫੁੱਟ ਤੱਕ ਬਰਫ ਪੈਣ ਦੀ ਚਿਤਾਵਨੀ ਹੈ।
ਸੈਕਰਾਮੈਂਟੋ ’ਚ ਕੌਮੀ ਮੌਸਮ ਸੇਵਾ ਨੇ ਵਾਹਨ ਚਾਲਕਾਂ ਨੂੰ ਜੋਖ਼ਮ ਭਰੇ ਹਾਲਾਤ ਬਾਰੇ ਚਿਤਾਵਨੀ ਦਿੱਤੀ ਤੇ ਬਰਫ਼ ਨਾਲ ਢਕੇ ਪਹਾੜੀ ਰਾਹਾਂ ’ਤੇ ਟਰੈਫਿਕ ਦੀਆਂ ਤਸਵੀਰਾਂ ਟਵਿੱਟਰ ’ਤੇ ਪੋਸਟ ਕੀਤੀਆਂ ਜਿੱਥੇ ਵਾਹਨਾਂ ਨੂੰ ਜ਼ੰਜੀਰਾਂ ਜਾਂ ਫੋਰਵ੍ਹੀਲ ਡਰਾਈਵ ਦੀ ਜ਼ਰੂਰਤ ਸੀ। ਵਿਭਾਗ ਅਨੁਸਾਰ ਹੜ੍ਹਾਂ ਤੇ ਪਹਾੜ ਖਿਸਕਣ ਕਾਰਨ ਉੱਤਰੀ ਕੈਲੀਫੋਰਨੀਆ ’ਚ ਸੜਕਾਂ ਦੇ ਕੁਝ ਹਿੱਸੇ ਬੰਦ ਹੋ ਗਏ ਹਨ।