Punjab Weather Report: ਪੰਜਾਬ ਵਿੱਚ ਗਰਮੀ ਤੋਂ ਛੁਟਕਾਰਾ ਮਿਲਣ ਜਾ ਰਿਹਾ ਹੈ। ਅਗਲੇ ਦਿਨਾਂ ਵਿੱਚ ਮੌਸਮ ਤੇਜ਼ੀ ਨਾਲ ਬਦਲੇਗਾ। ਮੌਸਮ ਵਿਭਾਗ ਨੇ ਕਿਹਾ ਹੈ ਕਿ ਆਉਣ ਵਾਲੇ ਦਿਨਾਂ 'ਚ ਮੌਸਮ 'ਚ ਬਦਲਾਅ ਦੇਖਣ ਨੂੰ ਮਿਲੇਗਾ। ਅਗਲੇ ਇੱਕ ਹਫ਼ਤੇ ਵਿੱਚ ਦਿਨ ਦੇ ਘੱਟੋ-ਘੱਟ ਤਾਪਮਾਨ ਵਿੱਚ ਦੋ ਡਿਗਰੀ ਤੱਕ ਦੀ ਗਿਰਾਵਟ ਦੇਖਣ ਨੂੰ ਮਿਲੇਗੀ, ਜਦੋਂਕਿ ਦਿਨ ਦੇ ਵੱਧ ਤੋਂ ਵੱਧ ਤਾਪਮਾਨ ਵਿੱਚ ਕੋਈ ਬਹੁਤੀ ਤਬਦੀਲੀ ਨਹੀਂ ਹੋਵੇਗੀ।


ਮੌਸਮ ਵਿਭਾਗ ਮੁਤਾਬਕ ਮੰਗਲਵਾਰ ਤੇ ਬੁੱਧਵਾਰ ਨੂੰ ਹਿਮਾਚਲ ਪ੍ਰਦੇਸ਼ ਦੇ ਨਾਲ ਲੱਗਦੇ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਹੁਣ ਪੰਜਾਬ ਦੇ ਮੌਸਮ 'ਚ ਬਦਲਾਅ ਦੇਖਣ ਨੂੰ ਮਿਲੇਗਾ। ਆਉਣ ਵਾਲੇ ਇੱਕ ਹਫ਼ਤੇ ਵਿੱਚ ਦਿਨ ਦੇ ਘੱਟੋ-ਘੱਟ ਤਾਪਮਾਨ ਵਿੱਚ ਦੋ ਡਿਗਰੀ ਦੀ ਗਿਰਾਵਟ ਆਵੇਗੀ। ਯਾਨੀ 15 ਸਤੰਬਰ ਤੱਕ ਰਾਤ ਦੇ ਤਾਪਮਾਨ ਵਿੱਚ ਬਦਲਾਅ ਹੋਵੇਗਾ। ਇਸ ਦੇ ਨਾਲ ਹੀ ਇੱਕ ਹਫ਼ਤੇ ਵਿੱਚ ਦਿਨ ਦੇ ਤਾਪਮਾਨ ਵਿੱਚ ਜ਼ਿਆਦਾ ਬਦਲਾਅ ਨਹੀਂ ਹੋਵੇਗਾ ਪਰ 15 ਸਤੰਬਰ ਤੋਂ ਬਾਅਦ ਦਿਨ ਦੇ ਤਾਪਮਾਨ 'ਚ ਵੀ ਬਦਲਾਅ ਹੋਵੇਗਾ।


ਇਸ ਵਾਰ 17 ਐਮਐਮ ਘੱਟ ਮੀਂਹ ਦਰਜ 
ਮੌਸਮ ਵਿਭਾਗ ਅਨੁਸਾਰ ਸੂਬੇ ਵਿੱਚ ਇਸ ਸਾਲ 1 ਜੂਨ ਤੋਂ 31 ਅਗਸਤ ਤੱਕ 17 ਐਮਐਮ ਘੱਟ ਮੀਂਹ ਦਰਜ ਕੀਤਾ ਗਿਆ ਹੈ। ਆਮ ਤੌਰ 'ਤੇ ਇਨ੍ਹਾਂ ਦਿਨਾਂ ਦੌਰਾਨ 370.6 ਐਮਐਮ ਬਰਸਾਤ ਹੁੰਦੀ ਹੈ ਪਰ ਇਸ ਸਾਲ 353 ਐਮਐਮ ਬਰਸਾਤ ਹੋਈ। ਇਸ ਲਈ ਮਾਨਸੂਨ ਨੂੰ ਆਮ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ। ਇਸ ਵਾਰ ਅਗਸਤ ਮਹੀਨੇ ਵਿੱਚ 66 ਫੀਸਦੀ ਘੱਟ ਮੀਂਹ ਦਰਜ ਕੀਤਾ ਗਿਆ। ਭਾਵੇਂ ਅਗਸਤ ਮਹੀਨੇ ਵਿੱਚ ਪੰਜਾਬ ਹੜ੍ਹਾਂ ਦੀ ਲਪੇਟ ਵਿੱਚ ਸੀ ਪਰ ਇਸ ਵਾਰ ਪੰਜਾਬ ਵਿੱਚ ਸਿਰਫ਼ 55.4 ਐਮਐਮ ਮੀਂਹ ਹੀ ਦਰਜ ਕੀਤਾ ਗਿਆ। ਅਗਸਤ ਮਹੀਨੇ ਵਿੱਚ ਆਮ ਵਰਖਾ 162.4 ਐਮਐਮ ਹੋਣੀ ਚਾਹੀਦੀ ਸੀ।


ਜੂਨ ਤੇ ਜੁਲਾਈ ਵਿੱਚ ਬਾਰਸ਼ ਆਮ ਨਾਲੋਂ ਵੱਧ ਰਹੀ ਹੈ। ਜੂਨ ਮਹੀਨੇ ਵਿੱਚ 21 ਫੀਸਦੀ ਜ਼ਿਆਦਾ ਮੀਂਹ ਦਰਜ ਕੀਤਾ ਗਿਆ। ਇਸ ਦੇ ਨਾਲ ਹੀ ਦੋ ਦਹਾਕਿਆਂ ਦਾ ਰਿਕਾਰਡ ਤੋੜਦੇ ਹੋਏ ਜੁਲਾਈ 'ਚ 44 ਫੀਸਦੀ ਜ਼ਿਆਦਾ ਬਾਰਸ਼ ਦਰਜ ਕੀਤੀ ਗਈ। ਜੂਨ ਮਹੀਨੇ ਵਿੱਚ 65.9 ਐਮਐਮ ਬਾਰਸ਼ ਦਰਜ ਕੀਤੀ ਗਈ, ਜਦੋਂਕਿ ਜੁਲਾਈ ਵਿੱਚ 231.8 ਐਮਐਮ ਬਾਰਸ਼ ਦਰਜ ਕੀਤੀ ਗਈ। ਜੁਲਾਈ ਮਹੀਨੇ ਵਿੱਚ ਪਿਛਲੇ ਦੋ ਦਹਾਕਿਆਂ ਵਿੱਚ ਸਭ ਤੋਂ ਵੱਧ ਮੀਂਹ ਦਰਜ ਕੀਤਾ ਗਿਆ। ਸੂਬੇ ਦੇ ਇੱਕ ਦਰਜਨ ਜ਼ਿਲ੍ਹਿਆਂ ਵਿੱਚ 100 ਫੀਸਦੀ ਤੋਂ ਵੱਧ ਮੀਂਹ ਪਿਆ। ਭਾਰਤੀ ਮੌਸਮ ਵਿਭਾਗ (IMD) ਚੰਡੀਗੜ੍ਹ ਕੇਂਦਰ ਦੇ ਵੇਰਵਿਆਂ ਅਨੁਸਾਰ, ਜੁਲਾਈ ਵਿੱਚ ਆਮ ਤੌਰ 'ਤੇ 161.4 MM ਬਾਰਸ਼ ਹੁੰਦੀ ਹੈ।