Punjab Weather: ਪੰਜਾਬ ਦੇ ਕਈ ਜ਼ਿਲਿਆਂ 'ਚ ਸੋਮਵਾਰ ਨੂੰ ਤਾਪਮਾਨ 'ਚ ਅਚਾਨਕ ਗਿਰਾਵਟ ਆਉਣ ਨਾਲ ਠੰਡ ਵਧ ਗਈ ਹੈ। ਹਲਕੀ ਬਾਰਿਸ਼ ਤੋਂ ਬਾਅਦ ਸੂਬੇ 'ਚ ਸੀਤ ਲਹਿਰ ਮਹਿਸੂਸ ਕੀਤੀ ਜਾ ਰਹੀ ਹੈ। ਖਾਸ ਤੌਰ 'ਤੇ ਰਾਤ ਦੇ ਸਮੇਂ ਠੰਡ ਵੱਧ ਰਹੀ ਹੈ। ਹਾਲਾਂਕਿ ਹਵਾ 'ਚ ਪ੍ਰਦੂਸ਼ਣ ਤੋਂ ਅਜੇ ਤੱਕ ਕੋਈ ਰਾਹਤ ਨਹੀਂ ਮਿਲੀ ਹੈ। ਚੰਡੀਗੜ੍ਹ ਤੋਂ ਇਲਾਵਾ ਲੁਧਿਆਣਾ, ਜਲੰਧਰ ਅਤੇ ਪਟਿਆਲਾ ਵਰਗੇ ਸ਼ਹਿਰਾਂ ਵਿੱਚ ਧੂੰਏਂ ਅਤੇ ਧੁੰਦ ਦੀ ਇੱਕ ਪਰਤ ਦੇਖੀ ਜਾ ਸਕਦੀ ਹੈ।


 


ਜਾਣਕਾਰੀ ਮੁਤਾਬਕ ਸੋਮਵਾਰ ਨੂੰ ਪੂਰੇ ਪੰਜਾਬ 'ਚ ਬੱਦਲ ਛਾਏ ਰਹੇ। ਸ਼ਾਮ ਨੂੰ ਜ਼ਿਆਦਾਤਰ ਇਲਾਕਿਆਂ 'ਚ ਹੋਈ ਬਾਰਿਸ਼ ਕਾਰਨ ਤਾਪਮਾਨ 'ਚ ਅਚਾਨਕ ਗਿਰਾਵਟ ਆਈ ਹੈ। ਜਿੱਥੇ ਐਤਵਾਰ ਨੂੰ ਕਈ ਸ਼ਹਿਰਾਂ ਵਿੱਚ ਵੱਧ ਤੋਂ ਵੱਧ ਤਾਪਮਾਨ 27 ਡਿਗਰੀ ਸੈਲਸੀਅਸ ਤੱਕ ਸੀ, ਉਹ ਸੋਮਵਾਰ ਨੂੰ 24 ਡਿਗਰੀ ਸੈਲਸੀਅਸ ਤੱਕ ਡਿੱਗ ਗਿਆ। ਰਾਤ ਸਮੇਂ ਪਾਰਾ 16 ਡਿਗਰੀ ਤੱਕ ਪਹੁੰਚ ਗਿਆ, ਜਿਸ ਕਾਰਨ ਹੁਣ ਪੂਰੇ ਸੂਬੇ 'ਚ ਸੀਤ ਲਹਿਰ ਮਹਿਸੂਸ ਕੀਤੀ ਜਾ ਰਹੀ ਹੈ।



ਮੌਸਮ ਵਿਭਾਗ ਅਨੁਸਾਰ ਮੰਗਲਵਾਰ ਨੂੰ ਭਾਵੇਂ ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਹੈ, ਪਰ ਵੱਧ ਤੋਂ ਵੱਧ ਤਾਪਮਾਨ 25 ਡਿਗਰੀ ਦੇ ਆਸ-ਪਾਸ ਰਹੇਗਾ, ਜਦਕਿ ਆਉਣ ਵਾਲੇ ਹਫ਼ਤੇ ਬੱਦਲ ਛਾਏ ਰਹਿਣ ਅਤੇ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੌਰਾਨ ਤਾਪਮਾਨ 24 ਡਿਗਰੀ ਦੇ ਆਸ-ਪਾਸ ਰਹਿਣ ਦੀ ਸੰਭਾਵਨਾ ਹੈ।
ਧਿਆਨ ਯੋਗ ਹੈ ਕਿ ਇਨ੍ਹੀਂ ਦਿਨੀਂ ਪਰਾਲੀ ਦਾ ਸੀਜ਼ਨ ਚੱਲ ਰਿਹਾ ਹੈ। ਕਿਸਾਨ ਆਉਣ ਵਾਲੀ ਫ਼ਸਲ ਦੀ ਤਿਆਰੀ ਲਈ ਕਈ ਇਲਾਕਿਆਂ ਵਿੱਚ ਪਰਾਲੀ ਨੂੰ ਅੱਗ ਲਗਾ ਰਹੇ ਹਨ, ਜਿਸ ਕਾਰਨ ਪੰਜਾਬ ਅਤੇ ਆਸ-ਪਾਸ ਦੇ ਰਾਜਾਂ ਵਿੱਚ ਹਵਾ ਪ੍ਰਦੂਸ਼ਣ ਵਧਣਾ ਸ਼ੁਰੂ ਹੋ ਗਿਆ ਹੈ। ਸੋਮਵਾਰ ਨੂੰ ਵੀ ਪੰਜਾਬ ਵਿੱਚ ਹਵਾ ਦੀ ਗੁਣਵੱਤਾ ਬਹੁਤ ਖ਼ਰਾਬ ਰਹੀ। ਸੋਮਵਾਰ ਨੂੰ ਅੰਮ੍ਰਿਤਸਰ ਦਾ AQI 102, ਚੰਡੀਗੜ੍ਹ ਦਾ 124, ਲੁਧਿਆਣਾ ਦਾ 209 ਸੀ।


ਪਹਾੜਾਂ 'ਤੇ ਬਰਫਬਾਰੀ
ਪਹਾੜਾਂ 'ਤੇ ਹੋਈ ਬਰਫਬਾਰੀ ਦਾ ਅਸਰ ਟ੍ਰਾਈਸਿਟੀ 'ਤੇ ਵੀ ਦੇਖਣ ਨੂੰ ਮਿਲਿਆ। ਸੋਮਵਾਰ ਨੂੰ ਸਾਰਾ ਦਿਨ ਬੱਦਲ ਛਾਏ ਰਹੇ ਅਤੇ ਦੁਪਹਿਰ ਬਾਅਦ ਰੁਕ-ਰੁਕ ਕੇ ਮੀਂਹ ਪਿਆ। ਠੰਡੀਆਂ ਹਵਾਵਾਂ ਵੀ ਚੱਲੀਆਂ, ਜਿਸ ਨਾਲ ਠੰਡ ਹੋਰ ਵਧ ਗਈ। ਲੋਕਾਂ ਨੇ ਗਰਮ ਕੱਪੜੇ ਕੱਢ ਲਏ। ਲੋਕਾਂ ਦੀ ਜ਼ੁਬਾਨ 'ਤੇ ਇਕ ਹੀ ਗੱਲ ਸੀ ਕਿ ਸਰਦੀ ਆ ਗਈ ਹੈ। 


ਸੋਮਵਾਰ ਨੂੰ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 23.9 ਡਿਗਰੀ ਸੈਲਸੀਅਸ ਸੀ, ਜੋ ਸੀਜ਼ਨ ਦਾ ਸਭ ਤੋਂ ਘੱਟ ਤਾਪਮਾਨ ਸੀ। ਘੱਟੋ-ਘੱਟ ਤਾਪਮਾਨ 15.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਦਿਨਾਂ 'ਚ ਘੱਟੋ-ਘੱਟ ਤਾਪਮਾਨ 'ਚ ਕਮੀ ਆਵੇਗੀ ਅਤੇ ਅਗਲੇ ਇਕ ਹਫਤੇ 'ਚ ਘੱਟੋ-ਘੱਟ ਤਾਪਮਾਨ 10 ਡਿਗਰੀ ਤੋਂ ਹੇਠਾਂ ਪਹੁੰਚ ਜਾਵੇਗਾ।